ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ਦਾ ਪੱਕਾ ਮੋਰਚਾ, ਸੈਂਕੜੇ ਟਰੈਕਟਰ- ਟਰਾਲੀਆਂ ਨਾਲ ਡਟੇ
Sep1,2026
| Gurvinder Singh Mohali | Chandigarh
ਫੇਜ਼-11 ਤੋਂ ਸੈਕਟਰ-48 ਤੱਕ ਸੜਕ ਦਾ ਇੱਕ ਪਾਸਾ ਬੰਦ; ਤਿੰਨ ਪਰਤੀ ਕੰਡਿਆਲੀ ਤਾਰ ਅਤੇ ਭਾਰੀ ਪੁਲੀਸ-ਆਰਏਐਫ ਤਾਇਨਾਤ
ਫੇਜ਼ 11 ਤੋਂ ਲੈ ਕੇ ਸੈਕਟਰ 48 ਤੱਕ ਸੜਕ ਦੇ ਇੱਕ ਪਾਸੇ ਟਰੈਕਟਰ ਟਰਾਲੀਆਂ ਸਮੇਤ ਕਿਸਾਨਾਂ ਨੇ ਲਗਾਏ ਪੱਕੇ ਡੇਰੇ
ਮੋਹਾਲੀ , 1 ਸਤੰਬਰ (ਗੁਰਵਿੰਦਰ ਸਿੰਘ) ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਵਿੱਚ ਚੰਡੀਗੜ੍ਹ ਦੀ ਸਰਹੱਦ ਉੱਤੇ ਆਪਣਾ ਧਰਨਾ ਆਰੰਭ ਦਿੱਤਾ ਗਿਆ ਹੈ। ਮੁਹਾਲੀ ਦੇ ਫੇਜ਼ 11 ਤੋਂ ਲੈ ਕੇ ਸੈਕਟਰ 48 ਤੱਕ ਸੜਕ ਦੇ ਇੱਕ ਪਾਸੇ ਵਿੱਚ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਕਿਸਾਨਾਂ ਨੇ ਪੱਕੇ ਡੇਰੇ ਲਗਾ ਦਿੱਤੇ ਹਨ। ਕਿਸਾਨ ਮੋਰਚੇ ਵਿੱਚ ਮਹਿਲਾਵਾਂ ਵੀ ਸ਼ਾਮਿਲ ਹਨ।
ਫੇਜ਼ 11 ਤੋਂ ਲੈ ਕੇ ਸੈਕਟਰ 48 ਤੱਕ ਮੁਹਾਲੀ ਪੁਲੀਸ ਵੱਲੋਂ ਸੜਕ ਦਾ ਇੱਕ ਪਾਸਾ ਬੰਦ ਕੀਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਚੰਡੀਗੜ੍ਹ ਦੀ ਸੈਕਟਰ 48 ਦੀ ਸੜਕ ਉੱਤੇ ਲੱਗੀ ਹੋਈ ਸਟੇਜ ਅਤੇ ਪੰਡਾਲ ਦੇ ਪਿਛਲੇ ਪਾਸੇ ਚੰਡੀਗੜ੍ਹ ਪੁਲੀਸ ਵੱਲੋਂ ਕੰਡੇਦਾਰ ਤਾਰ ਦੀ ਤੀਹਰੀ ਬੈਰੀਕੇਟਿੰਗ ਕੀਤੀ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪੁਲੀਸ ਅਤੇ ਆਰ ਏ ਐਫ ਦੇ ਜਵਾਨ ਵੀ ਤਾਇਨਾਤ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸਟੇਜ ਆਰੰਭ ਕਰਨ ਤੋਂ ਪਹਿਲਾਂ ਮੁਹਾਲੀ ਵਿਖੇ ਇੱਕ ਹੋਟਲ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਸੱਤ ਦਿਨ ਤੱਕ ਚੱਲਣ ਵਾਲੇ ਮੋਰਚੇ ਲਈ ਰਣਨੀਤੀ ਘੜੀ ਗਈ। ਕਿਸਾਨ ਆਗੂਆਂ ਨੇ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਮੁਲਾਜ਼ਮਾਂ ਵੱਲੋਂ ਕੀਤੀ ਹੜਤਾਲ ਤੋਂ ਬਾਅਦ ਮੁਲਾਜ਼ਮ ਆਗੂਆਂ ਦੀਆਂ ਕੀਤੀਆਂ ਜਾ ਰਹੀਆਂ ਬਦਲੀਆਂ ਅਤੇ ਉਨਾਂ ਨੂੰ ਕੱਢੇ ਜਾ ਰਹੇ ਨੋਟਿਸਾਂ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਦਾ ਸਖ਼ਤ ਵਿਰੋਧ ਕੀਤਾ ਅਤੇ ਮੁਲਾਜ਼ਮਾਂ ਨਾਲ ਸਮਰਥਨ ਜਾਹਿਰ ਕਰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਸਟੇਜ ਰੋਜ਼ਾਨਾ ਚਾਰ ਘੰਟੇ ਦੇ ਕਰੀਬ ਚੱਲੇਗੀ ਜਿਸ ਵਿੱਚ ਸਮੁੱਚੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸਮਾਂ ਮਿਲੇਗਾ। ਕਿਸਾਨ ਆਗੂ ਰੋਜ਼ਾਨਾ ਆਪਸੀ ਮੀਟਿੰਗ ਕਰਨਗੇ। ਦਿੱਲੀ ਦੀ ਤਰਜ਼ ਉੱਤੇ ਕਿਸਾਨ ਧਰਨੇ ਦੀ ਸਟੇਜ ਦਾ ਮੰਚ ਸੰਚਾਲਨ ਵੀ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਕਰਨਗੇ।
ਕਿਸਾਨਾਂ ਦੀਆਂ ਦੋ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਖੜੀਆਂ ਟਰਾਲੀਆਂ ਵਿੱਚ ਮੰਜੇ ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਕਿਸਾਨਾਂ ਵੱਲੋਂ ਥਾਂ ਥਾਂ ਲੰਗਰ ਲਾਉਣ ਅਤੇ ਲੰਗਰ ਬਣਾਉਣ ਲਈ ਵੀ ਤਿਆਰੀਆਂ ਕੀਤੀਆਂ ਗਈਆਂ ਹਨ। ਕਈ ਥਾਵਾਂ ਉੱਤੇ ਚਾਹ ਅਤੇ ਪ੍ਰਸ਼ਾਦਿਆਂ ਦਾ ਲੰਗਰ ਵੀ ਚਾਲੂ ਹੋ ਗਿਆ ਹੈ। ਸਟੇਜ ਦੇ ਪੰਡਾਲ ਨੇੜੇ ਮੈਡੀਕਲ ਸਹੂਲਤ ਲਈ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਹੋਇਆ ਹੈ। ਮੁਹਾਲੀ ਪੁਲੀਸ ਵੀ ਕਿਸਾਨਾਂ ਦੇ ਧਰਨੇ ਅਤੇ ਟਰੈਕਟਰ ਟਰਾਲੀਆਂ ਦੇ ਇਰਦ ਗਿਰਦ ਵੱਡੀ ਮਾਤਰਾ ਵਿੱਚ ਤੈਨਾਤ ਹੈ।
ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨਾਂ ਵਿੱਚ ਇਸ ਧਰਨੇ ਪ੍ਰਤੀ ਬੇਮਿਸਾਲ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਟਰਾਲੀਆਂ ਧਰਨੇ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਵੱਡੀ ਗਿਣਤੀ ਵਿੱਚ ਟਰਾਲੀਆਂ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਅੱਜ ਸਵੇਰ ਤੋਂ ਚਲੀਆਂ ਹੋਈਆਂ ਹਨ ਜਿਹੜੀਆਂ ਕਿ ਸ਼ਾਮ ਤੱਕ ਇੱਥੇ ਪਹੁੰਚ ਜਾਣਗੀਆਂ।
ਰਾਜੇਵਾਲ ਨੇ ਦੱਸਿਆ ਕਿ ਉਗਰਾਹਾਂ ਜਥੇਬੰਦੀ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਹੇਠਲੀਆਂ ਬਾਕੀ ਸਾਰੀਆਂ ਜਥੇਬੰਦੀਆਂ ਇਸ ਧਰਨੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂਆਂ ਨੂੰ ਇਸ ਧਰਨੇ ਵਿੱਚ ਆਉਣ ਦਾ ਕੋਈ ਸੱਦਾ ਨਹੀਂ ਦਿੱਤਾ ਗਿਆ ਪਰ ਜੇ ਕੋਈ ਆਗੂ ਇਸ ਵਿੱਚ ਸ਼ਮੂਲੀਅਤ ਕਰਦਾ ਹੈ ਤਾਂ ਉਸ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਰਾਜਸੀ ਆਗੂ ਨੂੰ ਇਸ ਧਰਨੇ ਵਿੱਚ ਭਾਸ਼ਣ ਦੇਣ ਲਈ ਸਮਾਂ ਨਹੀਂ ਦਿੱਤਾ ਜਾਵੇਗਾ।
ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਤਵੱਜੋ ਨਾ ਦਿੱਤੀ ਤਾਂ ਇਹ ਧਰਨਾ 7 ਸਤੰਬਰ ਤੋਂ ਅਗਾਂਹ ਵੀ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਉਹ ਸਾਨੂੰ ਇੱਥੋਂ ਕਦੋਂ ਉਠਾਉਂਦੇ ਹਨ। 7 ਸਤੰਬਰ ਤੋਂ ਅੱਗੇ ਧਰਨਾ ਚਲਾਉਣ ਦੇ ਸਵਾਲ ਦਾ ਜਵਾਬ ਦਿੰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਸ ਦਾ ਫੈਸਲਾ ਸੱਤ ਸਤੰਬਰ ਨੂੰ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪੈਣ ਦੇਣਗੇ ਅਤੇ ਸੜਕ ਤੇ ਇੱਕ ਹਿੱਸੇ ਵਿੱਚ ਆਵਾਜਾਈ ਨੂੰ ਚਾਲੂ ਰੱਖਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣਗੇ ਕਿਸਾਨ ਆਗੂਆਂ ਨੇ ਮੁਹਾਲੀ ਪ੍ਰਸ਼ਾਸਨ ਵੱਲੋਂ ਬਿਜਲੀ ਤੇ ਹੋਰ ਸਹੂਲਤਾਂ ਮੁਹਈਆ ਕਰਵਾਉਣ ਵਿੱਚ ਢਿੱਲ ਵਰਤਣ ਦਾ ਦੋਸ਼ ਵੀ ਲਾਇਆ। ਧਰਨੇ ਨੂੰ ਪ੍ਰੇਮ ਸਿੰਘ ਭੰਗੂ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂ ਸੰਬੋਧਨ ਕਰ ਰਹੇ ਹਨ।
-kisanmorcha-punjabfarmers-mohali-chandigarhborder-sanyuktkisanmorcha-farmerprotest-punjabnews