- ਮਹਿਜ਼ 2 ਮਿੰਟ 12 ਸਕਿੰਟਾਂ ਵਿੱਚ 100 ਸ਼ਬਦਾਂ ਦੀ ਸਪੈਲਿੰਗ ਉਲਟੀ ਕਰਕੇ ਸੁਣਾਈ, ਚੌਥੀ ਜਮਾਤ ਦੀ ਵਿਦਿਆਰਥਣ ਨੇ ਕੌਮਾਂਤਰੀ ਪੱਧਰ 'ਤੇ ਚਮਕਾਇਆ ਬਠਿੰਡਾ ਦਾ ਨਾਮ
- ਪਹਿਲਾਂ ਵੀ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾ ਚੁੱਕੀ ਹੈ ਨਾਮ, ਦੋ ਕੌਮਾਂਤਰੀ ਅਬੈਕਸ ਮੁਕਾਬਲਿਆਂ ਵਿੱਚ ਵੀ ਜਿੱਤ ਚੁੱਕੀ ਹੈ ਇਨਾਮ
- ਐੱਸ.ਐੱਸ.ਪੀ. ਬਠਿੰਡਾ ਸੁਹੇਲ ਮੀਰ ਨੇ ਆਪਣੇ ਦਫ਼ਤਰ ਵਿਖੇ ਕੀਤਾ ਵਿਸ਼ੇਸ਼ ਤੌਰ 'ਤੇ ਸਨਮਾਨਿਤ
ਬਠਿੰਡਾ, 13 ਨਵੰਬਰ (ਪਰਵਿੰਦਰ ਜੀਤ ਸਿੰਘ ): ਨਿੱਕੀ ਉਮਰ, ਵੱਡੀ ਪ੍ਰਾਪਤੀ ਅਤੇ ਅਸਾਧਾਰਨ ਦਿਮਾਗੀ ਸਮਰੱਥਾ! ਬਠਿੰਡਾ ਦੀ 9 ਸਾਲਾ ਵਿਦਿਆਰਥਣ ਇਬਾਦਤ ਕੌਰ ਸਿੱਧੂ ਨੇ ਆਪਣੀ ਵਿਲੱਖਣ ਯਾਦਦਾਸ਼ਤ ਅਤੇ ਸ਼ਾਨਦਾਰ ਮਾਨਸਿਕ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ ਅੰਗਰੇਜ਼ੀ ਭਾਸ਼ਾ ਦੇ 100 ਸ਼ਬਦਾਂ ਦੀ ਸਪੈਲਿੰਗ ਉਲਟੀ ਸੁਣਾ ਮਹਿਜ਼ 2 ਮਿੰਟ 12 ਸਕਿੰਟਾਂ ਵਿੱਚ ਸੁਣਾਉਣ ਦਾ ਨਵਾਂ ਵਰਲਡ ਰਿਕਾਰਡ ਕਾਇਮ ਕੀਤਾ ਹੈ। ਉਸ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਬਠਿੰਡਾ ਸਮੇਤ ਸਮੁੱਚੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਬਠਿੰਡਾ ਦੇ ਐੱਸ.ਐੱਸ.ਪੀ. ਸ੍ਰੀ ਸੁਹੇਲ ਮੀਰ ਨੇ ਇਸ ਹੋਣਹਾਰ ਬੱਚੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਕੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ।
ਰੰਜੀਵ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਜੀ ਸਕੂਲ ਬਠਿੰਡਾ ਦੀ ਚੌਥੀ ਜਮਾਤ ਦੀ ਵਿਦਿਆਰਥਣ ਇਬਾਦਤ ਕੌਰ ਸਿੱਧੂ ਪੁੱਤਰੀ ਸ੍ਰੀਮਤੀ ਅਰਸ਼ਪ੍ਰੀਤ ਸਿੱਧੂ ਨੇ ਅੰਗਰੇਜ਼ੀ ਦੇ ਐਪਲ, ਕੈਟ, ਇੰਡੀਆ, ਬਠਿੰਡਾ, ਪੰਜਾਬ ਅਤੇ ਸਕੂਲ ਆਦਿ ਸਮੇਤ 100 ਸ਼ਬਦਾਂ ਦੀ ਸਪੈਲਿੰਗ ਨੂੰ ਉਲਟਾ ਕਰਕੇ ਸੁਣਾਉਣ ਦੀ ਇਹ ਵਿਲੱਖਣ ਪ੍ਰਾਪਤੀ ਹਾਸਲ ਕੀਤੀ ਹੈ। ਇਸ ਦੌਰਾਨ ਉਸ ਨੇ ਹਰ ਸ਼ਬਦ ਦੇ ਅੱਖਰਾਂ ਨੂੰ ਉਲਟੇ ਕ੍ਰਮ ਵਿੱਚ ਬੋਲਿਆ। ਇਸ ਰਿਕਾਰਡ ਦੀ ਤਿਆਰੀ ਲਈ ਉਸ ਨੇ ਅਬੈਕਸ ਵਿਧੀ ਰਾਹੀਂ ਆਪਣੀ ਗਣਨਾ ਦੀ ਗਤੀ, ਇਕਾਗਰਤਾ ਅਤੇ ਯਾਦਦਾਸ਼ਤ ਨੂੰ ਨਿਖਾਰਨ ਲਈ ਲਗਾਤਾਰ ਕਰੀਬ ਤਿੰਨ ਮਹੀਨੇ ਅਭਿਆਸ ਕੀਤਾ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵੱਲੋਂ ਉਸ ਦੀ ਇਸ ਪ੍ਰਾਪਤੀ ਦੀ ਪੁਸ਼ਟੀ ਕਰਦਿਆਂ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਬਾਦਤ ਕੌਰ ਇਸ ਤੋਂ ਪਹਿਲਾਂ ਵੀ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੀ ਹੈ। ਇਸ ਤੋਂ ਇਲਾਵਾ ਉਹ ਦੋ ਕੌਮਾਂਤਰੀ ਅਬੈਕਸ ਮੁਕਾਬਲਿਆਂ ਵਿੱਚ ਵੀ ਇਨਾਮ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੀ ਹੈ।
ਇਸ ਮੌਕੇ ਬਠਿੰਡਾ ਦੇ ਐੱਸ.ਐੱਸ.ਪੀ. ਸ੍ਰੀ ਸੁਹੇਲ ਮੀਰ ਨੇ ਆਪਣੇ ਦਫ਼ਤਰ ਵਿਖੇ ਇਬਾਦਤ ਕੌਰ ਸਿੱਧੂ ਨੂੰ ਸਨਮਾਨਿਤ ਕਰਦਿਆਂ ਉਸ ਦੀ ਅਸਾਧਾਰਨ ਦਿਮਾਗੀ ਸਮਰੱਥਾ ਅਤੇ ਯਾਦਦਾਸ਼ਤ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਛੋਟੀ ਉਮਰ ਵਿੱਚ ਅਜਿਹੀਆਂ ਵਿਲੱਖਣ ਪ੍ਰਾਪਤੀਆਂ ਹਾਸਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਇਹ ਪ੍ਰਾਪਤੀ ਨਾ ਸਿਰਫ਼ ਇਬਾਦਤ ਦੇ ਪਰਿਵਾਰ, ਸਗੋਂ ਪੂਰੇ ਬਠਿੰਡਾ ਜ਼ਿਲ੍ਹੇ ਅਤੇ ਪੰਜਾਬ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਸਹੀ ਦਿਸ਼ਾ, ਉਤਸ਼ਾਹ ਅਤੇ ਮੌਕੇ ਮਿਲਣ ਤਾਂ ਉਹ ਕੌਮਾਂਤਰੀ ਪੱਧਰ 'ਤੇ ਵੀ ਆਪਣੀ ਵੱਖਰੀ ਪਛਾਣ ਬਣਾ ਸਕਦੇ ਹਨ। ਉਨ੍ਹਾਂ ਇਬਾਦਤ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਇਬਾਦਤ ਕੌਰ ਦੀ ਮਾਤਾ ਸ੍ਰੀਮਤੀ ਅਰਸ਼ਪ੍ਰੀਤ ਸਿੱਧੂ, ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਬਠਿੰਡਾ ਸੈਂਟਰ ਦੀ ਇੰਚਾਰਜ ਮੈਡਮ ਨੀਲਮ ਗਰਗ ਅਤੇ ਡਾ. ਅਸਮਾਨਪ੍ਰੀਤ ਸਿੰਘ ਸਿੱਧੂ, ਖੇਤੀਬਾੜੀ ਅਫ਼ਸਰ, ਬਠਿੰਡਾ ਵੀ ਮੌਜੂਦ ਸਨ। ਸੇਂਟ ਜੇਵੀਅਰ ਸਕੂਲ, ਬਠਿੰਡਾ ਦੇ ਪ੍ਰਿੰਸੀਪਲ ਫਾਦਰ ਸਿਡਲੋਏ ਫਰਾਟਾਡੋ ਨੇ ਵੀ ਇਬਾਦਤ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ।
-ibadatkaursidhu-worldrecord-bathinda-internationalbookofrecords-punjabpride
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)