• ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ 30 ਸਤੰਬਰ ਤੱਕ ਸਾਰੇ ਸੰਵੇਦਨਸ਼ੀਲ ਪਸ਼ੂਆਂ ਨੂੰ ਗਲ ਘੋਟੂ ਰੋਗ ਤੋਂ ਬਚਾਅ ਦੇ ਟੀਕਿਆਂ ਦੀਆਂ ਮੁਫ਼ਤ ਬੂਸਟਰ ਖ਼ੁਰਾਕਾਂ ਦੇਣ ਦੇ ਨਿਰਦੇਸ਼
• ਬਹੁ-ਪੱਖੀ ਮੁਹਿੰਮ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਹਾਇਤਾ ਲਈ ਸਮੂਹਿਕ ਟੀਕਾਕਰਨ, ਕੀਟਾਣੂ-ਰਹਿਤ ਕਰਨ, ਐਮਰਜੈਂਸੀ ਦੇਖਭਾਲ ਅਤੇ ਪੌਸ਼ਟਿਕ ਖ਼ੁਰਾਕ ਮੁਹੱਈਆ ਕਰਵਾਉਣ 'ਤੇ ਹੋਵੇਗੀ ਕੇਂਦ੍ਰਿਤ
• ਸਾਡੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਦੀ ਸੁਰੱਖਿਆ ਲਈ ਪੂਰੀ ਵੈਟਰਨਰੀ ਮਸ਼ੀਨਰੀ ਨੂੰ ਮਿਸ਼ਨ ਮੋਡ ‘ਤੇ ਤਾਇਨਾਤ ਕੀਤਾ: ਖੁੱਡੀਆਂ
ਚੰਡੀਗੜ੍ਹ, 14 ਸਤੰਬਰ:
ਸੂਬੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਮਾਰੂ ਨਤੀਜਿਆਂ ਤੋਂ ਸਮੁੱਚੇ ਪਸ਼ੂਧਨ ਦੀ ਸੁਰੱਖਿਆ ਲਈ ਫੈਸਲਾਕੁਨ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ, ਖੁਰ ਰੋਗ ਅਤੇ ਪਰਜੀਵੀ ਲਾਗਾਂ ਸਮੇਤ ਗੰਭੀਰ ਜੋਖਮਾਂ ਨੂੰ ਘਟਾਉਣ ਲਈ ਵਿਆਪਕ ਅਤੇ ਸਮਾਂਬੱਧ ਕਾਰਜ ਯੋਜਨਾ ਉਲੀਕੀ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਹੜ੍ਹਾਂ ਦੌਰਾਨ 713 ਪਿੰਡਾਂ ਵਿੱਚ 2.53 ਲੱਖ ਪਸ਼ੂ ਪ੍ਰਭਾਵਿਤ ਹੋਏ ਹਨ।
ਇਸ ਵਿਆਪਕ ਕਾਰਜ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ ਪਸ਼ੂਆਂ ਨੂੰ ਹੜ੍ਹ ਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਹੈ। ਇਨ੍ਹਾਂ ਬੀਮਾਰੀਆਂ ਵਿੱਚ ਗਲ ਘੋਟੂ, ਖੁਰ ਰੋਗ, ਥਣਾਂ ਦੀ ਬੀਮਾਰੀ, ਚਿੱਚੜ ਰੋਗ, ਚਮੜੀ ਰੋਗ, ਮੋਕ ਲੱਗਣੀ ਆਦਿ ਰੋਗਾਂ ਅਤੇ ਪੋਸ਼ਣ ਦੀ ਘਾਟ ਸ਼ਾਮਲ ਹੈ। ਇਸ ਬਹੁ-ਪੱਖੀ ਮੁਹਿੰਮ ਤਹਿਤ ਪ੍ਰਭਾਵਿਤ ਪਸ਼ੂ ਪਾਲਕਾਂ ਦੀ ਸਹਾਇਤਾ ਲਈ ਸਮੂਹਿਕ ਟੀਕਾਕਰਨ, ਕੀਟਾਣੂ-ਮੁਕਤ ਕਰਨ ਅਤੇ ਐਮਰਜੈਂਸੀ ਦੇਖਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਸ਼ੂ ਸਾਡੀ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਇਸ ਆਫ਼ਤ ਦੀ ਘੜੀ ਵਿੱਚ ਅਸੀਂ ਆਪਣੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸਿਰਫ਼ ਰਾਹਤ ਸਬੰਧੀ ਇੱਕ ਯਤਨ ਨਹੀਂ, ਸਗੋਂ ਇਹ ਮਹਾਂਮਾਰੀ ਦੇ ਕਹਿਰ ਨੂੰ ਰੋਕਣ ਅਤੇ ਲੱਖਾਂ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਮਿਸ਼ਨ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਰੋਜ਼ੀ-ਰੋਟੀ ਸੁਰੱਖਿਅਤ ਹੋ ਸਕੇ। ਅਸੀਂ ਆਪਣੀ ਪੂਰੀ ਵੈਟਰਨਰੀ ਮਸ਼ੀਨਰੀ ਨੂੰ ਮਿਸ਼ਨ ਮੋਡ ਵਿੱਚ ਤਾਇਨਾਤ ਕਰ ਰਹੇ ਹਾਂ ਤਾਂ ਜੋ ਕੋਈ ਵੀ ਪਸ਼ੂ ਜਾਂ ਕਿਸਾਨ ਵਾਂਝਾ ਨਾ ਰਹੇ।
ਇਸ ਕਾਰਜ ਯੋਜਨਾ ਦੇ ਮੁੱਖ ਪਹਿਲੂਆਂ ਨੂੰ ਉਜਾਗਰ ਕਰਦਿਆਂ ਸ. ਖੁੱਡੀਆਂ ਨੇ ਦੱਸਿਆ ਕਿ ਪਾਣੀ ਦੀਆਂ ਬੀਮਾਰੀਆਂ ਨੂੰ ਕੰਟਰੋਲ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਸਹਿਯੋਗ ਨਾਲ ਰੈਪਿਡ ਕਲੀਨ-ਅੱਪ ਅਤੇ ਕੀਟਾਣੂ-ਰਹਿਤ ਮੁਹਿੰਮ ਤਹਿਤ ਸਾਰੇ ਪ੍ਰਭਾਵਿਤ ਪਸ਼ੂ ਆਸਰਿਆਂ ਅਤੇ ਫੀਡਿੰਗ ਖੇਤਰਾਂ ਦੀ ਸਫਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੀਟਾਣੂ-ਰਹਿਤ ਕੀਤਾ ਜਾਵੇਗਾ ਅਤੇ ਵੱਡੇ ਪੱਧਰ 'ਤੇ ਫੌਗਿੰਗ ਕਰਵਾਈ ਜਾਵੇਗੀ। ਵਿਭਾਗ ਵੱਲੋਂ ਖੜ੍ਹੇ ਪਾਣੀ ਨੂੰ ਕੀਟਾਣੂ-ਰਹਿਤ ਕਰਨ ਅਤੇ ਫੁੱਟ-ਰੋਟ ਵਰਗੇ ਘਾਤਕ ਸੰਕਰਮਣਾਂ ਨੂੰ ਰੋਕਣ ਲਈ ਫੁੱਟ-ਡਿਪ ਬਣਾਉਣ ਵਾਸਤੇ ਕਿਸਾਨਾਂ ਨੂੰ ਪੋਟਾਸ਼ੀਅਮ ਪਰਮੈਂਗਨੇਟ (ਕੇਐਮਐਨਓ4) ਕ੍ਰਿਸਟਲ ਵੀ ਮੁਫਤ ਵੰਡੇ ਜਾਣਗੇ। ਇਹ ਸਾਰੇ ਉਪਾਅ 21 ਸਤੰਬਰ, 2025 ਤੱਕ ਲਾਗੂ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਐਮਰਜੈਂਸੀ ਟੀਕਾਕਰਨ ਪ੍ਰੋਟੋਕੋਲ ਤਹਿਤ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ 30 ਸਤੰਬਰ ਤੱਕ ਸਾਰੇ ਸੰਵੇਦਨਸ਼ੀਲ ਪਸ਼ੂਆਂ ਨੂੰ ਗਲ ਘੋਟੂ ਰੋਗ ਤੋਂ ਬਚਾਅ ਲਈ ਟੀਕੇ ਦੀਆਂ ਮੁਫਤ ਬੂਸਟਰ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਸ਼ੂਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਘਰ-ਘਰ ਜਾ ਕੇ ਸਿਹਤ ਸਬੰਧੀ ਨਿਗਰਾਨੀ ਅਤੇ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਵੈਟਰਨਰੀ ਅਫਸਰਾਂ ਅਤੇ ਪੈਰਾ-ਸਟਾਫ਼ ਦੀਆਂ ਟੀਮਾਂ ਤੁਰੰਤ ਦਖ਼ਲ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਤਣਾਅ, ਸੱਟਾਂ ਅਤੇ ਬੀਮਾਰੀ ਦੇ ਲੱਛਣਾਂ ਲਈ ਪਸ਼ੂਆਂ ਦੀ ਨਿਗਰਾਨੀ ਕਰਨ ਲਈ ਰੋਜ਼ਾਨਾ ਪਿੰਡ ਦੇ ਦੌਰੇ ਕਰ ਰਹੀਆਂ ਹਨ।
ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਪੋਸ਼ਣ ਸਬੰਧੀ ਕਮੀਆਂ ਅਤੇ ਬੀਮਾਰੀਆਂ ਨਾਲ ਨਜਿੱਠਣ ਲਈ ਜ਼ਰੂਰੀ ਦਵਾਈਆਂ ਖਣਿਜ ਮਿਸ਼ਰਣ (ਯੂਰੋਮਿਨ ਲਿਕਸ) ਅਤੇ ਸਾਈਲੇਜ ਦੀ ਵੀ ਮੁਫ਼ਤ ਵੰਡ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਸ਼ੂਆਂ ਲਈ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੇ ਤਾਲਮੇਲ ਨਾਲ ਕਲੋਰੀਨ ਦੀਆਂ ਗੋਲੀਆਂ ਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਇੱਕ ਮਜ਼ਬੂਤ ਨਿਗਰਾਨ ਢਾਂਚਾ ਵੀ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਪਸ਼ੂ ਪਾਲਣ ਡਾਇਰੈਕਟਰ ਦੀ ਅਗਵਾਈ ਵਿੱਚ ਵਿਸ਼ੇਸ਼ ਪੋਸਟ-ਫਲੱਡ ਮੌਨੀਟਰਿੰਗ ਟੀਮ ਸ਼ਾਮਲ ਹੈ। ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਡਾਇਰੈਕਟਰ ਜ਼ਮੀਨੀ ਪੱਧਰ 'ਤੇ ਇਸ ਮੁਹਿੰਮ ਦੇ ਅਮਲ ਲਈ ਜ਼ਿੰਮੇਵਾਰ ਹੋਣਗੇ ਅਤੇ ਸਮੀਖਿਆ ਲਈ ਰੋਜ਼ਾਨਾ ਪ੍ਰਗਤੀ ਰਿਪੋਰਟਾਂ ਜਮ੍ਹਾਂ ਕਰਵਾਉਣਗੇ। ਇਸ ਮੁਹਿੰਮ ਦੀ ਪ੍ਰਭਾਵਸ਼ੀਲਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਰਿਪੋਰਟ ਕੀਤੀਆਂ ਗਈਆਂ ਥਾਵਾਂ ਦੇ 20 ਫ਼ੀਸਦੀ ਖੇਤਰ ਵਿੱਚ ਰੋਜ਼ਾਨਾ ਖ਼ੁਦ ਜਾ ਕੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਫੀਲਡ ਸਟਾਫ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸ਼ੁਰੂਆਤੀ ਤੌਰ 'ਤੇ ਪਛਾਣੇ ਗਏ 713 ਪਿੰਡਾਂ ਤੋਂ ਇਲਾਵਾ ਇਸ ਮੁਹਿੰਮ ਦਾ ਵਿਸਤਾਰ ਸਥਾਨਕ ਮੁਲਾਂਕਣ ਦੇ ਆਧਾਰ 'ਤੇ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ 'ਤੇ ਸਿੱਧੀ ਸਹਾਇਤਾ ਪਹੁੰਚਾਉਣ ਲਈ ਸਥਾਨਕ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਤਾਲਮੇਲ ਨਾਲ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਵਿਸ਼ੇਸ਼ ਜਾਗਰੂਕਤਾ ਅਤੇ ਇਲਾਜ ਕੈਂਪ ਲਗਾਏ ਜਾ ਰਹੇ ਹਨ।
Powered by Froala Editor
Punjab-Rolls-Out-Comprehensive-Time-Bound-Action-Plan-To-Protect-Livestock-From-Flood-Aftermath
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)