ਜ਼ੀਰੋ ਬਿਜਲੀ ਬਿੱਲ ਤੋਂ ਲੈ ਕੇ ਬਿਹਤਰ ਸਿਹਤ ਤੇ ਸਿੱਖਿਆ ਤੱਕ, ਭਗਵੰਤ ਮਾਨ ਸਰਕਾਰ ਅਧੀਨ ਹਰੇਕ ਪਰਿਵਾਰ ਨੂੰ ਸਾਲਾਨਾ ₹1.82 ਲੱਖ ਦੇ ਲਾਭ ਦਾ ‘ਆਪ’ ਵਿਧਾਇਕਾਂ ਨੇ ਦਿੱਤਾ ਵੇਰਵਾ
ਚੰਡੀਗੜ੍ਹ 22 ਸਤੰਬਰ
ਆਮ ਆਦਮੀ ਪਾਰਟੀ (ਆਪ) ਵੱਲੋਂ ਸ਼ੁਰੂ ਕੀਤੀ ਗਈ 'ਮਾਨ ਦੇ ਮੁਨਾਫ਼ੇ' ਮੁਹਿੰਮ ਤਹਿਤ 'ਆਪ' ਵਿਧਾਇਕਾਂ ਨੇ ਮੰਗਲਵਾਰ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ।
ਇਸ ਮੁਹਿੰਮ ਦੌਰਾਨ 'ਆਪ' ਵਿਧਾਇਕਾਂ ਅਤੇ ਆਗੂਆਂ ਨੇ ਆਮ ਜਨਤਾ ਨਾਲ਼ ਸਿੱਧਾ ਸੰਪਰਕ ਬਣਾਇਆ ਅਤੇ ਮਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਪ੍ਰਮੁੱਖ ਸੁਵਿਧਾਵਾਂ ਜਿਵੇਂ ਕਿ ਜੀਰੋ ਬਿਜਲੀ ਬਿਲ, ਆਮ ਆਦਮੀ ਕਲੀਨਿਕ, ਬਿਹਤਰ ਸਿੱਖਿਆ ਅਤੇ ਹੋਰ ਲੋਕ-ਪੱਖੀ ਸਕੀਮਾਂ ਬਾਰੇ ਜਾਗਰੂਕ ਕੀਤਾ। ਵਿਧਾਇਕਾਂ ਨੇ ਅੰਕੜਿਆਂ ਦੇ ਹਵਾਲੇ ਨਾਲ਼ ਦੱਸਿਆ ਕਿ ਇਹ ਸਹੂਲਤਾਂ ਹਰ ਪਰਿਵਾਰ ਦੇ ਮਹੀਨਾਵਾਰ ਖਰਚੇ ਵਿੱਚ ਕਿੰਨੀ ਵੱਡੀ ਬਚਤ ਲਿਆ ਰਹੀਆਂ ਹਨ ਅਤੇ ਇਸ ਨਾਲ਼ ਆਮ ਲੋਕਾਂ ਦੇ ਆਰਥਿਕ ਪੱਧਰ ਵਿੱਚ ਕਿਵੇਂ ਸੁਧਾਰ ਹੋ ਰਿਹਾ ਹੈ।
ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦਾ ਉਤਸ਼ਾਹ ਨਾਲ਼ ਸਵਾਗਤ ਕੀਤਾ। ਲੋਕਾਂ ਨੇ ਸਰਕਾਰੀ ਸਕੀਮਾਂ ਤੋਂ ਮਿਲ ਰਹੇ ਲਾਭ 'ਤੇ ਖੁਸ਼ੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਲੋਕਾਂ ਅਨੁਸਾਰ, ਮਾਨ ਸਰਕਾਰ ਦੀਆਂ ਇਹ ਪਹਿਲਕਦਮੀਆਂ ਉਨ੍ਹਾਂ ਦੇ ਘਰੇਲੂ ਬਜਟ ਨੂੰ ਰਾਹਤ ਦੇਣ ਵਿੱਚ ਬਹੁਤ ਮਦਦਗਾਰ ਸਾਬਤ ਹੋ ਰਹੀਆਂ ਹਨ।
ਵਿਧਾਇਕ ਲਖਬੀਰ ਸਿੰਘ ਰਾਏ ਨੇ ਪਿੰਡ ਨਲੀਨਾ ਖੁਰਦ ਵਿਖੇ, ਵਿਧਾਇਕ ਹਾਕਮ ਸਿੰਘ ਨੇ ਰਾਏਕੋਟ, ਹਲਕਾ ਸੁਜਾਨਪੁਰ ਇੰਚਾਰਜ ਸਵਰਨ ਸਲਾਰੀਆ ਨੇ ਪਿੰਡ ਗੋਸਾਏਪੁਰ ਅਤੇ 'ਆਪ' ਵਲੰਟੀਅਰਾਂ ਨੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੀ ਅਗਵਾਈ ‘ਚ ਜਲੰਧਰ ਕੈਂਟ ਵਿਖੇ ਜਨ ਸੰਪਰਕ ਮੁਹਿੰਮ ਤਹਿਤ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਮਾਨ ਸਰਕਾਰ ਦੇ ਕੰਮਾਂ ਨਾਲ਼ ਪੰਜਾਬ 'ਚ ਆਏ ਬਦਲਾਅ ਅਤੇ ਉਨ੍ਹਾਂ ਨੂੰ ਹੋਣ ਵਾਲ਼ੇ ਆਰਥਿਕ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ।
ਵਿਧਾਇਕ ਦਲਜੀਤ ਗਰੇਵਾਲ ਨੇ ਲੁਧਿਆਣਾ ਈਸਟ, ਵਿਧਾਇਕ ਵਿਜੇ ਸਿੰਗਲਾ ਨੇ ਮਾਨਸਾ, ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਅੰਮ੍ਰਿਤਸਰ ਵੈਸਟ ਅਤੇ ਵਿਧਾਇਕ ਡਿੰਪੀ ਢਿੱਲੋਂ ਨੇ ਗਿੱਦੜਬਾਹਾ ਵਿਖੇ ਘਰ-ਘਰ ਜਾ ਕੇ ਲੋਕਾਂ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਾਨ ਸਰਕਾਰ ਦੀਆਂ ਯੋਜਨਾਵਾਂ ਦੇ ਹੁੰਦੇ ਆਰਥਿਕ ਫ਼ਾਇਦਿਆਂ ਬਾਰੇ ਜਾਣੂ ਕਰਵਾਇਆ।
ਵਿਧਾਇਕ ਬਲਕਾਰ ਸਿੱਧੂ ਨੇ ਹਲਕਾ ਰਾਮਪੁਰਾ ਫੂਲ ਵਿਖੇ ਡੋਰ-ਟੂ-ਡੋਰ ਜਨ ਸੰਪਰਕ ਮੁਹਿੰਮ ਤਹਿਤ, ਘਰ-ਘਰ ਪਹੁੰਚ ਕੇ ਇਲਾਕਾ ਵਾਸੀਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਪਿਛਲੇ 4 ਸਾਲਾਂ ਦੌਰਾਨ ਮਾਨ ਸਰਕਾਰ ਵੱਲੋਂ, ਲੋਕ ਹਿੱਤ ਵਿੱਚ ਕੀਤੇ ਕੰਮਾਂ ਅਤੇ ਮੁਫ਼ਤ ਬਿਜਲੀ, ਸਿਹਤ, ਸਿੱਖਿਆ ਵਰਗੇ ਖੇਤਰਾਂ 'ਚ ਦਿੱਤੀਆਂ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਨਿਹਾਲ ਸਿੰਘ ਵਾਲਾ, ਵਿਧਾਇਕ ਦਲਬੀਰ ਸਿੰਘ ਟੌਂਗ ਨੇ ਬਾਬਾ ਬਕਾਲਾ, ਵਿਧਾਇਕ ਸਰਵਣ ਸਿੰਘ ਧੁੰਨ ਨੇ ਖੇਮਕਰਨ, ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਖਡੂਰ ਸਾਹਿਬ, ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਦੇ ਪਿੰਡ ਗੁਰੱਡੀ ਅਤੇ ਵਿਧਾਇਕ ਕੁਲਵੰਤ ਸਿੰਘ ਨੇ ਮੁਹਾਲੀ ਅਤੇ ਜੀਵਨਜੋਤ ਕੌਰ ਨੇ ਅਮ੍ਰਿਤਸਰ ਈਸਟ ਵਿੱਚ ਜੋਰ-ਸ਼ੋਰ ਨਾਲ਼ ਪ੍ਰਚਾਰ ਕਰਦਿਆਂ ਲੋਕਾਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕੀਤਾ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਤੋਂ ਆਮ ਆਦਮੀ ਪਾਰਟੀ (ਆਪ) ਦੀ ਘਰ-ਘਰ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕੰਮਾਂ ਦਾ ਰਿਪੋਰਟ ਕਾਰਡ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਮਾਨ ਦਾ ਮੁਨਾਫ਼ਾ’ ਨੂੰ ਚੋਣ ਮੁਹਿੰਮ ਦੇ ਕੇਂਦਰ ਵਿੱਚ ਰੱਖਦਿਆਂ ਸਰਕਾਰ ਦੇ ਕੰਮਾਂ ਨਾਲ ਲੋਕਾਂ ਨੂੰ ਹੋ ਰਹੇ ਸਿੱਧੇ ਵਿੱਤੀ ਲਾਭਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮੁਫ਼ਤ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਮੇਤ ਵੱਖ-ਵੱਖ ਪਹਿਲਕਦਮੀਆਂ ਰਾਹੀਂ ਅੱਜ ਹਰ ਪਰਿਵਾਰ ਨੂੰ ਸਾਲਾਨਾ 1.82 ਲੱਖ ਰੁਪਏ ਦਾ ਲਾਭ ਮਿਲ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਿੱਚ ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਬਜ਼ੁਰਗਾਂ, ਮਹਿਲਾਵਾਂ, ਨੌਜਵਾਨਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਲੋਕਾਂ ਦੇ ਵਿਚਾਰ ਸੁਣੇ, ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਵੱਖ-ਵੱਖ ਯੋਜਨਾਵਾਂ ਤੇ ਪਹਿਲਕਦਮੀਆਂ ਆਮ ਪਰਿਵਾਰਾਂ ਨੂੰ ਕਿਵੇਂ ਸਿੱਧਾ ਲਾਭ ਪਹੁੰਚਾ ਰਹੀਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਂਫਲੇਟ ਜਾਰੀ ਕਰਦਿਆਂ ਲੋਕਾਂ ਨੂੰ ਦੱਸਿਆ:
ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਨੂੰ ਭੁੱਲ ਕੇ ਵੀ ਵੋਟ ਨਾ ਦਿਓ। ਇਨ੍ਹਾਂ ਨੂੰ ਵੋਟ ਪਾਉਣਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਜੇਕਰ ਇਹ ਪਾਰਟੀਆਂ ਸੱਤਾ ਵਿੱਚ ਆਉਂਦੀਆਂ ਹਨ:
ਇਹ ਤੁਹਾਡੀ ਮੁਫ਼ਤ ਬਿਜਲੀ ਬੰਦ ਕਰ ਦੇਣਗੇ। ਤੁਹਾਨੂੰ ਦੁਬਾਰਾ ਹਜ਼ਾਰਾਂ ਰੁਪਏ ਦੇ ਬਿੱਲ ਭਰਨੇ ਪੈਣਗੇ।
ਅਕਾਲੀ ਅਤੇ ਭਾਜਪਾ ਸਰਕਾਰ ਦੇ ਮੰਤਰੀ ਨਸ਼ੇ ਵੇਚਦੇ ਹੁੰਦੇ ਸਨ। ਜੇਕਰ ਉਹ ਵਾਪਸ ਆ ਗਏ ਤਾਂ ਪੰਜਾਬ ਵਿੱਚ ਫਿਰ ਤੋਂ ਸ਼ਰੇਆਮ ਨਸ਼ੇ ਵਿਕਣਗੇ।
ਇਹ ਸਾਰੇ ਆਮ ਆਦਮੀ ਕਲੀਨਿਕ ਬੰਦ ਕਰ ਦੇਣਗੇ।
ਇਹ ਸਾਡੀਆਂ ਮਾਵਾਂ ਅਤੇ ਭੈਣਾਂ ਦੇ ਖਾਤੇ ਬੰਦ ਕਰ ਦੇਣਗੇ ਜਿਨ੍ਹਾਂ ਵਿੱਚ ਹਰ ਤਿੰਨ ਮਹੀਨਿਆਂ ਬਾਅਦ ₹3,000 ਜਾਂ ₹4,500 ਆ ਰਹੇ ਹਨ।
ਆਪ ਸਰਕਾਰ ਖੇਤਾਂ ਤੱਕ ਨਹਿਰੀ ਪਾਣੀ ਲੈ ਕੇ ਆਈ। ਇਹ ਪਾਰਟੀਆਂ ਉਹ ਨਹਿਰੀ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਵੇਚ ਦੇਣਗੀਆਂ।
ਆਪ ਸਰਕਾਰ ਨੇ ਖੇਤੀਬਾੜੀ ਲਈ ਦਿਨ ਵੇਲੇ ਬਿਜਲੀ ਦੇਣੀ ਸ਼ੁਰੂ ਕੀਤੀ ਸੀ। ਜੇਕਰ ਤੁਸੀਂ ਉਨ੍ਹਾਂ ਨੂੰ ਵੋਟ ਦਿੱਤੀ ਤਾਂ ਤੁਹਾਨੂੰ ਬਿਜਲੀ ਦੀ ਉਡੀਕ ਵਿੱਚ ਫਿਰ ਤੋਂ ਸਾਰੀ ਰਾਤ ਜਾਗਣਾ ਪਵੇਗਾ।
ਇਹ ਉਹ ਕਾਰਡ ਬੰਦ ਕਰ ਦੇਣਗੇ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ₹10 ਲੱਖ ਤੱਕ ਦਾ ਮੁਫ਼ਤ ਇਲਾਜ ਦਿੰਦਾ ਹੈ।
ਇਹ 'ਤੀਰਥ ਯਾਤਰਾ' ਅਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਬੰਦ ਕਰ ਦੇਣਗੇ।
ਭਗਵੰਤ ਮਾਨ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕੀਤੀ। ਇਹ ਪਾਰਟੀਆਂ ਸਾਰੇ ਸਕੂਲਾਂ ਨੂੰ ਫਿਰ ਤੋਂ ਤਬਾਹ ਕਰ ਦੇਣਗੀਆਂ।
ਜੇਕਰ ਇਹ ਪਾਰਟੀਆਂ ਸੱਤਾ ਵਿੱਚ ਆਉਂਦੀਆਂ ਹਨ, ਤਾਂ ਤੁਹਾਨੂੰ ਸਰਕਾਰੀ ਨੌਕਰੀਆਂ ਲਈ ਫਿਰ ਤੋਂ ਰਿਸ਼ਵਤ ਦੇਣੀ ਪਵੇਗੀ। ਭਗਵੰਤ ਮਾਨ ਨੇ ਵੱਡੀ ਮੁਸ਼ਕਿਲ ਨਾਲ ਸਰਕਾਰੀ ਨੌਕਰੀਆਂ ਲਈ ਰਿਸ਼ਵਤਖੋਰੀ ਖ਼ਤਮ ਕੀਤੀ ਹੈ।
ਹਰ ਪਾਰਟੀ ਦੇ ਮੁੱਖ ਮੰਤਰੀਆਂ 'ਤੇ ਭ੍ਰਿਸ਼ਟਾਚਾਰ ਦੇ ਕਈ ਦੋਸ਼ ਲੱਗੇ ਹਨ, ਪਰ ਸੀਐਮ ਭਗਵੰਤ ਮਾਨ 'ਤੇ ਇੱਕ ਵੀ ਦੋਸ਼ ਨਹੀਂ ਲੱਗਾ। ਭਗਵੰਤ ਮਾਨ ਕੱਟੜ ਇਮਾਨਦਾਰ ਹਨ। ਇਸ ਵਾਰ ਪਾਰਟੀ ਵੱਲ ਨਾ ਦੇਖੋ, ਆਪਣੇ ਪਰਿਵਾਰ ਵੱਲ ਦੇਖੋ। ਭਗਵੰਤ ਮਾਨ ਨੂੰ ਵੋਟ ਦਿਓ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਓ। 'ਫਿਰ ਇਕ ਵਾਰ, ਭਗਵੰਤ ਮਾਨ ਦੀ ਇਮਾਨਦਾਰ ਸਰਕਾਰ'।
ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗਠਜੋੜ ਹੋ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਗਠਜੋੜ ਇਨ੍ਹਾਂ ਸ਼ਰਤਾਂ 'ਤੇ ਹੋਇਆ ਹੈ: ਭਾਜਪਾ ਸੰਸਦ 'ਚ ਤਿੰਨ "ਕਾਲੇ" ਖੇਤੀ ਕਾਨੂੰਨ ਦੁਬਾਰਾ ਲਿਆਵੇਗੀ ਅਤੇ ਇਸ ਵਾਰ ਅਕਾਲੀ ਦਲ ਉਨ੍ਹਾਂ ਦਾ ਸਮਰਥਨ ਕਰੇਗਾ। ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦਿੱਤਾ ਜਾਵੇਗਾ। ਭਾਜਪਾ ਦੀ ਕੇਂਦਰ ਸਰਕਾਰ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਵੇਗੀ।
ਇਨ੍ਹਾਂ ਪਾਰਟੀਆਂ ਨੇ 75 ਸਾਲਾਂ ਵਿੱਚ ਕੀ ਕੀਤਾ? ਉਨ੍ਹਾਂ ਨੇ ਪੰਜਾਬ ਨੂੰ ਦਹਿਸ਼ਤਗਰਦੀ, ਨਸ਼ੇ, ਸੁੱਕੇ ਖੇਤ, ਗਰੀਬੀ, ਬੇਰੋਜ਼ਗਾਰੀ, ਟੁੱਟੇ ਸਕੂਲ ਅਤੇ ਮੰਦੇਹਾਲ ਹਸਪਤਾਲ ਦਿੱਤੇ। ਇਨ੍ਹਾਂ ਦੇ ਆਗੂਆਂ ਨੇ ਆਪਣੇ ਬੱਚਿਆਂ ਨੂੰ ਲੰਡਨ ਅਤੇ ਕੈਨੇਡਾ ਵਿੱਚ ਪੜ੍ਹਾਇਆ ਜਦੋਂ ਕਿ ਤੁਹਾਡੇ ਬੱਚਿਆਂ ਨੂੰ ਟੁੱਟੇ-ਭੱਜੇ ਸਕੂਲਾਂ ਵਿੱਚ ਭੇਜਿਆ। ਉਨ੍ਹਾਂ ਨੇ ਆਪਣਾ ਇਲਾਜ ਅਮਰੀਕਾ ਵਿੱਚ ਕਰਵਾਇਆ ਜਦੋਂ ਕਿ ਤੁਹਾਡੇ ਹਸਪਤਾਲਾਂ ਵਿੱਚ ਦਵਾਈਆਂ ਅਤੇ ਡਾਕਟਰਾਂ ਦੀ ਘਾਟ ਸੀ। ਰੇਤ, ਸ਼ਰਾਬ, ਕੇਬਲ ਅਤੇ ਟਰਾਂਸਪੋਰਟ ਸਮੇਤ ਹਰ ਕਾਰੋਬਾਰ 'ਤੇ ਉਨ੍ਹਾਂ ਦਾ ਪੂਰਾ ਏਕਾਧਿਕਾਰ ਸੀ। ਪੰਜਾਬ ਦੇ ਲੋਕਾਂ ਦਾ ਪੈਸਾ ਸਿੱਧਾ ਉਨ੍ਹਾਂ ਦੀਆਂ ਜੇਬਾਂ ਵਿੱਚ ਗਿਆ।