ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ’ਤੇ ਪ੍ਰਸ਼ਾਸਨ ਸਖ਼ਤ, ਹੋਲਸੇਲਰਾਂ ਲਈ 4 ਹਜ਼ਾਰ ਕੁਇੰਟਲ ਦੀ ਸਟਾਕ ਲਿਮਟ
Aug25,2026
| Jagrati Lahar Bureau | Moga
ਪੰਜਾਬ ਸਮੇਤ ਦੇਸ਼ ਭਰ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ ਆਈ ਤੇਜ਼ੀ ਦੇ ਮੱਦੇਨਜ਼ਰ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਰੋਕਣ ਲਈ ਸਖ਼ਤੀ ਵਧਾ ਦਿੱਤੀ ਹੈ।
ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਖੰਡ ਦੇ ਹੋਲਸੇਲਰਾਂ ਅਤੇ ਡੀਲਰਾਂ ਨਾਲ ਮੀਟਿੰਗ ਕਰਕੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਡੀਲਰ ਸਟਾਕ ਪ੍ਰਾਪਤ ਹੋਣ ਦੀ ਮਿਤੀ ਤੋਂ 30 ਦਿਨਾਂ ਤੋਂ ਵੱਧ ਸਮੇਂ ਤੱਕ ਖੰਡ ਦਾ ਸਟਾਕ ਆਪਣੇ ਕੋਲ ਨਹੀਂ ਰੱਖ ਸਕੇਗਾ। ਇਸ ਤੋਂ ਇਲਾਵਾ ਦੇਸ਼ ਵਿੱਚ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ ’ਤੇ 4,000 ਕੁਇੰਟਲ ਤੋਂ ਵੱਧ ਖੰਡ ਦਾ ਸਟਾਕ ਰੱਖਣ ਦੀ ਮਨਾਹੀ ਹੋਵੇਗੀ।
ਜਿਨ੍ਹਾਂ ਡੀਲਰਾਂ ਨੇ ਹਾਲੇ ਤੱਕ ਫੂਡ ਸਟਾਕ ਮੋਨੀਟਰਿੰਗ ਪੋਰਟਲ ’ਤੇ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਨ੍ਹਾਂ ਨੂੰ ਤੁਰੰਤ ਰਜਿਸਟਰ ਕਰਨ ਅਤੇ ਮੌਜੂਦਾ ਸਟਾਕ ਦਾ ਵੇਰਵਾ ਪੋਰਟਲ ’ਤੇ ਅਪਲੋਡ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਹਰ ਸ਼ੁੱਕਰਵਾਰ ਨੂੰ ਖੰਡ ਦੇ ਸਟਾਕ ਦੀ ਸਥਿਤੀ ਅਪਡੇਟ ਕਰਨੀ ਲਾਜ਼ਮੀ ਹੋਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਨੇ ਹੋਲਸੇਲਰਾਂ ਨੂੰ ਭਾਰਤ ਸਰਕਾਰ ਵੱਲੋਂ ਨਿਰਧਾਰਤ ਸਟਾਕ ਸੀਮਾ ਅਤੇ ਸਮਾਂ-ਸੀਮਾ ਦੀ ਪਾਲਣਾ ਕਰਨ ਲਈ ਕਿਹਾ, ਤਾਂ ਜੋ ਮੋਗਾ ਵਿੱਚ ਖੰਡ ਦੀ ਜਮ੍ਹਾਂਖੋਰੀ, ਕਾਲਾਬਾਜ਼ਾਰੀ ਅਤੇ ਨਕਲੀ ਘਾਟ ਨੂੰ ਰੋਕਿਆ ਜਾ ਸਕੇ ਅਤੇ ਆਮ ਲੋਕਾਂ ਨੂੰ ਖੰਡ ਦੀ ਉਪਲਬਧਤਾ ਵਿੱਚ ਕੋਈ ਮੁਸ਼ਕਲ ਨਾ ਆਵੇ।
ਮੀਟਿੰਗ ਵਿੱਚ ਮੌਜੂਦ ਖੰਡ ਦੇ ਹੋਲਸੇਲਰਾਂ ਅਤੇ ਡੀਲਰਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜਮ੍ਹਾਂਖੋਰੀ ਜਾਂ ਕਾਲਾਬਾਜ਼ਾਰੀ ਸਬੰਧੀ ਕੋਈ ਸ਼ਿਕਾਇਤ ਦਾ ਮੌਕਾ ਨਾ ਦੇਣ ਦਾ ਭਰੋਸਾ ਦਿੱਤਾ।
-moga-sugarprices-sugarrate-sugarstock-blackmarketing-hoarding-punjabgovernment-foodsupplydepartment-dfsc-sagarsetia-sukhwindersinghgill-foodstockmonitoring-punjabnews