‘
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਰਵਾਇਤੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਉੱਤਮ ਬਣਾਉਣ ਲਈ ਭਗਵੰਤ ਸਿੰਘ ਮਾਨ ਸਰਕਾਰ ਦੇ ਯਤਨਾਂ ਦੀ ਕੀਤੀ ਸ਼ਲਾਘਾ
ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ), 03 ਸਤੰਬਰ:
ਤਕਨੀਕੀ ਸਿੱਖਿਆ ਨੂੰ ਆਧੁਨਿਕ ਬਣਾਉਣ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ। ਇਹ ਪਹਿਲਕਦਮੀ ਸੂਬਾ ਸਰਕਾਰ ਦੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦਾ ਅਹਿਮ ਹਿੱਸਾ ਹੈ, ਜਿਸ ਦਾ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਲਿਆਉਣ ਦੇ ਨਾਲ-ਨਾਲ ਹੁਨਰਮੰਦ ਅਤੇ ਭਵਿੱਖ ਲਈ ਤਿਆਰ ਨੌਜਵਾਨ ਸ਼ਕਤੀ ਦਾ ਨਿਰਮਾਣ ਕਰਨਾ ਹੈ।
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਪੌਲੀਟੈਕਨਿਕ ਕਾਲਜ, ਖ਼ੂਨੀ ਮਾਜਰਾ, ਖਰੜ ਵਿਖੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਦੀ ਹਾਜ਼ਰੀ ਵਿੱਚ ਇਨੋਵੇਸ਼ਨ ਲੈਬਜ਼ ਦਾ ਰਸਮੀ ਉਦਘਾਟਨ ਕੀਤਾ ਗਿਆ।
ਇਹ ਪਹਿਲਕਦਮੀ ਪੰਜਾਬ ਸਰਕਾਰ ਵੱਲੋਂ ਵਿਭਾ ਇੰਡੀਆ ਅਤੇ ਮੇਕਰ ਭਵਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤੀ ਗਈ ਹੈ, ਜਿਸ ਤਹਿਤ ਸਰਕਾਰੀ ਸਹਿਯੋਗ ਅਤੇ ਤਕਨੀਕੀ ਮੁਹਾਰਤ ਨੂੰ ਇਕੱਠਾ ਕਰਦਿਆਂ ਵਿਦਿਆਰਥੀਆਂ ਨੂੰ ਆਧੁਨਿਕ ਬੁਨਿਆਦੀ ਢਾਂਚਾ, ਉੱਨਤ ਮਸ਼ੀਨਰੀ ਅਤੇ ਤਜਰਬੇ-ਅਧਾਰਤ ਸਿੱਖਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀ ਮਾਜਰਾ; ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ; ਸਰਕਾਰੀ ਪੌਲੀਟੈਕਨਿਕ ਕਾਲਜ, ਫਿਰੋਜ਼ਪੁਰ; ਸਰਕਾਰੀ ਪੌਲੀਟੈਕਨਿਕ ਕਾਲਜ, ਬਡਬਰ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ, ਤਲਵਾੜਾ ਵਿਖੇ ਇਨੋਵੇਸ਼ਨ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਰਵਾਇਤੀ ਕਲਾਸਰੂਮ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਸਥਾਪਤ ਕੀਤੀਆਂ ਗਈਆਂ ਇਹ ਇਨੋਵੇਸ਼ਨ ਲੈਬਜ਼ ਗਤੀਸ਼ੀਲ ਅਤੇ 'ਪ੍ਰੈਕਟੀਕਲ ਮੇਕਰ ਸਪੇਸਜ਼’ ਵਜੋਂ ਕੰਮ ਕਰਨਗੀਆਂ। ਇਨ੍ਹਾਂ ਲੈਬਜ਼ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀਆਂ ਅਤੇ ਮਸ਼ੀਨਾਂ ਤੱਕ ਸਿੱਧੀ ਪਹੁੰਚ ਮਿਲੇਗੀ, ਜਿਸ ਨਾਲ ਉਹ ਪ੍ਰਯੋਗ ਕਰਨ, ਪ੍ਰੋਟੋਟਾਈਪ ਤਿਆਰ ਕਰਨ ਅਤੇ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਦੀ ਸਾਂਝੀ ਪਹੁੰਚ ਰਾਹੀਂ ਅਸਲ ਜੀਵਨ ਦੀਆਂ ਚੁਣੌਤੀਆਂ ਦਾ ਹੱਲ ਲੱਭ ਸਕਣਗੇ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੌਲੀਟੈਕਨਿਕ ਕਾਲਜਾਂ ਦੇ ਵਿਦਿਆਰਥੀ ਪੰਜਾਬ ਦੀ ਭਵਿੱਖੀ ਤਕਨੀਕੀ ਵਰਕਫੋਰਸ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਸੰਸਥਾਵਾਂ ਵਿੱਚ ਮਿਆਰੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਸਿਰਜਣਾਤਮਕਤਾ ਲਈ ਲੋੜੀਂਦੇ ਸਾਧਨ, ਤਕਨਾਲੋਜੀ ਅਤੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ, “ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਡੀਆਂ ਤਕਨੀਕੀ ਸੰਸਥਾਵਾਂ ਸਿਰਫ਼ ਕਲਾਸਰੂਮ-ਅਧਾਰਤ ਸਿੱਖਿਆ ਤੱਕ ਸੀਮਤ ਨਾ ਰਹਿਣ। ਵਿਦਿਆਰਥੀਆਂ ਨੂੰ ਪ੍ਰਯੋਗ ਕਰਨ, ਨਵੀਨਤਾ ਲਿਆਉਣ ਅਤੇ ਨਵੀਆਂ ਚੀਜ਼ਾਂ ਸਿਰਜਣ ਦੇ ਪੂਰੇ ਮੌਕੇ ਮਿਲਣੇ ਚਾਹੀਦੇ ਹਨ। ਇਹ ਇਨੋਵੇਸ਼ਨ ਲੈਬਜ਼ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਅਮਲੀ ਰੂਪਾਂ ਵਿੱਚ ਬਦਲਣ ਅਤੇ ਉਦਯੋਗ ਦੀਆਂ ਤੇਜ਼ੀ ਨਾਲ ਬਦਲ ਰਹੀਆਂ ਲੋੜਾਂ ਅਨੁਸਾਰ ਆਪਣੇ ਆਪ ਨੂੰ ਤਿਆਰ ਕਰਨ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਨਗੀਆਂ।”
ਨਵੀਆਂ ਸਥਾਪਤ ਕੀਤੀਆਂ ਲੈਬਜ਼ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਲੈਬਜ਼ ਸਿਰਜਣਾਤਮਕ ਸੋਚ, ਸਮੱਸਿਆ ਹੱਲ ਕਰਨ ਦੀ ਸਮਰੱਥਾ, ਸਹਿਯੋਗ ਅਤੇ ਵਿਹਾਰਕ ਤਕਨੀਕੀ ਮੁਹਾਰਤ ਸਮੇਤ 21ਵੀਂ ਸਦੀ ਦੇ ਜ਼ਰੂਰੀ ਹੁਨਰਾਂ ਨੂੰ ਉਤਸ਼ਾਹਿਤ ਕਰਨਗੀਆਂ। ਇਨ੍ਹਾਂ ਲੈਬਜ਼ ਰਾਹੀਂ ਵਿਦਿਆਰਥੀਆਂ ਨੂੰ ਤਕਨਾਲੋਜੀ ਅਧਾਰਤ ਪ੍ਰੋਜੈਕਟਾਂ, ਪ੍ਰੋਟੋਟਾਈਪਿੰਗ ਅਤੇ ਇਨੋਵੇਸ਼ਨ ਚੁਣੌਤੀਆਂ ਵਿੱਚ ਸ਼ਾਮਲ ਹੋਣ ਦੇ ਸੁਚੱਜੇ ਮੌਕੇ ਵੀ ਮਿਲਣਗੇ।
ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਤਕਨੀਕੀ ਸਿੱਖਿਆ, ਉੱਭਰ ਰਹੀਆਂ ਉਦਯੋਗਿਕ ਲੋੜਾਂ ਅਤੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰੇਗੀ। ਪੰਜਾਬ ਸਰਕਾਰ, ਵਿਭਾ ਇੰਡੀਆ ਅਤੇ ਮੇਕਰ ਭਵਨ ਫਾਊਂਡੇਸ਼ਨ ਦੀ ਸਾਂਝੀ ਭਾਗੀਦਾਰੀ ਰਾਹੀਂ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇੱਕ ਮਜ਼ਬੂਤ ਅਤੇ ਟਿਕਾਊ ‘ਈਕੋਸਿਸਟਮ’ ਵੀ ਵਿਕਸਤ ਕੀਤਾ ਜਾਵੇਗਾ।
ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਪੰਜਾਬ ਦੇ ਸਰਕਾਰੀ ਪੌਲੀਟੈਕਨਿਕ ਕਾਲਜਾਂ ਨੂੰ ਤਕਨੀਕੀ ਨਵੀਨਤਾ, ਉੱਦਮਤਾ ਅਤੇ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਮਨੁੱਖੀ ਸਰੋਤ ਵਿਕਸਤ ਕਰਨ ਵਾਲੇ ਗਤੀਸ਼ੀਲ ਕੇਂਦਰਾਂ ਵਜੋਂ ਵਿਕਸਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਮੀਲ ਪੱਥਰ ਹੈ।
ਉਨ੍ਹਾਂ ਕਿਹਾ ਕਿ ਇਹ ਇਨੋਵੇਸ਼ਨ ਲੈਬਜ਼ ਪ੍ਰੈਕਟੀਕਲ ਤਕਨੀਕੀ ਸਿੱਖਿਆ ਦੇ ਪੁਰਾਣੇ ਅਤੇ ਰਵਾਇਤੀ ਢਾਂਚੇ ਨੂੰ ਬਦਲਣ ਦੇ ਨਾਲ-ਨਾਲ ਸਿੱਖਿਆ ਅਤੇ ਰੁਜ਼ਗਾਰ-ਮੁਖੀ ਹੁਨਰ ਸਿਖਲਾਈ ਵਿਚਕਾਰ ਪਾੜੇ ਨੂੰ ਵੀ ਘੱਟ ਕਰਨਗੀਆਂ।
ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀਆਂ ਹੋਰ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਅਰ ਹੋਸਟੈੱਸ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੇ ਲਗਾਤਾਰ ਯਤਨਾਂ ਸਦਕਾ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਲਈ ਭਗਵੰਤ ਸਿੰਘ ਮਾਨ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਧੁਨਿਕ ਬੁਨਿਆਦੀ ਢਾਂਚੇ, ਹੁਨਰ ਵਿਕਾਸ, ਨਵੀਨਤਾ ਅਤੇ ਤਕਨਾਲੋਜੀ ਅਧਾਰਤ ਸਿੱਖਿਆ ’ਤੇ ਸੂਬਾ ਸਰਕਾਰ ਦਾ ਵਿਸ਼ੇਸ਼ ਧਿਆਨ ਰਵਾਇਤੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਅਤੇ ਉੱਤਮਤਾ-ਅਧਾਰਤ ਸਿੱਖਿਆ ਪ੍ਰਣਾਲੀ ਵਿੱਚ ਬਦਲਣ ਵਿੱਚ ਸਹਾਈ ਹੋ ਰਿਹਾ ਹੈ।
-punjabsikhiyakranti-innovationlabs-harjotsinghbains-technicaleducation-punjabgovernment
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)