‘ਰਾਜ ਕੀ ਬਾਤ’ ਅਤੇ ‘ਮਹਾਮਾਨਵ’ ਦੇ ਪ੍ਰਕਾਸ਼ਨ ਨਾਲ ਹਿੰਦੀ ਵਿੱਚ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਤੀ ਦਸ ਹੋਈ
ਲੁਧਿਆਣਾ, 7 ਸਤੰਬਰ 2026: ਸ਼ਹਿਰ ਨਿਵਾਸੀ ਪੱਤਰਕਾਰ ਅਤੇ ਲੇਖਕ ਮਨੋਜ ਧੀਮਾਨ ਨੇ ਆਪਣੀ ਸਾਹਿਤਕ ਯਾਤਰਾ ਵਿੱਚ ਦੋ ਹੋਰ ਹਿੰਦੀ ਫਿਕਸ਼ਨ ਪੁਸਤਕਾਂ ਦਾ ਇਜ਼ਾਫ਼ਾ ਕੀਤਾ ਹੈ। ਉਨ੍ਹਾਂ ਦੀਆਂ ਨਵੀਆਂ ਪੁਸਤਕਾਂ ‘ਰਾਜ ਕੀ ਬਾਤ’ ਲਘੂ ਕਹਾਣੀ ਸੰਗ੍ਰਹਿ ਅਤੇ ‘ਮਹਾਮਾਨਵ’ ਨਾਵਲ ਹਨ। ਇਨ੍ਹਾਂ ਦੋਵਾਂ ਪੁਸਤਕਾਂ ਦੇ ਪ੍ਰਕਾਸ਼ਨ ਨਾਲ ਧੀਮਾਨ ਦੀਆਂ ਹਿੰਦੀ ਵਿੱਚ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਤੀ ਦਸ ਹੋ ਗਈ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਹਿੰਦੀ ਵਿਭਾਗ ਦੇ ਮੁਖੀ ਅਤੇ ਭਾਸ਼ਾ ਫੈਕਲਟੀ ਦੇ ਡੀਨ ਪ੍ਰੋ. (ਡਾ.) ਸੁਨੀਲ ਨੇ ਦੋਵਾਂ ਪੁਸਤਕਾਂ ਦੀ ਭੂਮਿਕਾ ਲਿਖੀ ਹੈ।
‘ਰਾਜ ਕੀ ਬਾਤ’ ਵਿੱਚ ਰਾਜਨੀਤੀ, ਭ੍ਰਿਸ਼ਟਾਚਾਰ, ਮਨੁੱਖੀ ਰਿਸ਼ਤਿਆਂ ਅਤੇ ਸਮਕਾਲੀ ਸਮਾਜਿਕ ਮੁੱਦਿਆਂ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਕੇਂਦਰਿਤ ਹਿੰਦੀ ਲਘੂ ਕਹਾਣੀਆਂ ਸ਼ਾਮਲ ਹਨ। ਦੂਜੇ ਪਾਸੇ ‘ਮਹਾਮਾਨਵ’ ਤਕਨਾਲੋਜੀ ਆਧਾਰਿਤ ਨਾਵਲ ਹੈ ਜੋ ਹਿਊਮਨੋਇਡ ਦੀ ਧਾਰਨਾ ’ਤੇ ਕੇਂਦਰਿਤ ਹੈ। ਇਹ ਮਨੁੱਖੀ ਜੀਵਨ ਅਤੇ ਤਕਨਾਲੋਜੀ ਦੇ ਬਦਲਦੇ ਰਿਸ਼ਤਿਆਂ ਦੀ ਪੜਚੋਲ ਕਰਨ ਵਾਲੀ ਧੀਮਾਨ ਦੀ ਦੂਜੀ ਸਾਹਿਤਕ ਰਚਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਤਕਨਾਲੋਜੀ ਆਧਾਰਿਤ ਨਾਵਲ ‘ਧਰਤੀ ਪਰ ਲੌਟੇ ਆਭਾਸੀ ਦੁਨੀਆ ਦੇ ਅਵਤਾਰ’ ਸਾਲ 2025 ਵਿੱਚ ਪ੍ਰਕਾਸ਼ਿਤ ਹੋਇਆ ਸੀ।
ਦੋਵਾਂ ਪੁਸਤਕਾਂ ਦਾ ਪ੍ਰਕਾਸ਼ਨ ਨਿਊ ਵਰਲਡ ਪਬਲੀਕੇਸ਼ਨ, ਨਵੀਂ ਦਿੱਲੀ ਵੱਲੋਂ ਕੀਤਾ ਗਿਆ ਹੈ। ਧੀਮਾਨ ਨੇ ਦੋਵਾਂ ਪੁਸਤਕਾਂ ਨੂੰ ਆਪਣੇ ਸਵਰਗਵਾਸੀ ਪਿਤਾ ਐਚ.ਆਰ. ਧੀਮਾਨ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਜੋ ਪੱਤਰਕਾਰ ਸਨ ਅਤੇ ਜਿਨ੍ਹਾਂ ਨੇ ਉਨ੍ਹਾਂ ਵਿੱਚ ਲੇਖਨ ਪ੍ਰਤੀ ਸ਼ੁਰੂਆਤੀ ਰੁਚੀ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਆਪਣੀਆਂ ਨਵੀਆਂ ਪੁਸਤਕਾਂ ਬਾਰੇ ਮਨੋਜ ਧੀਮਾਨ ਨੇ ਕਿਹਾ, “ਮੇਰੇ ਲਈ ਲੇਖਨ ਅਵਲੋਕਨ, ਚਿੰਤਨ ਅਤੇ ਖੋਜ ਦੀ ਨਿਰੰਤਰ ਯਾਤਰਾ ਹੈ। ਆਪਣੀਆਂ ਕਹਾਣੀਆਂ ਰਾਹੀਂ ਮੈਂ ਸਮਕਾਲੀ ਸਮਾਜ ਅਤੇ ਮਨੁੱਖੀ ਰਿਸ਼ਤਿਆਂ ਨੂੰ ਸਮਝਣ ਦਾ ਯਤਨ ਕਰਦਾ ਹਾਂ, ਜਦਕਿ ਮੇਰੇ ਨਾਵਲ ਮੈਨੂੰ ਮਨੁੱਖ ਅਤੇ ਤਕਨਾਲੋਜੀ ਦਰਮਿਆਨ ਬਦਲਦੇ ਰਿਸ਼ਤਿਆਂ ਦੀ ਪੜਚੋਲ ਕਰਨ ਦਾ ਮੌਕਾ ਦਿੰਦੇ ਹਨ। ਮੈਂ ਖ਼ਾਸ ਤੌਰ ’ਤੇ ਖੁਸ਼ ਹਾਂ ਕਿ ‘ਰਾਜ਼ ਕੀ ਬਾਤ’ ਅਤੇ ‘ਮਹਾਮਾਨਵ’ ਨੇ ਮੈਨੂੰ ਆਪਣੀ ਰਚਨਾਤਮਕ ਯਾਤਰਾ ਦੇ ਦੋ ਵੱਖ-ਵੱਖ ਪੱਖ ਪੇਸ਼ ਕਰਨ ਦਾ ਮੌਕਾ ਦਿੱਤਾ ਹੈ।”
ਧੀਮਾਨ ਦੀ ਸਾਹਿਤਕ ਯਾਤਰਾ ਸਾਲ 2007 ਵਿੱਚ ਪ੍ਰਕਾਸ਼ਿਤ ਲਘੂ ਕਹਾਣੀ ਸੰਗ੍ਰਹਿ ‘ਲੇਟ ਨਾਈਟ ਪਾਰਟੀ’ ਨਾਲ ਸ਼ੁਰੂ ਹੋਈ। ਇਸ ਪੁਸਤਕ ਦਾ ਵਿਮੋਚਨ ਲੁਧਿਆਣਾ ਵਿੱਚ ਸਾਬਕਾ ਸੀਬੀਆਈ ਡਾਇਰੈਕਟਰ ਸਵਰਗਵਾਸੀ ਜੌਗਿੰਦਰ ਸਿੰਘ ਨੇ ਕੀਤਾ ਸੀ ਅਤੇ ਬਾਅਦ ਵਿੱਚ ਇਸ ਦਾ ਅੰਗਰੇਜ਼ੀ ਅਨੁਵਾਦ ਵੀ ਪ੍ਰਕਾਸ਼ਿਤ ਹੋਇਆ। ਉਨ੍ਹਾਂ ਦੀਆਂ ਹੋਰ ਪ੍ਰਕਾਸ਼ਿਤ ਪੁਸਤਕਾਂ ਵਿੱਚ ਸਾਲ 2009 ਵਿੱਚ ਪ੍ਰਕਾਸ਼ਿਤ ਕਵਿਤਾ ਸੰਗ੍ਰਹਿ ‘ਬਾਰਿਸ਼ ਕੀ ਬੂੰਦੇਂ’, ਸਾਲ 2012 ਵਿੱਚ ਪ੍ਰਕਾਸ਼ਿਤ ਨਾਵਲ ‘ਸ਼ੂਨਯ ਕੀ ਔਰ’, ਸਾਲ 2021 ਵਿੱਚ ਪ੍ਰਕਾਸ਼ਿਤ ਲਘੂ ਕਹਾਣੀ ਸੰਗ੍ਰਹਿ ‘ਯਹ ਮਕਾਨ ਬਿਕਾਊ ਹੈ’, ਸਾਲ 2022 ਵਿੱਚ ਪ੍ਰਕਾਸ਼ਿਤ ਲਘੂ ਕਹਾਣੀ ਸੰਗ੍ਰਹਿ ‘ਖੋਲ ਕਰ ਦੇਖੋ’, ਸਾਲ 2024 ਵਿੱਚ ਪ੍ਰਕਾਸ਼ਿਤ ਲਘੂ ਕਹਾਣੀ ਸੰਗ੍ਰਹਿ ‘ਜਾਗਤੇ ਰਹੋ’, ਸਾਲ 2024 ਵਿੱਚ ਪ੍ਰਕਾਸ਼ਿਤ ਨਾਵਲ ‘ਬਿਰਜੂ ਨਾਈ ਕੀ ਦੁਕਾਨ’ ਅਤੇ ਸਾਲ 2025 ਵਿੱਚ ਪ੍ਰਕਾਸ਼ਿਤ ਤਕਨਾਲੋਜੀ ਆਧਾਰਿਤ ਨਾਵਲ ‘ਧਰਤੀ ’ਪਰ ਲੌਟੇ ਆਭਾਸੀ ਦੁਨੀਆ ਦੇ ਅਵਤਾਰ’ ਸ਼ਾਮਲ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮਨੋਜ ਧੀਮਾਨ ਨੂੰ 1 ਜੁਲਾਈ 2024 ਤੋਂ 30 ਜੂਨ 2026 ਤੱਕ ਹਿੰਦੀ ਵਿਸ਼ੇ ਵਿੱਚ ਬੋਰਡ ਆਫ਼ ਸਟਡੀਜ਼ (ਪੀ.ਜੀ.) ਵਿੱਚ ਸ਼ਾਮਲ ਕੀਤਾ ਸੀ।
ਸਾਲ 2026 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਧੀਮਾਨ ਦੇ ਲਘੂ ਕਹਾਣੀ ਸੰਗ੍ਰਹਿ ‘ਜਾਗਤੇ ਰਹੋ’ ’ਤੇ ਲਘੂ ਖੋਜ-ਪ੍ਰਬੰਧ ਰਾਹੀਂ ਇੱਕ ਵਿਸ਼ਲੇਸ਼ਣਾਤਮਕ ਅਧਿਐਨ ਵੀ ਕੀਤਾ ਗਿਆ।
-amritsarruralpolice-crossbordersmuggling-illegalarms-heroinsmuggling-punjabpolice
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)