*ਡੇਅਰੀ ਕਿਸਾਨਾਂ ਨੂੰ ਦਰਿਆ ਵਿੱਚ ਗੋਬਰ ਨਾ ਸੁੱਟਣ ਦੀ ਚੇਤਾਵਨੀ; ਨਗਰ ਨਿਗਮ ਵੱਲੋਂ ਨਿਯੁਕਤ ਠੇਕੇਦਾਰ ਨੂੰ ਗੋਬਰ ਸੌਂਪਣ ਦੀ ਅਪੀਲ*
ਲੁਧਿਆਣਾ, 5 ਅਕਤੂਬਰ:
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸੋਮਵਾਰ ਨੂੰ ਸ਼ਿੰਗਾਰ ਸਿਨੇਮਾ ਨੇੜੇ ਨਗਰ ਨਿਗਮ ਜ਼ੋਨ-ਬੀ ਦਫ਼ਤਰ ਵਿਖੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਦੇ ਡੇਅਰੀ ਕਿਸਾਨਾਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ।
ਇਸ ਮੀਟਿੰਗ ਦਾ ਮਕਸਦ ਡੇਅਰੀ ਕਿਸਾਨਾਂ ਨੂੰ ਬੁੱਢੇ ਦਰਿਆ ਅਤੇ ਸੀਵਰੇਜ ਲਾਈਨਾਂ ਵਿੱਚ ਗੋਬਰ ਸੁੱਟਣ ਤੋਂ ਰੋਕਣਾ ਸੀ। ਡੇਅਰੀ ਕਿਸਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਗੋਬਰ ਉਸ ਠੇਕੇਦਾਰ ਨੂੰ ਸੌਂਪਣ ਜਿਸਨੂੰ ਨਗਰ ਨਿਗਮ ਵੱਲੋਂ ਡੇਅਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਲਈ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ, ਠੇਕੇਦਾਰ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਗੋਬਰ ਨੂੰ ਰੇਹੜਿਆਂ ਰਾਹੀਂ ਚੁੱਕਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ।
ਮੀਟਿੰਗ ਦੌਰਾਨ, ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਕੰਪਲੈਕਸਾਂ ਵਿੱਚ ਬਾਇਓ-ਗੈਸ ਪਲਾਂਟ ਸਥਾਪਤ ਕਰਨ ਦੇ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਉਣ ਲਈ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਰਾਜ ਸਭਾ ਮੈਂਬਰ ਸੀਚੇਵਾਲ, ਮੇਅਰ ਇੰਦਰਜੀਤ ਕੌਰ, ਵਿਧਾਇਕ ਗਰੇਵਾਲ ਅਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਕਿਹਾ ਕਿ ਸੀਵਰੇਜ ਲਾਈਨਾਂ ਵਿੱਚ ਗੋਬਰ ਸੁੱਟਣ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐਸ.ਟੀ.ਪੀ.) ਅਤੇ ਐਫਲੂਐਂਟ ਟ੍ਰੀਟਮੈਂਟ ਪਲਾਂਟਾਂ (ਈ.ਟੀ.ਪੀ.) ਦੇ ਕੰਮਕਾਜ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਇਹ ਦੱਸਦਿਆਂ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਡੇਅਰੀ ਕੰਪਲੈਕਸ ਦੀਆਂ ਗਲੀਆਂ ਵਿੱਚੋਂ ਗੋਬਰ ਸਾਫ਼ ਕਰ ਦਿੱਤਾ ਜਾਵੇਗਾ, ਡੇਅਰੀ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਦੁਬਾਰਾ ਗਲੀਆਂ ਜਾਂ ਸੀਵਰੇਜ ਲਾਈਨਾਂ ਵਿੱਚ ਗੋਬਰ ਸੁੱਟਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਰਾਜ ਸਭਾ ਮੈਂਬਰ ਸੀਚੇਵਾਲ, ਮੇਅਰ ਇੰਦਰਜੀਤ ਕੌਰ ਅਤੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰਦਿਆਂ, ਸੂਬਾ ਸਰਕਾਰ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਵਚਨਬੱਧ ਹੈ। ਉਹ ਡੇਅਰੀ ਕਿਸਾਨਾਂ ਦੇ ਵਿਰੁੱਧ ਨਹੀਂ ਹਨ ਅਤੇ ਆਮ ਲੋਕਾਂ ਦੀ ਸਹੂਲਤ ਲਈ ਹਮੇਸ਼ਾ ਤਿਆਰ ਪਰ ਦਰਿਆ ਵਿੱਚ ਪ੍ਰਦੂਸ਼ਣ ਘਟਾਉਣ ਲਈ ਕਦਮ ਚੁੱਕਣ ਦੀ ਲੋੜ ਹੈ ਅਤੇ ਡੇਅਰੀ ਮਾਲਕਾਂ ਨੂੰ ਅਧਿਕਾਰੀਆਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। ਜੇਕਰ ਫਿਰ ਵੀ ਕੋਈ ਵਿਅਕਤੀ ਦਰਿਆ ਜਾਂ ਸੀਵਰੇਜ ਲਾਈਨਾਂ ਵਿੱਚ ਗੋਬਰ ਸੁੱਟਦਾ ਫੜਿਆ ਜਾਂਦਾ ਹੈ, ਤਾਂ ਅਧਿਕਾਰੀ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਗੇ।