ਆਰਸੇਟੀ ਮੋਗਾ ਤੋਂ ਸਿਖਲਾਈ ਪ੍ਰਾਪਤ 27 ਨੌਜਵਾਨ ਬਣੇ ਡੇਅਰੀ ਫਾਰਮਿੰਗ ਉੱਦਮੀ,
Sep2,2026
| Jagrati Lahar Bureau | Moga
ਆਰਸੇਟੀ ਮੋਗਾ ਤੋਂ ਸਿਖਲਾਈ ਪ੍ਰਾਪਤ 27 ਨੌਜਵਾਨ ਬਣੇ ਡੇਅਰੀ ਫਾਰਮਿੰਗ ਉੱਦਮੀ
ਮੁਫ਼ਤ ਹੁਨਰ ਸਿਖਲਾਈ ਰਾਹੀਂ ਪੇਂਡੂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਕੀਤਾ ਜਾ ਰਿਹਾ ਤਿਆਰ
ਮੋਗਾ, 2 ਸਤੰਬਰ: ਪੰਜਾਬ ਅਤੇ ਸਿੰਧ ਬੈਂਕ ਵੱਲੋਂ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਚਲਾਏ ਜਾ ਰਹੇ ਰੂਰਲ ਸੈਲਫ਼ ਐਂਪਲਾਇਮੈਂਟ ਟ੍ਰੇਨਿੰਗ ਇੰਸਟੀਚਿਊਟ (ਆਰਸੇਟੀ), ਮੋਗਾ ਤੋਂ 27 ਸਿਖਿਆਰਥੀਆਂ ਨੇ ਡੇਅਰੀ ਫਾਰਮਿੰਗ ਦੀ ਸਿਖਲਾਈ ਸਫਲਤਾਪੂਰਵਕ ਮੁਕੰਮਲ ਕੀਤੀ ਹੈ। ਸਿਖਲਾਈ ਉਪਰੰਤ ਇਨ੍ਹਾਂ ਨੌਜਵਾਨਾਂ ਨੇ ਡੇਅਰੀ ਫਾਰਮਿੰਗ ਨੂੰ ਆਪਣਾ ਕਿੱਤਾ ਬਣਾਉਣ ਦਾ ਫੈਸਲਾ ਕੀਤਾ ਹੈ।
ਆਰਸੇਟੀ ਮੋਗਾ ਵਿਖੇ ਕਰਵਾਏ ਸਰਟੀਫਿਕੇਟ ਵੰਡ ਸਮਾਗਮ ਦੌਰਾਨ ਕੋਰਸ ਦੇ 27 ਭਾਗੀਦਾਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਸਮਾਗਮ ਦੇ ਮੁੱਖ ਮਹਿਮਾਨ ਸੰਤ ਬਾਬਾ ਗੁਰਮੀਤ ਸਿੰਘ, ਗੁਰਦੁਆਰਾ ਸਾਹਿਬ ਬਾਬਾ ਸ਼ਹੀਦਾਂ, ਖੋਸਾ ਪਾਂਡੋ, ਮੋਗਾ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਸਵੈ-ਰੁਜ਼ਗਾਰ ਅਪਣਾਉਣ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ।
ਆਰਸੇਟੀ ਦੇ ਸਹਾਇਕ ਜਨਰਲ ਮੈਨੇਜਰ ਪੰਕਜੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਸਾਰੇ 27 ਭਾਗੀਦਾਰਾਂ ਨੇ ਡੇਅਰੀ ਫਾਰਮਿੰਗ ਨੂੰ ਆਪਣਾ ਪੇਸ਼ਾ ਚੁਣਿਆ ਹੈ। ਉਨ੍ਹਾਂ ਨੂੰ ਆਧੁਨਿਕ ਅਤੇ ਵਿਹਾਰਕ ਤਰੀਕਿਆਂ ਨਾਲ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਉਹ ਆਪਣੇ ਉੱਦਮ ਸ਼ੁਰੂ ਕਰਕੇ ਆਤਮ-ਨਿਰਭਰ ਬਣ ਸਕਣ।
ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਦੁਨੇਕੇ ਵਿਖੇ ਸਥਾਪਿਤ ਆਰਸੇਟੀ ਮੋਗਾ ਨੂੰ ਜ਼ਿਲ੍ਹੇ ਦੇ ਮੁੱਖ ਬੈਂਕ ਪੰਜਾਬ ਅਤੇ ਸਿੰਧ ਬੈਂਕ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਸੰਸਥਾ ਦਾ ਉਦੇਸ਼ 18 ਤੋਂ 50 ਸਾਲ ਦੀ ਉਮਰ ਦੇ ਪੇਂਡੂ ਬੇਰੁਜ਼ਗਾਰ ਨੌਜਵਾਨਾਂ, ਖਾਸ ਕਰਕੇ ਕਮਜ਼ੋਰ ਵਰਗਾਂ ਨਾਲ ਸਬੰਧਤ ਵਿਅਕਤੀਆਂ ਨੂੰ ਹੁਨਰਮੰਦ ਬਣਾ ਕੇ ਸਵੈ-ਰੁਜ਼ਗਾਰ ਲਈ ਯੋਗ ਬਣਾਉਣਾ ਹੈ।
ਆਰਸੇਟੀ ਮੋਗਾ ਦੇ ਲਗਭਗ ਇੱਕ ਏਕੜ ਵਿੱਚ ਫੈਲੇ ਕੈਂਪਸ ਵਿੱਚ ਪ੍ਰਸ਼ਾਸਨਿਕ, ਅਕਾਦਮਿਕ, ਹੋਸਟਲ ਅਤੇ ਕੰਟੀਨ ਸਮੇਤ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਸਿਖਲਾਈ ਪ੍ਰੋਗਰਾਮਾਂ ਦੌਰਾਨ ਸਿਖਲਾਈ, ਖਾਣਾ ਅਤੇ ਰਿਹਾਇਸ਼ ਮੁਫ਼ਤ ਪ੍ਰਦਾਨ ਕੀਤੇ ਜਾਂਦੇ ਹਨ।
ਸੰਸਥਾ ਵੱਲੋਂ ਅਗਲੇ ਪੜਾਅ ਵਿੱਚ ਮਹਿਲਾਵਾਂ ਲਈ ਦਰਜ਼ੀ ਸਿਖਲਾਈ, ਕੰਪਿਊਟਰਾਈਜ਼ਡ ਅਕਾਊਂਟਿੰਗ/ਸਹਾਇਕ ਬੁੱਕਕੀਪਰ, ਬਿਊਟੀ ਪਾਰਲਰ ਪ੍ਰਬੰਧਨ, ਸਾਫਟ ਖਿਡੌਣੇ ਬਣਾਉਣ ਅਤੇ ਫਾਸਟ ਫੂਡ ਸਟਾਲ ਉਦਯਮੀ ਵਰਗੇ ਕੋਰਸ ਵੀ ਕਰਵਾਏ ਜਾਣਗੇ। ਦਿਲਚਸਪੀ ਰੱਖਣ ਵਾਲੇ ਨੌਜਵਾਨ ਇਨ੍ਹਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
-moganews-punjabnews-dairyfarming-selfemployment-skilldevelopment