— ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ
— ਵਿਦੇਸ਼ੀ ਹੈਂਡਲਰ ਅਪਰਾਧਿਕ ਤੱਤਾਂ ਤੱਕ ਗੈਰ-ਕਾਨੂੰਨੀ ਹਥਿਆਰ ਪਹੁੰਚਾਉਣ ਵਿੱਚ ਕਰ ਰਹੇ ਸਨ ਮਦਦ: ਸੀਪੀ ਹਰਮਨਬੀਰ ਸਿੰਘ ਗਿੱਲ
ਚੰਡੀਗੜ੍ਹ/ਅੰਮ੍ਰਿਤਸਰ, 30 ਅਕਤੂਬਰ:
ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਮੁਹਿੰਮ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਤਿੰਨ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਦਿਆਂ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 11 ਪਿਸਤੌਲ ਅਤੇ 2.293 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਣਦੀਪ ਸਿੰਘ ਉਰਫ਼ ਬੱਬੂ (24), ਵਾਸੀ ਭੱਲਾ ਕਲੋਨੀ, ਅੰਮ੍ਰਿਤਸਰ; ਕਰਨ ਸਿੰਘ ਉਰਫ਼ ਵੰਸ਼ (19) ਅਤੇ ਕਰਣਦੀਪ ਸਿੰਘ ਉਰਫ਼ ਕਰਨ (20), ਦੋਵੇਂ ਵਾਸੀ ਪਿੰਡ ਨੌਸ਼ਹਿਰਾ ਢਾਲਾ, ਤਰਨਤਾਰਨ; ਅੰਗਰਾਜ ਸਿੰਘ ਉਰਫ਼ ਸ਼ੈਂਕੀ (28) ਅਤੇ ਰਾਹੁਲ ਉਰਫ਼ ਸ਼ਾਨੀ (30), ਦੋਵੇਂ ਵਾਸੀ ਪਿੰਡ ਘਨੂਪੁਰ ਕਾਲੇ, ਅੰਮ੍ਰਿਤਸਰ; ਮਨਪ੍ਰੀਤ ਸਿੰਘ ਉਰਫ਼ ਕਰਨ (22), ਵਾਸੀ ਪਿੰਡ ਅਟਾਰੀ, ਅੰਮ੍ਰਿਤਸਰ; ਕਪਿਲ ਉਰਫ਼ ਪਾਪਲ (31), ਵਾਸੀ ਗੋਵਾਲ ਮੰਡੀ, ਅੰਮ੍ਰਿਤਸਰ ਅਤੇ ਨਿਖਿਲ ਗਿੱਲ ਉਰਫ਼ ਸਾਪ (27), ਵਾਸੀ ਸਦਰ ਬਾਜ਼ਾਰ ਕੈਂਟ, ਅੰਮ੍ਰਿਤਸਰ ਵਜੋਂ ਹੋਈ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਵਿੱਚੋਂ ਅੰਗਰਾਜ ਸਿੰਘ, ਕਪਿਲ ਉਰਫ਼ ਪਾਪਲ ਅਤੇ ਨਿਖਿਲ ਗਿੱਲ ਦਾ ਅਪਰਾਧਿਕ ਪਿਛੋਕੜ ਵੀ ਸਾਹਮਣੇ ਆਇਆ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ 9 ਐਮਐਮ ਗਲੌਕ ਪਿਸਤੌਲ, ਦੋ .30 ਬੋਰ ਸਟਾਰ ਪਿਸਤੌਲ, ਇੱਕ .30 ਬੋਰ ਬੇਰੇਟਾ, ਇੱਕ .30 ਬੋਰ ਪੀਐਕਸ-5, ਤਿੰਨ ਹੋਰ .30 ਬੋਰ ਪਿਸਤੌਲ ਅਤੇ ਇੱਕ ਦੇਸੀ .32 ਬੋਰ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ ਚਾਰ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਇਹ ਹੈਂਡਲਰ ਅਪਰਾਧਿਕ ਅਨਸਰਾਂ ਤੱਕ ਪਹੁੰਚਾਉਣ ਲਈ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਵਾਉਣ ਵਿੱਚ ਮਦਦ ਕਰ ਰਹੇ ਸਨ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।