*ਖੰਨਾ ਪੁਲਿਸ ਦਾ ਵੱਡਾ ਕਾਸੋ ਆਪ੍ਰੇਸ਼ਨ - 24 ਘੰਟਿਆਂ ਅੰਦਰ 61 ਮੁਲਜ਼ਮ ਗ੍ਰਿਫ਼ਤਾਰ, 24 ਕੇਸ ਦਰਜ, 13 ਹੌਟਸਪਾਟਾਂ ’ਤੇ ਛਾਪੇ*
Oct5,2026
| Ravinder Singh Dhillon | Khanna (ludhiana)
*ਨਸ਼ਾ ਤਸਕਰਾਂ ਨੂੰ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਸਖ਼ਤ ਚੇਤਾਵਨੀ—ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ*
ਖੰਨਾ, ਲੁਧਿਆਣਾ 05 ਅਕਤੂਬਰ:
ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕਾਸੋ ਆਪ੍ਰੇਸ਼ਨ ਚਲਾਇਆ। ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਇੱਕੋ ਸਮੇਂ ਕਈ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਆਪ੍ਰੇਸ਼ਨ ਦੌਰਾਨ ਪੁਲਿਸ ਨੇ 24 ਮੁਕੱਦਮੇ ਦਰਜ ਕਰਕੇ 61 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਪੁਰਾਣੇ ਮਾਮਲੇ ਵਿੱਚ ਲੋੜੀਂਦੇ ਇੱਕ ਭਗੌੜੇ ਨੂੰ ਵੀ ਕਾਬੂ ਕੀਤਾ ਗਿਆ। ਇਸ ਤੋਂ ਇਲਾਵਾ ਨਸ਼ਾ ਤਸਕਰੀ ਨਾਲ ਜੁੜੇ 13 ਹੌਟਸਪਾਟਾਂ ’ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਪੂਰਾ ਆਪ੍ਰੇਸ਼ਨ 24 ਘੰਟੇ ਜਾਰੀ ਰਿਹਾ ਤੇ ਇਹਨਾਂ 24 ਘੰਟਿਆਂ ਦੌਰਾਨ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਇਸ ਵਿਸ਼ੇਸ਼ ਆਪ੍ਰੇਸ਼ਨ ਦਾ ਮੁੱਖ ਉਦੇਸ਼ ਨਸ਼ਾ ਤਸਕਰਾਂ ਅਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ’ਤੇ ਸ਼ਿਕੰਜਾ ਕੱਸਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਜਿਹੇ ਆਪ੍ਰੇਸ਼ਨ ਅੱਗੇ ਵੀ ਜਾਰੀ ਰਹਿਣਗੇ।
ਕਾਰਵਾਈ ਦੌਰਾਨ ਥਾਣਾ ਸਦਰ ਖੰਨਾ ਪੁਲਿਸ ਨੇ 4 ਮੁਕੱਦਮੇ ਦਰਜ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2 ਨਸ਼ਾ ਤਸਕਰੀ ਹੌਟਸਪਾਟਾਂ ’ਤੇ ਤਲਾਸ਼ੀ ਲਈ। ਸਿਟੀ ਥਾਣਾ-1 ਪੁਲਿਸ ਨੇ 2 ਕੇਸ ਦਰਜ ਕਰਕੇ 5 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ ਇੱਕ ਹੌਟਸਪਾਟ ਦੀ ਜਾਂਚ ਕੀਤੀ। ਇਸੇ ਤਰ੍ਹਾਂ ਸਿਟੀ ਥਾਣਾ-2 ਪੁਲਿਸ ਵੱਲੋਂ 3 ਮੁਕੱਦਮੇ ਦਰਜ ਕਰਕੇ 8 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਅਤੇ ਇੱਕ ਹੌਟਸਪਾਟ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਪਾਇਲ ਅਤੇ ਦੋਰਾਹਾ ਥਾਣਾ ਪੁਲਿਸ ਨੇ 3-3 ਮੁਕੱਦਮੇ ਦਰਜ ਕਰਦਿਆਂ 7-7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਦੋਵਾਂ ਥਾਣਿਆਂ ਦੇ ਖੇਤਰਾਂ ਵਿੱਚ 2-2 ਹੌਟਸਪਾਟਾਂ ’ਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਦੋਰਾਹਾ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿੱਚ ਲੋੜੀਂਦੇ ਭਗੌੜੇ ਨੂੰ ਵੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸੇ ਤਰ੍ਹਾਂ ਥਾਣਾ ਮਲੌਦ ਪੁਲਿਸ ਨੇ 4 ਮੁਕੱਦਮੇ ਦਰਜ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2 ਹੌਟਸਪਾਟਾਂ ਦੀ ਤਲਾਸ਼ੀ ਲਈ। ਥਾਣਾ ਸਮਰਾਲਾ ਪੁਲਿਸ ਨੇ 3 ਕੇਸ ਦਰਜ ਕਰਕੇ 10 ਮੁਲਜ਼ਮਾਂ ਨੂੰ ਕਾਬੂ ਕੀਤਾ ਅਤੇ 2 ਹੌਟਸਪਾਟਾਂ ’ਤੇ ਕਾਰਵਾਈ ਕੀਤੀ। ਜਦਕਿ ਮਾਛੀਵਾੜਾ ਸਾਹਿਬ ਪੁਲਿਸ ਨੇ 2 ਕੇਸ ਦਰਜ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇੱਕ ਹੌਟਸਪਾਟ ਦੀ ਤਲਾਸ਼ੀ ਲਈ।
ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਨੂੰ ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਵੱਲ ਇੱਕ ਹੋਰ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਆਪ੍ਰੇਸ਼ਨ ਦੀ ਸਫਲਤਾ ਨਾਲ ਇਹ ਵੀ ਸਪੱਸ਼ਟ ਹੋਇਆ ਹੈ ਕਿ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਸੰਭਾਵਿਤ ਟਿਕਾਣਿਆਂ ਅਤੇ ਹੌਟਸਪਾਟਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਐਸ.ਐਸ.ਪੀ ਨੇ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ, ਨਸ਼ਾ ਵੇਚਣ ਵਾਲੇ ਜਾਂ ਕਿਸੇ ਵੀ ਤਰੀਕੇ ਨਾਲ ਨਸ਼ਾ ਤਸਕਰੀ ਵਿੱਚ ਸਹਿਯੋਗ ਦੇਣ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਸਿਰਫ਼ ਛੋਟੇ ਪੱਧਰ ਦੇ ਨਸ਼ਾ ਵੇਚਣ ਵਾਲਿਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਸ਼ਿਆਂ ਦੀ ਸਪਲਾਈ ਨਾਲ ਜੁੜੇ ਪੂਰੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਜਾਂ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਐਸ.ਐਸ.ਪੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਪੁਲਿਸ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ।
-khannapolice-casooperation-drugfreepunjab-drugcrackdown-khannanews