ਕਿਸਾਨਾਂ ਦਾ ਮੋਰਚਾ 5ਵੇਂ ਦਿਨ ਵੀ ਜਾਰੀ, ਲਗਾਤਾਰ ਵੱਧ ਰਹੀ ਹੈ ਕਿਸਾਨਾਂ ਦੀ ਗਿਣਤੀ ਸ਼ਾਮ ਨੂੰ ਏਅਰਪੋਰਟ ਰੋਡ ਤੇ ਪ੍ਰਦਰਸ਼ਨ ਕਰਕੇ ਲੋਕਾਂ ਦਾ ਸਮਰਥਨ ਮੰਗਣਗੇ ਕਿਸਾਨ
Sep5,2026
| Gurvinder Singh | Mohali
ਮੋਹਾਲੀ , 5 ਸਤੰਬਰ (ਗੁਰਵਿੰਦਰ ਸਿੰਘ)
ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਬੈਨਰ ਥੱਲੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਸਰਹੱਦ ਤੇ ਲਾਇਆ ਪੱਕਾ ਮੋਰਚਾ ਅੱਜ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਰਾਮਿੰਦਰ ਸਿੰਘ ਪਟਿਆਲਾ, ਪ੍ਰੇਮ ਸਿੰਘ ਭੰਗੂ ਅਤੇ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਹੁਣ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਟੇਜ ਚੱਲੇਗੀ। ਇਸ ਮਗਰੋਂ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਐਸਕੇਐਮ ਦੇ ਮੋਹਰੀ ਆਗੂਆਂ ਦੀ ਮੀਟਿੰਗ ਹੋਵੇਗੀ। ਜਿਸ ਵਿੱਚ ਕਿਸਾਨਾਂ ਦੀਆਂ ਮੰਗਾਂ ਅਤੇ ਸੰਘਰਸ਼ ਬਾਰੇ ਚਰਚਾ ਕੀਤੀ ਜਾਵੇਗੀ।
ਆਗੂਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਕਿਸਾਨ ਗਰੁੱਪ ਬਣਾ ਕੇ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਮੇਤ ਏਅਰਪੋਰਟ ਸੜਕ ਉੱਤੇ ਹਰ ਚੌਕ ਤੇ ਸ਼ਾਮ 5 ਵਜੇ ਤੋਂ ਬਾਅਦ ਤੋਂ 7 ਵਜੇ ਝੰਡੇ ਅਤੇ ਤਖ਼ਤੀਆਂ ਲੈ ਕੇ ਖੜੇ ਹੋਣਗੇ ਅਤੇ ਲੋਕਾਂ ਤੋਂ ਸਹਿਯੋਗ ਮੰਗਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਟ੍ਰੈਫਿਕ ਰੋਕਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।
ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਆਪਣੇ ਅੰਦੋਲਨ ਨੂੰ ਪੜਾਅਵਾਰ ਅੱਗੇ ਵਧਾਇਆ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਤੇਜ਼ ਬਾਰਿਸ਼ ਕਾਰਨ ਸਟੇਜ ਦੀ ਕਾਰਵਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਸੀ। ਬਾਰਿਸ਼ ਰੁਕਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਬੈਸਟੈਕ ਮਾਲ ਤੋਂ ਧਰਨਾ ਪ੍ਰਦਰਸ਼ਨ ਵਾਲੇ ਸਥਾਨ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ ਸੀ।
-kisanmorcha-skm-punjabfarmers-mohaliprotest-farmersprotest