ਪੰਜਾਬ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਦੇ ਸੁਪਨੇ ਪੂਰੇ ਕੀਤੇ: ਹਰਜੋਤ ਸਿੰਘ ਬੈਂਸ
Sep24,2026
| Jagrati Lahar Bureau | Chandigarh
ਭਾਜਪਾ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਵਿੱਚ ਦਾਖਲ ਹੋਣ ਦੇ ਨਾਕਾਮਜਾਬ ਯਤਨ ਕਰ ਰਹੀ ਹੈ
ਪੰਜਾਬ ਦੀ ਜਨਤਾ ਅਜਿਹੇ ਫਾਰਮੂਲੇ ਨੂੰ ਕਦੇ ਪ੍ਰਵਾਨ ਨਹੀਂ ਕਰੇਗੀ: ਬੈਂਸ
ਚੰਡੀਗੜ੍ਹ 24 ਸਤੰਬਰ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬੀਆਂ ਦੀਆਂ ਉਮੀਦਾਂ ਅਤੇ ਸੁਪਨਿਆਂ ਅਨੁਸਾਰ ਇਤਿਹਾਸਕ ਕੰਮ ਕੀਤੇ ਹਨ। ਸਰਕਾਰ ਨੇ ਮੁਫ਼ਤ ਬਿਜਲੀ, ਬਿਹਤਰ ਸਿੱਖਿਆ, ਵਧੀਆ ਸਿਹਤ ਸਹੂਲਤਾਂ, ਸ਼ਹੀਦਾਂ ਦੇ ਪਰਿਵਾਰਾਂ ਲਈ ਸਨਮਾਨ ਰਾਸ਼ੀ ਅਤੇ ਮਹਿਲਾਵਾਂ ਲਈ ਸਨਮਾਨ ਰਾਸ਼ੀ ਵਰਗੀਆਂ ਆਪਣੀਆਂ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਹਨ।
ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋ-ਇੱਕ ਅਜਿਹਾ ਰਾਜ ਹੈ ਜਿੱਥੇ ਬਿਨਾਂ ਕਿਸੇ ਧਰਮ, ਜਾਤ ਜਾਂ ਸਾਲਾਨਾ ਆਮਦਨ ਦੇ ਭੇਦਭਾਵ ਤੋਂ ਹਰ ਇੱਕ ਲਈ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਮਹਿਲਾਵਾਂ ਲਈ 1000 ਰੁਪਏ ਦੇ ਵਾਅਦੇ ਤੋਂ ਵੀ ਅੱਗੇ ਵਧ ਕੇ ਦਲਿਤ ਪਰਿਵਾਰਾਂ ਦੀਆਂ ਮਹਿਲਾਵਾਂ ਲਈ 1500 ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ।
ਹੋਰਨਾਂ ਰਾਜਾਂ ਦੀਆਂ ਸ਼ਰਤਾਂ ਵਾਲੀਆਂ ਯੋਜਨਾਵਾਂ ਨਾਲ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ ਦਿੱਲੀ ਅਤੇ ਹਰਿਆਣਾ ਵਿੱਚ ਕਹਿਣ ਨੂੰ 2100 ਰੁਪਏ ਹਨ ਪਰ ਉੱਥੇ ਆਮਦਨ ਅਤੇ ਘਰੇਲੂ ਸਮਾਨ ਸੰਬੰਧੀ ਕਈ ਸ਼ਰਤਾਂ ਲਗਾਈਆਂ ਗਈਆਂ ਹਨ, ਜਦਕਿ ਪੰਜਾਬ ਵਿੱਚ 18 ਸਾਲ ਤੋਂ ਉੱਪਰ ਦੀ ਹਰ ਮਾਂ-ਭੈਣ ਨੂੰ ਬਿਨਾਂ ਕਿਸੇ ਸ਼ਰਤ ਦੇ ਇਹ ਸਹੂਲਤ ਮਿਲ ਰਹੀ ਹੈ। ਇਸ ਦੇ ਨਾਲ ਹੀ ਨਹਿਰੀ ਪਾਣੀ ਦੇ ਵਿਕਾਸ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਗਏ ਹਨ।
ਕੇਂਦਰ ਦੀ ਸੱਤਾਧਾਰੀ ਪਾਰਟੀ 'ਤੇ ਤਿੱਖਾ ਹਮਲਾ ਬੋਲਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੀ ਸਿਆਸੀ ਜ਼ਮੀਨ 'ਤੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਸਮਰਥਨ ਨਹੀਂ ਮਿਲਿਆ ਹੈ। ਰੈਲੀਆਂ ਕਰਨ ਅਤੇ ਆਗੂਆਂ ਨੂੰ ਡਰਾਉਣ-ਧਮਕਾਉਣ ਦੇ ਸਾਰੇ ਹਥਕੰਡੇ ਫੇਲ੍ਹ ਹੋਣ ਤੋਂ ਬਾਅਦ ਹੁਣ ਭਾਜਪਾ ਕੇਂਦਰੀ ਏਜੰਸੀਆਂ ਦੇ ਜ਼ਰੀਏ ਪੰਜਾਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਸਪੱਸ਼ਟ ਕੀਤਾ ਕਿ ਪੰਜਾਬ ਦੀ ਸੋਚ ਦੇਸ਼ ਦੇ ਹੋਰਨਾਂ ਰਾਜਾਂ ਤੋਂ ਵੱਖਰੀ ਹੈ, ਇਸ ਲਈ ਇੱਥੇ ਅਜਿਹਾ ਫਾਰਮੂਲਾ ਬਿਲਕੁਲ ਨਹੀਂ ਚੱਲੇਗਾ ਅਤੇ ਅਜਿਹੀਆਂ ਚਾਲਾਂ ਨਾਲ ਭਾਜਪਾ ਆਪਣਾ ਬਚਿਆ 5-7 ਫੀਸਦੀ ਵੋਟ ਬੈਂਕ ਵੀ ਗੁਆ ਬੈਠੇਗੀ। ਉਹਨਾਂ ਕਿਹਾ ਕਿ ਪੰਜਾਬੀ ਧੱਕੇਸ਼ਾਹੀ ਖਿਲਾਫ਼ ਡਟ ਕੇ ਵਿਰੋਧ ਕਰਦੇ ਹਨ ਅਤੇ ਵਿਰੋਧੀਆਂ ਦੀਆਂ ਇਹ ਕੋਸ਼ਿਸ਼ਾਂ ਨਾਕਾਮ ਰਹਿਣਗੀਆਂ। ਮਾਨ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਰੋਕਣ ਦੀਆਂ ਸਾਜ਼ਿਸ਼ਾਂ 'ਤੇ ਬੋਲਦਿਆਂ ਉਹਨਾਂ ਵਿਸ਼ਵਾਸ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ 'ਤੇ ਰੱਬ ਦੀ ਮਿਹਰ ਹੈ ਅਤੇ ਪੰਜਾਬੀਆਂ ਦੇ ਸੁਪਨੇ ਅਤੇ ਵਿਕਾਸ ਦੇ ਕੰਮ ਕਿਸੇ ਵੀ ਕੀਮਤ 'ਤੇ ਨਹੀਂ ਰੁਕਣਗੇ।
-harjotsinghbains-punjabgovernment-bhagwantmann-punjabpolitics-aappunjab