ਮੋਹਾਲੀ 20 ਸਤੰਬਰ(ਗੁਰਵਿੰਦਰ ਸਿੰਘ) ਬੀਤੇ ਦਿਨ ਡੇਰਾਬੱਸੀ ਦੇ ਇੱਕ ਆਈਲੈਟਸ ਸੈਂਟਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰਨ ਅਤੇ ਇਕ ਕਰੋੜ ਦੀ ਫਰੋਤੀ ਮੰਗਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਹਿਚਾਣ ਮੋਹਿਤ ਕੁਮਾਰ ਉਰਫ ਬੰਟੀ ਵਾਸੀ ਲਖਨੌਰਾ ਜਿਲਾ ਅੰਬਾਲਾ, ਜਗਦੀਪ ਸਿੰਘ ਉਰਫ ਜੱਗੂ ਵਾਸੀ ਪਿੰਡ ਮਹਿਮਦਪੁਰ ਡੇਰਾਬੱਸੀ ਅਤੇ ਇੱਕ ਨਾਬਾਲਿਗ ਵਜੋਂ ਹੋਈ ਹੈ। ਜਿਲ੍ਹਾ ਪੁਲੀਸ ਮੁਖੀ ਦੀਪਕ ਪਾਰੀਕ ਨੇ ਦੱਸਿਆ ਕਿ ਇਸ ਮਾਮਲੇ ਨੂੰ ਕਰੀਬ 12 ਘੰਟਿਆਂ ਦੇ ਵਿੱਚ ਹੀ ਸੁਲਝਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਇਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਅਤੇ ਇਸ ਮਾਮਲੇ ਨੂੰ ਟਰੇਸ ਕਰਨ ਲਈ ਡੇਰਾਬੱਸੀ ਪੁਲੀਸ ਅਤੇ ਸੀ ਆਈ ਏ ਸਟਾਫ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਪੈੜ ਨੱਪਦਿਆਂ ਮੋਹਿਤ ਕੁਮਾਰ ਉਰਫ ਬੰਟੀ ਅਤੇ ਜਗਦੀਪ ਸਿੰਘ ਉਰਫ ਜੱਗੂ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਅਤੇ ਉਨਾਂ ਦੀ ਪੁੱਛਗਿਛ ਉਪਰੰਤ ਡੇਰਾਬੱਸੀ ਦੇ ਇੱਕ ਨਾਬਾਲਿਗ ਮੁਲਜਮ ਨੂੰ ਵੀ ਫੜਿਆ ਗਿਆ ਹੈ। ਗ੍ਰਿਫਤਾਰ ਮੁਲਜ਼ਮਾਂ ਕੋਲੋਂ ਇੱਕ ਪਿਸਟਲ ਅਤੇ ਇੱਕ ਜਿੰਦਾ ਰੋਂਦ ਅਤੇ ਇੱਕ ਦੇਸੀ ਕੱਟਾ ਦੋ ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਐਸ ਐਸ ਪੀ ਨੇ ਦੱਸਿਆ ਕਿ ਵਾਰਦਾਤ ਦੌਰਾਨ ਮੌਕੇ ਤੋਂ ਚਾਰ ਖੋਲ ਅਤੇ ਤਿੰਨ ਸਿੱਕੇ ਬਰਾਮਦ ਕੀਤੇ ਗਏ ਸਨ, ਜਦੋਂ ਕਿ ਮੁਲਜਮਾਂ ਨੇ ਮੌਕੇ ਤੇ ਚਾਰ ਫਾਇਰ ਕੀਤੇ ਸਨ। ਐਸ ਐਸ ਪੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਗੁਰੀ (ਜੋ ਤਿਹਾੜ ਜੇਲ ਵਿੱਚ ਬੰਦ ਹੈ) ਵੱਲੋਂ ਜਗਦੀਪ ਸਿੰਘ ਉਰਫ ਜੱਗੂ ਨੂੰ ਆਈਲੈਟਸ ਸੈਂਟਰ ਦੇ ਮਾਲਕ ਕੋਲੋਂ ਇਕ ਕਰੋੜ ਰੁਪਏ ਦੀ ਫਰੋਤੀ ਮੰਗਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਗਦੀਪ ਜੱਗੂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਨਾਬਾਲਿਗ ਮੁਲਜਮ ਨੂੰ ਅਸਲਾ ਦਿੱਤਾ ਅਤੇ ਉਸੇ ਨਾਬਾਲਿਗ ਨੇ ਹੀ ਆਈਲੈਟਸ ਸੈਂਟਰ ਤੇ ਗੋਲੀਆਂ ਚਲਾਈਆਂ। ਜਗਦੀਪ ਜੱਗੂ ਨੇ ਇਸ ਕੰਮ ਲਈ ਨਾਬਾਲਗ ਮੁਲਜਮ ਨੂੰ 10 ਲੱਖ ਰੁਪਏ ਦੇਣੇ ਕੀਤੇ ਸਨ। ਉਹਨਾਂ ਦੱਸਿਆ ਕਿ ਇਕ ਕਰੋੜ ਰੁਪਏ ਦੀ ਫਰੋਤੀ ਮੰਗਣ ਵਾਲਾ ਪੱਤਰ ਵੀ ਨਾਬਾਲਿਗ ਮੁਲਜਮ ਨੇ ਆਪਣੇ ਹੱਥ ਨਾਲ ਲਿਖਿਆ ਸੀ। ਉਹਨਾਂ ਕਿਹਾ ਕਿ ਆਈਲੈਟਸ ਸੈਂਟਰ ਦੇ ਮਾਲਕ ਨੂੰ ਉਕਤ ਮੁਲਜਮਾਂ ਵੱਲੋਂ ਵਾਰਦਾਤ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਫਿਰੌਤੀ ਲਈ ਕਾਲ ਨਹੀਂ ਕੀਤੀ ਗਈ ਸੀ ਅਤੇ ਉਕਤ ਵਾਰਦਾਤ ਨੂੰ ਅਚਾਨਕ ਹੀ ਅੰਜਾਮ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਮੁਲਜਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਹਥਿਆਰ ਅੱਗੋਂ ਕਿੱਥੋਂ ਲੈ ਕੇ ਆਏ ਸਨ। ਡੇਰਾਬੱਸੀ ਪੁਲੀਸ ਨੇ ਇਸ ਮਾਮਲੇ ਵਿੱਚ ਬੀ.ਐਨ.ਐਸ ਦੀ ਧਾਰਾ 111, 109 308(5), 333, 351(2), 351(3), 3(5), 332 (ਬੀ) ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।