ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਦੇ ਮਸ਼ਹੂਰ ਪੰਡਿਤ ਛੋਲੇ ਕੁਲਚੇ ਵਾਲੇ ਦੇ ਮਾਲਕ ਦੇ ਪੁੱਤਰ ਰਾਹੁਲ ਸ਼ਰਮਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਕੁਝ ਦਿਨ ਪਹਿਲਾਂ ਸ਼ਹਿਰ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਰਾਹੁਲ ਸ਼ਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮੌਕੇ ਰਾਜਾ ਵੜਿੰਗ ਨੇ ਪ੍ਰੇਮ ਨਗਰ ਸਥਿਤ ਉਨ੍ਹਾਂ ਦੇ ਘਰ ਪਹੁੰਚ ਕੇ ਰਾਹੁਲ ਦੇ ਪਿਤਾ ਕੁਲਦੀਪ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟਾਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਵੜਿੰਗ ਨੇ ਕਿਹਾ ਕਿ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਮੁਲਜ਼ਮ ਗ੍ਰਿਫ਼ਤਾਰ ਹੋਏ ਹਨ ਜਾਂ ਨਹੀਂ। ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਫ਼ੋਨ ’ਤੇ ਗੱਲ ਕਰਨ ਤੋਂ ਬਾਅਦ ਉਨ੍ਹਾਂ ਪੁਸ਼ਟੀ ਕੀਤੀ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਹੱਤਿਆ ਦੇ ਪਿੱਛੇ ਕੀ ਕਾਰਨ ਸੀ, ਇਹ ਅਜੇ ਪਤਾ ਨਹੀਂ ਲੱਗਿਆ। ਉਨ੍ਹਾਂ ਨੇ ਮੁੜ ਪੁਲਿਸ ਕਮਿਸ਼ਨਰ ਨੂੰ ਫ਼ੋਨ ਕੀਤਾ, ਪਰ ਉਹ ਮੀਟਿੰਗ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਇਸ ਦੌਰਾਨ ਮ੍ਰਿਤਕ ਦੀ ਉਮਰ ਮਹਿਜ਼ 34 ਸਾਲ ਹੋਣ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਦਾ ਜ਼ਿਕਰ ਕਰਦਿਆਂ, ਵੜਿੰਗ ਨੇ ਕਿਹਾ ਕਿ ਆਖ਼ਰ ਇਸ ਘਟਨਾ ਪਿੱਛੇ ਕੀ ਕਾਰਨ ਸੀ? ਨੌਜਵਾਨ ਦਾ ਕਤਲ ਕਿਉਂ ਕੀਤਾ ਗਿਆ? ਨਾ ਕੋਈ ਦੁਸ਼ਮਣੀ ਸੀ ਅਤੇ ਨਾ ਹੀ ਕੋਈ ਝਗੜਾ। ਅਜਿਹੀ ਘਟਨਾ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ। ਉਨ੍ਹਾਂ ਨੇ ਇਸ ਘਟਨਾ ਦੇ ਨਾਲ-ਨਾਲ ਸੂਬੇ ਦੀ ਸਮੁੱਚੀ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ ਵੀ ਚਿੰਤਾ ਪ੍ਰਗਟਾਈ।
ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਕੁਲਦੀਪ ਵੈਦ, ਸਿਮਰਨਜੀਤ ਸਿੰਘ ਬੈਂਸ, ਰਾਜਾ ਵੜਿੰਗ ਦੇ ਓਐਸਡੀ ਜਗਸੀਰ ਸਿੱਧੂ, ਨਿਰਮਲ ਕੈੜਾ, ਮਨਿੰਦਰ ਪਾਲ ਗੁਲਿਆਣੀ, ਰੋਹਿਤ ਪਾਹਵਾ, ਕੁਲਬੀਰ ਨੀਟਾ, ਬ੍ਰਿਜ ਮੋਹਨ ਸ਼ਰਮਾ, ਦੀਪਕ ਹੰਸ, ਹਰਭਗਤ ਗਰੇਵਾਲ, ਜਸਵਿੰਦਰ ਸਿੰਘ ਓਸਸਾਹਨ ਅਤੇ ਵਰੁਣ ਸ਼ਰਮਾ ਵੀ ਮੌਜੂਦ ਸਨ।