ਰਿਸ਼ਤੇਦਾਰਾਂ ਦੇ ਨਾਂ ’ਤੇ ਜ਼ਮੀਨਾਂ ਕਰਵਾ ਕੇ ਵੱਧ ਮੁਆਵਜ਼ਾ ਲੈਣ ਦੇ ਦੋਸ਼; ਸੈਕਟਰ-119 ਸਥਿਤ ਦਫ਼ਤਰ ’ਚ 15 ਮੈਂਬਰੀ ਟੀਮ ਨੇ ਖੰਗਾਲਿਆ ਰਿਕਾਰਡ
ਮੋਹਾਲੀ, 29 ਸਤੰਬਰ
ਗੁਰਵਿੰਦਰ ਸਿੰਘ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਮੋਹਾਲੀ ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਗਮਾਡਾ ਦਫ਼ਤਰ ’ਤੇ ਛਾਪੇਮਾਰੀ ਤੋਂ ਬਾਅਦ ਹੁਣ ਈਡੀ ਦੀ 15 ਮੈਂਬਰੀ ਟੀਮ ਵੱਲੋਂ ਟੀਡੀਆਈ ਇਨਫਰਾਟੈੱਕ ਲਿਮਟਿਡ ਦੇ ਸੈਕਟਰ-119 ਸਥਿਤ ਦਫ਼ਤਰ ਦੀ ਜਾਂਚ ਕੀਤੀ ਗਈ।
ਸੂਤਰਾਂ ਅਨੁਸਾਰ ਈਡੀ ਦੀ ਟੀਮ ਨੇ ਦਫ਼ਤਰ ਵਿੱਚ ਮੌਜੂਦ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਕੇ ਰਿਕਾਰਡ ਦੀ ਜਾਂਚ ਸ਼ੁਰੂ ਕੀਤੀ। ਮੁੱਢਲੀ ਪੜਤਾਲ ਤੋਂ ਬਾਅਦ ਕੁਝ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਵਾਪਸ ਵੀ ਕਰ ਦਿੱਤੇ ਗਏ।
ਵੇਰਵਿਆਂ ਅਨੁਸਾਰ ਇਹ ਮਾਮਲਾ ਜ਼ਮੀਨ ਦੇ ਮੁਆਵਜ਼ੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਦੌਰਾਨ ਟੀਡੀਆਈ ਇਨਫਰਾਟੈੱਕ ਖ਼ਿਲਾਫ਼ ਈਡੀ ਨੂੰ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਵਿੱਚ ਪੀਆਰ-6 ਸੜਕ ਲਈ ਐਕੁਆਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਵਿੱਚ ਕਥਿਤ ਗੜਬੜ ਦੇ ਦੋਸ਼ ਲਗਾਏ ਗਏ ਹਨ।
ਸੂਤਰ ਦੱਸਦੇ ਹਨ ਕਿ ਮਾਸਟਰ ਪਲਾਨ ਵਿੱਚ ਸ਼ਾਮਲ ਜ਼ਮੀਨ ਦਾ ਭੂ-ਵਰਤੋਂ ਬਦਲਣ ਤੋਂ ਬਾਅਦ ਕੰਪਨੀ ਨਾਲ ਸਬੰਧਤ ਕੁਝ ਲੋਕਾਂ ਅਤੇ ਰਿਸ਼ਤੇਦਾਰਾਂ ਦੇ ਨਾਂ ’ਤੇ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਗਈਆਂ। ਦੋਸ਼ ਹੈ ਕਿ ਇਸ ਤਰੀਕੇ ਨਾਲ ਜ਼ਮੀਨ ਦਾ ਵੱਧ ਮੁਆਵਜ਼ਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਕਰੀਬ ਛੇ ਕਰੋੜ ਰੁਪਏ ਦੀ ਗੜਬੜ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਕੰਪਨੀ ਨਾਲ ਜੁੜੇ ਲੋਕਾਂ ਵੱਲੋਂ ਰਿਸ਼ਤੇਦਾਰਾਂ ਦੇ ਨਾਂ ’ਤੇ ਰਜਿਸਟਰੀਆਂ ਕਰਵਾ ਕੇ ਜ਼ਮੀਨ ਦਾ ਵੱਧ ਮੁਆਵਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਵਿਵਾਦ ਪੈਦਾ ਹੋ ਚੁੱਕਾ ਸੀ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿੱਚ ਕੰਪਨੀ ਵੱਲੋਂ ਖ਼ੁਦ ਗਮਾਡਾ ਦਫ਼ਤਰ ਨਾਲ ਸੰਪਰਕ ਕਰਕੇ ਇਨ੍ਹਾਂ ਰਜਿਸਟਰੀਆਂ ਨੂੰ ਰੱਦ ਕਰਨ ਲਈ ਕਿਹਾ ਗਿਆ ਸੀ।
ਈਡੀ ਦੀ ਟੀਮ ਵੱਲੋਂ ਦਫ਼ਤਰ ਵਿੱਚ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਈਡੀ ਵੱਲੋਂ ਇੱਕ ਹੋਰ ਜ਼ਮੀਨੀ ਮਾਮਲੇ ਨਾਲ ਸਬੰਧਤ ਥਾਂ ’ਤੇ ਵੀ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਹੈ। ਹਾਲਾਂਕਿ, ਇਸ ਸਬੰਧੀ ਈਡੀ ਵੱਲੋਂ ਅਧਿਕਾਰਤ ਤੌਰ ’ਤੇ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ।