ਤੇਜ਼ ਬਰਸਾਤ ਦੌਰਾਨ ਵੀ ਚੜ੍ਹਦੀ ਕਲਾ ਵਿੱਚ ਹਨ ਮੋਰਚੇ ਤੇ ਬੈਠੇ ਕਿਸਾਨ ਕਿਸਾਨਾਂ ਦੇ ਹੌਸਲੇ ਬੁਲੰਦ, ਚੰਡੀਗੜ੍ਹ ਬਾਰਡਰ ਤੇ ਕੀਤਾ ਸ਼ਕਤੀ ਪ੍ਰਦਰਸ਼ਨ
Sep4,2026
| Gurvinder Singh Mohali | Mohali
ਮੋਹਾਲੀ , 4 ਸਤੰਬਰ (ਗੁਰਵਿੰਦਰ ਸਿੰਘ) ਮੋਹਾਲੀ-ਚੰਡੀਗੜ੍ਹ ਦੀ ਸਰਹੱਦ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਏ ਗਏ ਪੱਕੇ ਮੋਰਚੇ ਦੇ ਚੌਥੇ ਦਿਨ ਮੌਸਮ ਦੇ ਖਰਾਬ ਮਿਜ਼ਾਜ ਅਤੇ ਤੇਜ਼ ਬਾਰਿਸ਼ ਨੇ ਕਿਸਾਨਾਂ ਦੇ ਸਬਰ ਅਤੇ ਹਿੰਮਤ ਦੀ ਪ੍ਰੀਖਿਆ ਲਈ ਪ੍ਰੰਤੂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਡਟੇ ਹੋਏ ਹਨ। ਕਿਸਾਨਾਂ ਨੇ ਬੀਤੀ ਦੇਰ ਰਾਤ ਪਏ ਮੀਂਹ ਦੇ ਪਾਣੀ ਨਾਲ ਭਿੱਜੇ ਗੱਦੇ ਅਤੇ ਕੱਪੜੇ ਸੜਕਾਂ ਅਤੇ ਡਿਵਾਈਡਰ ਪੱਟੀ ਤੇ ਸੁੱਕਣੇ ਪਾਏ ਗਏ ਸਨ ਪਰੰਤੂ ਅੱਜ ਦੁਪਹਿਰ ਵੇਲੇ ਅਚਾਨਕ ਸ਼ੁਰੂ ਹੋਈ ਤੇਜ਼ ਬਾਰਿਸ਼ ਨਾਲ ਉਹ ਮੁੜ ਭਿੱਜ ਗਏ। ਤੇਜ਼ ਮੀਂਹ ਕਾਰਨ ਸਟੇਜ ਦੀ ਕਾਰਵਾਈ ਵੀ ਪ੍ਰਭਾਵਿਤ ਰਹੀ।
ਬੀਤੀ ਰਾਤ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਧਰਨੇ ਤੇ ਬੈਠੇ ਕਿਸਾਨਾਂ ਨੂੰ ਕਾਫੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਾਰਿਸ਼ ਕਾਰਨ ਟਰਾਲੀਆਂ ਵਿੱਚ ਵਿਛਾਏ ਗੱਦੇ ਪੂਰੀ ਤਰ੍ਹਾਂ ਭਿੱਜ ਗਏ ਹਨ ਅਤੇ ਕਿਸਾਨਾਂ ਵੱਲੋਂ ਸੁੱਕਣੇ ਪਾਏ ਗਏ ਕੱਪੜੇ ਅਤੇ ਬਿਸਤਰੇ ਮੁੜ ਬਾਰਿਸ਼ ਦੇ ਪਾਣੀ ਨਾਲ ਤਰ-ਬਤਰ ਹੋ ਗਏ ਹਨ। ਟਰਾਲੀਆਂ ਦੀਆਂ ਛੱਤਾਂ ਤੋਂ ਵੀ ਪਾਣੀ ਚੋਣਾ ਸ਼ੁਰੂ ਹੋ ਗਿਆ ਹੈ। ਪਰੰਤੂ ਇਨ੍ਹਾਂ ਔਕੜਾਂ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ। ਕਿਸਾਨਾਂ ਨੇ ਆਪਣੀਆਂ ਟਰਾਲੀਆਂ ਦੇ ਉੱਪਰ ਤਰਪਾਲਾਂ ਅਤੇ ਬੋਰੀਆਂ ਪਾ ਕੇ ਆਰਜ਼ੀ ਛੱਤਾਂ ਤਿਆਰ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਉਹ ਮਜ਼ਾਕੀਆ ਲਹਿਜੇ ਵਿੱਚ ਆਪਣੇ ਏ ਸੀ ਮਹਿਲ ਆਖ ਰਹੇ ਹਨ।
ਮੀਂਹ ਦੌਰਾਨ ਕਿਸਾਨ ਟਰਾਲੀਆਂ ਦੇ ਅੰਦਰ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਅਤੇ ਆਪਸੀ ਵਿਚਾਰ-ਵਟਾਂਦਰਾ ਕਰਦੇ ਦੇਖੇ ਗਏ ਹਨ। ਮੀਂਹ ਦੇ ਪਾਣੀ ਤੋਂ ਬਚਣ ਲਈ ਟਰਾਲੀ ਵਿਚ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ- ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਸੂਬਾ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਸਤਨਾਮ ਸਿੰਘ ਬਰਨਾਲਾ, ਅਮਨਦੀਪ ਗੋਰਾ ਰਾਇਸਰ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤਾਂ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਪ੍ਰੀਖਿਆਵਾਂ ਲੈਂਦੇ ਆ ਰਹੀਆਂ ਹਨ ਲੇਕਿਨ ਹੁਣ ਕੁਦਰਤ ਨੇ ਵੀ ਪ੍ਰੀਖਿਆ ਲੈਣੀ ਸ਼ੁਰੂ ਕਰ ਦਿੱਤੀ ਹੈ।
ਡਟੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਚਾਹੇ ਉਨ੍ਹਾਂ ਦੇ ਸਬਰ ਦਾ ਜਿੰਨਾ ਮਰਜ਼ੀ ਇਮਤਿਹਾਨ ਲੈ ਲਵੇ, ਉਹ ਮੰਗਾਂ ਮੰਨਵਾਏ ਬਿਨਾਂ ਵਾਪਸ ਨਹੀਂ ਪਰਤਣਗੇ। ਉਨ੍ਹਾਂ ਦਾ ਸਪੱਸ਼ਟ ਆਖਿਆ ਕਿ ਜਿੰਨਾ ਵੀ ਮੀਂਹ ਪਵੇ ਜਾਂ ਪ੍ਰੇਸ਼ਾਨੀ ਆਵੇ, ਅਸੀਂ ਸਰਕਾਰ ਨੂੰ ਮਨਾ ਕੇ ਹੀ ਦਮ ਲਵਾਂਗੇ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ (ਏਕਤਾ- ਡਕੌਂਦਾ) ਦੇ ਮੈਂਬਰਾਂ ਨੇ ਮੁੱਖ ਸਟੇਜ ਤੱਕ ਮਾਰਚ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।
-farmersprotest-farmermorcha-mohalichandigarhborder-bharatiyakisanunion-farmersdemands