ਆਪ ਦੀ ਮੋਗਾ ਮਹਾਂ ਰੈਲੀ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਨਵਾਂ ਅਧਿਆਏ ਲਿਖੇਗੀ, ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਦੀ 2027 ਦੀ ਚੋਣ ਮੁਹਿੰਮ ਦਾ ਕਰਨਗੇ ਆਗਾਜ਼ : ਕੁਲਦੀਪ ਸਿੰਘ ਧਾਲੀਵਾਲ
Nov23,2026
| Jagrati Lahar Bureau | Chandigarh
116 ਏਕੜ ਦਾ ਪੰਡਾਲ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਪੰਡਾਲ, ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ: ਕੁਲਦੀਪ ਸਿੰਘ ਧਾਲੀਵਾਲ
‘ਆਪ’ ਨੇ 5 ਸਾਲਾਂ ਵਿੱਚ ਸਾਰੀਆਂ 5 ਵੱਡੀਆਂ ਗਾਰੰਟੀਆਂ ਪੂਰੀਆਂ ਕੀਤੀਆਂ, ਜਦਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਸਿਰਫ਼ ਗੁੰਮਰਾਹ ਕੀਤਾ: ਕੁਲਦੀਪ ਧਾਲੀਵਾਲ
ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ 15,000 ਕਿਲੋਮੀਟਰ ਪਾਈਪਲਾਈਨ ਵਿਛਾਈ, ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਭਗ 2 ਮੀਟਰ ਦਾ ਸੁਧਾਰ ਹੋਇਆ: ਕੁਲਦੀਪ ਧਾਲੀਵਾਲ
ਕੇਂਦਰ ਸਰਕਾਰ ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਫੰਡਾਂ ਦੇ ਮਾਮਲੇ ਵਿੱਚ ਸੂਬੇ ਨਾਲ ਵਿਤਕਰਾ ਕਰ ਰਹੀ ਹੈ, ਸਿੱਖ ਭਾਵਨਾਵਾਂ ਨੂੰ ਲਗਾਤਾਰ ਠੇਸ ਪਹੁੰਚਾਈ ਜਾ ਰਹੀ ਹੈ: ਕੁਲਦੀਪ ਧਾਲੀਵਾਲ
‘ਖੁਸ਼ਹਾਲ ਪੰਜਾਬ’ ਰੈਲੀ ਭਗਵੰਤ ਮਾਨ ਸਰਕਾਰ ਦੀਆਂ 5 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਏਗੀ ਅਤੇ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ ਜਾਵੇਗਾ: ਅਮਨਦੀਪ ਕੌਰ ਅਰੋੜਾ
ਲੋਕ ਭਗਵੰਤ ਮਾਨ ਸਰਕਾਰ ਪ੍ਰਤੀ ਆਪਣਾ ਪਿਆਰ ਪ੍ਰਗਟਾਉਣ ਅਤੇ ਇਸ ਦੇ ਕੰਮਾਂ ਦੀ ਸ਼ਲਾਘਾ ਕਰਨ ਲਈ ਆਪ-ਮੁਹਾਰੇ ਇਕੱਠੇ ਹੋਣਗੇ: ਸਰਬਜੀਤ ਕੌਰ ਮਾਣੂੰਕੇ
ਮੋਗਾ / ਚੰਡੀਗੜ੍ਹ, 23 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਤੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ 26 ਤਰੀਕ ਨੂੰ ਮੋਗਾ ਵਿਖੇ ਹੋਣ ਜਾ ਰਹੀ ਪਾਰਟੀ ਦੀ ਮਹਾਂ-ਰੈਲੀ ਨੂੰ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਇਤਿਹਾਸ ਸਿਰਜਣ ਵਾਲਾ ਇਕੱਠ ਕਰਾਰ ਦਿੱਤਾ ਹੈ। ਮੋਗਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਦੱਸਿਆ ਕਿ 116 ਏਕੜ ਦੇ ਵਿਸ਼ਾਲ ਰਕਬੇ ਵਿੱਚ ਲਗਾਇਆ ਗਿਆ ਇਹ ਪੰਡਾਲ ਪੰਜਾਬ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪੰਡਾਲ ਹੈ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੰਚ ਤੋਂ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ 2027 ਦੀਆਂ ਚੋਣਾਂ ਲਈ ਚੋਣ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕਰਨਗੇ ਅਤੇ ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਪੰਜਾਬ ਦੇ ਲੋਕਾਂ ਸਾਹਮਣੇ ਰੱਖਣਗੇ।
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 75 ਸਾਲ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ, ਕਾਂਗਰਸ ਅਤੇ ਬੀਜੇਪੀ ਨੇ ਸਿਰਫ਼ ਲੰਬੇ-ਚੌੜੇ ਚੋਣ ਮੈਨੀਫੈਸਟੋ ਜਾਰੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ, ਜਦਕਿ 'ਆਪ' ਨੇ ਮੈਨੀਫੈਸਟੋ ਦੀ ਥਾਂ ਸਿਰਫ਼ 5 ਗਰੰਟੀਆਂ ਦਿੱਤੀਆਂ ਸਨ ਅਤੇ ਪੰਜ ਸਾਲਾਂ ਵਿੱਚ ਪੰਜੇ ਗਰੰਟੀਆਂ ਪੂਰੀਆਂ ਕਰਕੇ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਰ ਘਰ ਨੂੰ ਮੁਫ਼ਤ ਬਿਜਲੀ ਮਿਲਣ ਨਾਲ ਪ੍ਰਤੀ ਪਰਿਵਾਰ ਸਾਲਾਨਾ 18,000 ਰੁਪਏ ਅਤੇ ਪੰਜ ਸਾਲਾਂ ਵਿੱਚ ਕਰੀਬ 90,000 ਰੁਪਏ ਦੀ ਸਿੱਧੀ ਬੱਚਤ ਹੋਈ ਹੈ। ਇਸੇ ਤਰ੍ਹਾਂ ਮੁਹੱਲਾ ਕਲੀਨਿਕਾਂ ਵਿੱਚ 42 ਤਰ੍ਹਾਂ ਦੇ ਟੈਸਟ ਮੁਫ਼ਤ ਹੋ ਰਹੇ ਹਨ, ਔਰਤਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਅਤੇ ਘਰ ਬੈਠਿਆਂ ਮਾਣ-ਭੱਤਾ ਮਿਲ ਰਿਹਾ ਹੈ, ਸ਼ਗਨ ਸਕੀਮ ਤਹਿਤ ਧੀਆਂ ਦੇ ਵਿਆਹ ਲਈ 51,000 ਰੁਪਏ ਦਿੱਤੇ ਜਾ ਰਹੇ ਹਨ ਅਤੇ ਸਭ ਤੋਂ ਵੱਡਾ ਲੋਕ-ਪੱਖੀ ਫੈਸਲਾ ਲੈਂਦਿਆਂ ਹਰ ਅਮੀਰ-ਗਰੀਬ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਇਲਾਜ ਯਕੀਨੀ ਬਣਾਇਆ ਗਿਆ ਹੈ।
ਖੇਤੀਬਾੜੀ ਅਤੇ ਪਾਣੀਆਂ ਦੇ ਮੁੱਦੇ 'ਤੇ ਬੋਲਦਿਆਂ ਮੁੱਖ ਬੁਲਾਰੇ ਨੇ ਕਿਹਾ ਕਿ ਮਾਨ ਸਰਕਾਰ ਨੇ ਰਿਕਾਰਡ 15,000 ਕਿਲੋਮੀਟਰ ਲੰਬੀਆਂ ਪਾਈਪਲਾਈਨਾਂ ਵਿਛਾ ਕੇ ਅਤੇ ਨਹਿਰਾਂ-ਸੂਇਆਂ ਨੂੰ ਪੱਕਾ ਕਰਕੇ ਨਹਿਰੀ ਪਾਣੀ ਪੰਜਾਬ ਦੇ ਹਰ ਖੇਤ ਅਤੇ ਨੁੱਕਰ ਤੱਕ ਪਹੁੰਚਾਇਆ ਹੈ, ਜਿਸ ਸਦਕਾ ਧਰਤੀ ਹੇਠਲੇ ਪਾਣੀ ਦਾ ਪੱਧਰ ਕਰੀਬ 2 ਮੀਟਰ ਤੱਕ ਉੱਪਰ ਉੱਠਿਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਸਹੀ ਵੰਡ ਨਾਲ ਝੋਨੇ ਦਾ ਰਿਕਾਰਡ ਝਾੜ ਅਤੇ ਵਧੀਆ ਕੁਆਲਿਟੀ ਆਈ ਹੈ, ਉੱਥੇ ਹੀ ਪਹਿਲਾਂ 3,000-3,300 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲੀ ਬਾਸਮਤੀ ਦਾ ਕਿਸਾਨਾਂ ਨੂੰ 4,000 ਤੋਂ 5,500 ਰੁਪਏ ਤੱਕ ਦਾ ਰਿਕਾਰਡ ਭਾਅ ਮਿਲਿਆ ਹੈ ਅਤੇ ਗੰਨੇ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਗਈ ਹੈ।
ਕੇਂਦਰ ਦੀ ਭਾਜਪਾ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਪੰਜਾਬ ਅਤੇ ਸਿੱਖਾਂ ਨਾਲ ਲਗਾਤਾਰ ਵਿਤਕਰਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਯੂਨੀਵਰਸਿਟੀਆਂ ਅਤੇ ਸੂਬੇ ਦੇ ਬਣਦੇ ਫੰਡਾਂ ਦੇ ਹਰ ਮਸਲੇ ਵਿੱਚ ਕੇਂਦਰ ਨੇ ਪੰਜਾਬ ਨਾਲ ਧੱਕਾ ਕੀਤਾ ਹੈ। ਉਨ੍ਹਾਂ ਪਟਨਾ ਸਾਹਿਬ ਨੇੜੇ ਬਣਨ ਵਾਲੇ ਪੁਲ ਅਤੇ ਸੜਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੋਂ ਦੀ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਪ੍ਰਸਤਾਵ ਪਾਸ ਹੋਣ ਦੇ ਬਾਵਜੂਦ ਭਾਜਪਾ ਨੇ ਵੋਟ ਸਿਆਸਤ ਕਰਦਿਆਂ ਉਸ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਦੇ ਨਾਂ 'ਤੇ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਅਕਾਲੀ ਦਲ 'ਤੇ ਵੀ ਵਿਅੰਗ ਕਸਦਿਆਂ ਕਿਹਾ ਕਿ ਜਿਹੜੇ ਲੋਕ ਕਦੇ ਖੇਤਰੀ ਪਾਰਟੀਆਂ ਦੀ ਵਕਾਲਤ ਕਰਦਿਆਂ ਦਿੱਲੀ ਦੀਆਂ ਪਾਰਟੀਆਂ ਨਾਲ ਨਾ ਚੱਲਣ ਦੀਆਂ ਗੱਲਾਂ ਕਰਦੇ ਸਨ, ਅੱਜ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ।
ਕਾਂਗਰਸ ਪਾਰਟੀ ਦੀ ਅੰਦਰੂਨੀ ਕਲੇਸ਼ ਅਤੇ ਪਰਿਵਾਰਵਾਦ 'ਤੇ ਨਿਸ਼ਾਨਾ ਸਾਧਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕਾਂਗਰਸੀ ਆਗੂ ਆਪਸ ਵਿੱਚ ਲੜ ਰਹੇ ਹਨ ਅਤੇ ਸਿਰਫ਼ ਆਪਣੇ ਪਰਿਵਾਰਾਂ ਲਈ ਟਿਕਟਾਂ ਮੰਗ ਰਹੇ ਹਨ। ਰਾਜਾ ਵੜਿੰਗ ਆਪਣੀ ਪਤਨੀ ਲਈ, ਪ੍ਰਤਾਪ ਸਿੰਘ ਬਾਜਵਾ ਆਪਣੇ ਅਤੇ ਪਤਨੀ ਲਈ, ਚਰਨਜੀਤ ਸਿੰਘ ਚੰਨੀ ਆਪਣੇ ਪੁੱਤਰ ਲਈ ਅਤੇ ਰਾਜਿੰਦਰ ਕੌਰ ਭੱਠਲ ਆਪਣੇ ਬੇਟੇ ਤੇ ਜਵਾਈ ਲਈ ਟਿਕਟਾਂ ਦੀ ਦੌੜ ਵਿੱਚ ਹਨ, ਜਦਕਿ ਕਿਸੇ ਵੀ ਆਮ ਵਰਕਰ ਜਾਂ ਬਲਾਕ ਪ੍ਰਧਾਨ ਦੀ ਕੋਈ ਪੁੱਛ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਅਕਾਲੀ-ਕਾਂਗਰਸੀਆਂ ਦੇ 150 ਖਾਨਦਾਨੀ ਪਰਿਵਾਰਾਂ ਦੇ ਮੁਕਾਬਲੇ 'ਆਪ' ਨੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਟਿਕਟਾਂ ਦੇ ਕੇ ਸਿਆਸਤ ਦੀ ਤਸਵੀਰ ਬਦਲ ਦਿੱਤੀ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਸਮੂਹ ਪੰਜਾਬੀਆਂ, ਮਾਵਾਂ-ਭੈਣਾਂ, ਕਿਸਾਨਾਂ-ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 26 ਤਰੀਕ ਨੂੰ ਸਵੇਰੇ 11 ਵਜੇ ਮਟਵਾਣੀ (ਮੋਗਾ) ਵਿਖੇ ਹੁੰਮ-ਹੁਮਾ ਕੇ ਪਹੁੰਚਣ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਹਾਂ-ਰੈਲੀ ਵਿਰੋਧੀ ਪਾਰਟੀਆਂ ਨੂੰ ਸ਼ੀਸ਼ਾ ਦਿਖਾਏਗੀ ਅਤੇ 2027 ਵਿੱਚ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਮੁੜ ਸ਼ਾਨਦਾਰ ਵਾਪਸੀ ਦਾ ਮੁੱਢ ਬੰਨ੍ਹੇਗੀ।
ਉਥੇ ਹੀ ਐਮਐਲਏ ਅਮਨਦੀਪ ਕੌਰ ਅਰੋੜਾ ਨੇ ਸਮੂਹ ਪੰਜਾਬ ਵਾਸੀਆਂ ਨੂੰ 26 ਨਵੰਬਰ ਨੂੰ ਸਵੇਰੇ 11 ਵਜੇ ਮੋਗਾ ਦੇ ਪਿੰਡ ਮਟਵਾਨੀ (ਮੇਨ ਜੀਟੀ ਰੋਡ) ਵਿਖੇ 116 ਏਕੜ ਵਿੱਚ ਹੋਣ ਜਾ ਰਹੀ 'ਖੁਸ਼ਹਾਲ ਪੰਜਾਬ ਰੈਲੀ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਇਸ ਵਿਸ਼ਾਲ ਇਕੱਠ ਨੂੰ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ, ਜਿੱਥੇ ਪੰਜਾਬ ਵਾਸੀਆਂ ਲਈ ਕਈ ਅਹਿਮ ਐਲਾਨ ਵੀ ਕੀਤੇ ਜਾਣਗੇ।
ਐਮਐਲਏ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਬਿਨਾਂ ਕਿਸੇ ਭੇਦਭਾਵ ਦੇ ਚੋਣਾਂ ਦੌਰਾਨ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ 600 ਯੂਨਿਟ ਮੁਫ਼ਤ ਬਿਜਲੀ, 77,000 ਤੋਂ ਵੱਧ ਨੌਜਵਾਨਾਂ ਨੂੰ ਮੈਰਿਟ 'ਤੇ ਸਰਕਾਰੀ ਨੌਕਰੀਆਂ, 'ਮਾਂਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਵਿੱਤੀ ਸਹਾਇਤਾ ਅਤੇ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਬੀਮਾ ਯੋਜਨਾ ਨਾਲ ਸੂਬੇ ਵਿੱਚ ਸਿਹਤ ਤੇ ਸਿੱਖਿਆ ਕ੍ਰਾਂਤੀ ਆਈ ਹੈ। ਇਸ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਦੀ ਸਥਾਪਨਾ, ਖੇਤਾਂ ਤੱਕ 80 ਫੀਸਦੀ ਨਹਿਰੀ ਪਾਣੀ ਪਹੁੰਚਾਉਣਾ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਅਤੇ ਮੋਗਾ ਜ਼ਿਲ੍ਹੇ ਵਿੱਚ ਨਵੇਂ ਡਬਲ ਸਟੋਰੀ ਸਕੂਲਾਂ ਤੇ ਟਰਾਮਾ ਸੈਂਟਰ ਵਰਗੇ ਵਿਕਾਸ ਕਾਰਜਾਂ ਨੇ ਹਰ ਵਰਗ ਨੂੰ ਖੁਸ਼ਹਾਲ ਕੀਤਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਵਲੰਟੀਅਰਾਂ ਨੂੰ ਇਸ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ 26 ਨਵੰਬਰ ਨੂੰ ਸਵੇਰੇ 11:00 ਵਜੇ ਪਿੰਡ ਮਟਵਾਣੀ, ਮੋਗਾ ਵਿਖੇ 'ਖੁਸ਼ਹਾਲ ਪੰਜਾਬ ਰੈਲੀ' ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਰੈਲੀ ਉਨ੍ਹਾਂ ਕੰਮਾਂ ਦੀ ਸਮੀਖਿਆ ਵੀ ਹੈ, ਜਿਹੜੇ 5 ਸਾਲਾਂ ਦੇ ਵਿੱਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਚਾਹੇ ਸਿਹਤ, ਸਿੱਖਿਆ, ਸੁਰੱਖਿਆ, ਸੜਕਾਂ ਦਾ ਕੰਮ ਹੋਵੇ ਜਾਂ ਨੌਜਵਾਨਾਂ ਦੇ ਭਵਿੱਖ ਲਈ ਰੁਜ਼ਗਾਰ ਤੇ ਨੌਕਰੀਆਂ ਦੇਣ ਦੀ ਗੱਲ ਹੋਵੇ, ਹਰ ਖੇਤਰ ਵਿੱਚ ਕੰਮ ਹੋਇਆ ਹੈ। ਮਾਵਾਂ-ਧੀਆਂ ਸਤਿਕਾਰ ਯੋਜਨਾ ਅਤੇ ਮੁੱਖ ਮੰਤਰੀ ਵੱਲੋਂ ਸਰਵਣ ਪੁੱਤ ਬਣ ਕੇ ਕਰਵਾਈ ਗਈ ਤੀਰਥ ਯਾਤਰਾ ਯੋਜਨਾ ਨਾਲ ਲੋਕਾਂ ਨੂੰ ਲਾਭ ਮਿਲਿਆ ਹੈ ਅਤੇ ਅੱਜ ਪੰਜਾਬ ਰੋਕੇਟ ਦੀ ਸਪੀਡ ਨਾਲ ਤਰੱਕੀ ਵੱਲ ਵਧ ਰਿਹਾ ਹੈ। ਵਿਧਾਇਕ ਮਾਣੂਕੇ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਰੈਲੀ ਹੋਵੇਗੀ, ਜਿਸ ਵਿੱਚ ਲੋਕ ਬਿਨਾਂ ਕਿਸੇ ਲੋਭ-ਲਾਲਚ ਦੇ, ਸਿਰਫ਼ ਮਾਨ ਸਰਕਾਰ ਦੇ ਕੰਮਾਂ ਅਤੇ ਪਿਆਰ ਕਰਕੇ ਆਪ-ਮੁਹਾਰੇ ਇਕੱਠੇ ਹੋਣਗੇ।
-mogamaharally-aappunjab-bhagwantmann-arvindkejriwal-punjabassemblyelections2027