ਤਿੰਨ ਮੰਜ਼ਿਲਾਂ ਸੀਲ, ਉੱਚ ਅਧਿਕਾਰੀਆਂ ਦੇ ਮੋਬਾਈਲ ਫੋਨ ਕਬਜ਼ੇ ’ਚ; ਜ਼ਮੀਨ ਵਰਤੋਂ ਤਬਦੀਲੀ, ਫੀਸ ਚੋਰੀ ਤੇ ਨਿੱਜੀ ਬਿਲਡਰਾਂ ਨੂੰ ਕਥਿਤ ਲਾਭ ਦੇ ਮਾਮਲੇ ਜਾਂਚ ਦੇ ਘੇਰੇ ’ਚ
ਮੋਹਾਲੀ, 22 ਸਤੰਬਰ (ਗੁਰਵਿੰਦਰ ਸਿੰਘ)
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੰਗਲਵਾਰ ਨੂੰ ਮੁਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ’ਤੇ ਵੱਡੀ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਨਿੱਜੀ ਬਿਲਡਰਾਂ ਨੂੰ ਭੂਮੀ ਵਰਤੋਂ ਵਿੱਚ ਤਬਦੀਲੀ (ਸੀਐਲਯੂ) ਦੀ ਮਨਜ਼ੂਰੀ ਦੇਣ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਅਤੇ ਕਰੀਬ 150 ਕਰੋੜ ਰੁਪਏ ਦੇ ਕਥਿਤ ਸੀਐਲਯੂ ਘੁਟਾਲੇ ਅਤੇ ਫੀਸ ਚੋਰੀ ਦੇ ਮਾਮਲੇ ਦੀ ਜਾਂਚ ਦੇ ਸਬੰਧ ਵਿੱਚ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ।
ਈਡੀ ਦੀ ਕਾਰਵਾਈ ਦੌਰਾਨ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਜਾਣਕਾਰੀ ਅਨੁਸਾਰ ਜਲੰਧਰ, ਚੰਡੀਗੜ੍ਹ ਅਤੇ ਦਿੱਲੀ ਤੋਂ ਆਈਆਂ ਈਡੀ ਦੀਆਂ ਟੀਮਾਂ ਵੱਲੋਂ ਗਮਾਡਾ ਦਫ਼ਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਗਈ।
ਕਾਰਵਾਈ ਦੌਰਾਨ ਦਫ਼ਤਰ ਦੀਆਂ ਘੱਟੋ-ਘੱਟ ਤਿੰਨ ਮੰਜ਼ਿਲਾਂ ਨੂੰ ਸੀਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕੁਝ ਉੱਚ ਅਧਿਕਾਰੀਆਂ ਦੇ ਮੋਬਾਈਲ ਫੋਨ ਵੀ ਜਾਂਚ ਏਜੰਸੀ ਵੱਲੋਂ ਕਬਜ਼ੇ ਵਿੱਚ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ, ਛਾਪੇਮਾਰੀ ਦੌਰਾਨ ਬਰਾਮਦ ਕੀਤੇ ਗਏ ਦਸਤਾਵੇਜ਼ਾਂ ਜਾਂ ਹੋਰ ਸਮੱਗਰੀ ਬਾਰੇ ਈਡੀ ਵੱਲੋਂ ਅਧਿਕਾਰਤ ਤੌਰ ’ਤੇ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ।
ਨਿਊ ਚੰਡੀਗੜ੍ਹ ਦੇ ਕਈ ਪ੍ਰਾਜੈਕਟ ਵੀ ਜਾਂਚ ਦੇ ਘੇਰੇ ’ਚ
ਸੂਤਰਾਂ ਅਨੁਸਾਰ ਈਡੀ ਵੱਲੋਂ ਗਮਾਡਾ ਨਾਲ ਸਬੰਧਤ ਕਈ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਜ਼ਮੀਨ ਦੀ ਪ੍ਰਾਪਤੀ, ਭੂਮੀ ਵਰਤੋਂ ਵਿੱਚ ਤਬਦੀਲੀ ਲਈ ਮਨਜ਼ੂਰੀਆਂ, ਸੀਐਲਯੂ ਫੀਸ ਨਾਲ ਸਬੰਧਤ ਮਾਮਲੇ, ਨਿੱਜੀ ਬਿਲਡਰਾਂ ਨੂੰ ਕਥਿਤ ਤੌਰ ’ਤੇ ਦਿੱਤੇ ਗਏ ਲਾਭ ਅਤੇ ਜਾਇਦਾਦਾਂ ਦੀ ਨਿਲਾਮੀ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਸ਼ਾਮਲ ਹਨ।
ਜਾਂਚ ਦੇ ਘੇਰੇ ਵਿੱਚ ਨਿਊ ਚੰਡੀਗੜ੍ਹ ਸਮੇਤ ਕਈ ਵੱਡੇ ਰੀਅਲ ਅਸਟੇਟ ਪ੍ਰਾਜੈਕਟਾਂ ਦੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਨ੍ਹਾਂ ਵਿੱਚ ਸਨਟੈਕ ਸਿਟੀ ਦਾ ਨਾਮ ਵੀ ਲਿਆ ਜਾ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਈਡੀ ਵੱਲੋਂ ਇਸ ਤੋਂ ਪਹਿਲਾਂ ਵੀ ਇਨ੍ਹਾਂ ਪ੍ਰਾਜੈਕਟਾਂ ਨਾਲ ਸਬੰਧਤ ਦੋ ਬਿਲਡਰਾਂ ਦੇ ਟਿਕਾਣਿਆਂ ’ਤੇ ਤਲਾਸ਼ੀ ਲਈ ਗਈ ਸੀ। ਗਮਾਡਾ ਦਫ਼ਤਰ ਵਿੱਚ ਹੋ ਰਹੀ ਤਾਜ਼ਾ ਕਾਰਵਾਈ ਨੂੰ ਵੀ ਉਸੇ ਜਾਂਚ ਦੀ ਅਗਲੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ।