ਜ਼ਿਲ੍ਹਾ ਰੁਜਗਾਰ ਦਫਤਰ ਫਾਜਿਲਕਾ ਦੇ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਅਤੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਰਡ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਪੰਜਾਬ ਸਬੌਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀਆਂ ਗਰੁੱਪ-ਸੀ ਦੀਆਂ ਅਸਾਮੀਆਂ ਲਈ ਮੁਫ਼ਤ ਤਿਆਰੀ ਕੈਂਪ ਸ਼ੁਰੂ ਕੀਤਾ ਗਿਆ ਹੈ। ਇਹ ਤਿਆਰੀ ਤਜਰਬੇਕਾਰ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੇ ਜਿਨ੍ਹਾਂ ਨੌਜਵਾਨਾਂ ਨੇ ਪੀ.ਐਸ.ਐਸ.ਐਸ.ਬੀ. ਦੀਆਂ ਗਰੁੱਪ-ਸੀ ਦੀਆਂ ਅਸਾਮੀਆਂ ਲਈ ਅਪਲਾਈ ਕੀਤਾ ਹੈ ਅਤੇ ਉਹ ਇਨ੍ਹਾਂ ਅਸਾਮੀਆਂ ਦੀ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਦਾਖਲਾ ਲੈ ਕੇ ਮੁਫ਼ਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਇਹ ਕੈਂਪ ਕੇਵਲ ਲੜਕਿਆਂ ਲਈ ਹੈ।
ਉਨ੍ਹਾਂ ਦੱਸਿਆ ਕਿ ਇੱਛੁਕ ਨੌਜਵਾਨ ਸਵੇਰੇ 9:00 ਵਜੇ ਤੋਂ 11:30 ਵਜੇ ਤੱਕ ਕੈਂਪ ਵਿੱਚ ਪਹੁੰਚ ਕੇ ਆਪਣਾ ਐਡਮਿਸ਼ਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਦਾਖਲੇ ਸਮੇਂ ਨੌਜਵਾਨ ਆਪਣੇ ਨਾਲ ਆਨਲਾਈਨ ਰਜਿਸਟ੍ਰੇਸ਼ਨ ਦੀ ਇੱਕ ਕਾਪੀ, ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਦਸਵੀਂ ਤੋਂ ਇਲਾਵਾ ਕੀਤੀ ਗਈ ਪੜ੍ਹਾਈ ਦੇ ਸਰਟੀਫਿਕੇਟਾਂ ਦੀਆਂ ਫੋਟੋਸਟੇਟ ਕਾਪੀਆਂ, ਪੰਜਾਬ ਵਸਨੀਕ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਜਾਤੀ ਸਰਟੀਫਿਕੇਟ ਦੀ ਫੋਟੋਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋਸਟੇਟ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਜ਼ਰੂਰ ਲੈ ਕੇ ਆਉਣ। ਇਸ ਤੋਂ ਇਲਾਵਾ ਇੱਕ ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਵੀ ਨਾਲ ਲਿਆਉਣ।
ਉਨ੍ਹਾਂ ਦੱਸਿਆ ਕਿ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਪੰਜਾਬ ਸਰਕਾਰ ਦਾ ਅਦਾਰਾ ਹੈ। ਕੈਂਪ ਵਿੱਚ ਰਹਿਣ ਸਮੇਂ ਸਿਖਿਆਰਥੀਆਂ ਨੂੰ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਅਤੇ ਪੀ.ਐਸ.ਐਸ.ਐਸ.ਬੀ ਗਰੁੱਪ-ਸੀ ਦੀਆਂ ਅਸਾਮੀਆਂ ਦੀ ਤਿਆਰੀ ਲਈ ਕਿਸੇ ਵੀ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਵੇਗੀ।
ਉਨ੍ਹਾਂ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਸਿਖਲਾਈ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਰਕਾਰੀ ਨੌਕਰੀ ਦੀ ਪ੍ਰਤੀਯੋਗੀ ਪ੍ਰੀਖਿਆ ਲਈ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 73476-66557 ਤੇ ਸੰਪਰਕ ਕੀਤਾ ਜਾ ਸਕਦਾ ਹੈ।