ਲੋਹਗੜ੍ਹ ਸਾਹਿਬ ਵਿਖੇ ਨੌਜਵਾਨਾਂ ਨੇ ਕੀਤਾ ਭਰਵਾਂ ਸਵਾਗਤ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਪੀਲੀ ਪੱਗ ਪਹਿਨ ਕੇ ਨਸ਼ਾ ਨਾ ਕਰਨ ਦਾ ਲਿਆ ਪ੍ਰਣ
ਅੰਮ੍ਰਿਤਸਰ/ਚੰਡੀਗੜ੍ਹ, 24 ਸਤੰਬਰ 2026:
ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਲੋਹਗੜ੍ਹ ਸਾਹਿਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਪੀਲੀ ਪੱਗ ਪਹਿਨ ਕੇ ਨਸ਼ਾ ਨਾ ਕਰਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਿਆ। ਇਸ ਤੋਂ ਬਾਅਦ ਯਾਤਰਾ ਲਾਹੌਰੀ ਗੇਟ ਤੋਂ ਹਾਲ ਗੇਟ ਤੱਕ ਪਹੁੰਚੀ, ਜਿੱਥੇ ਵੀ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਨੌਜਵਾਨਾਂ ਦੀ ਸ਼ਮੂਲੀਅਤ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੀ ਜਵਾਨੀ ਨਸ਼ੇ ਨਹੀਂ, ਸਗੋਂ ਖੇਡਾਂ, ਸਿੱਖਿਆ, ਰੋਜ਼ਗਾਰ ਅਤੇ ਰਾਸ਼ਟਰ ਨਿਰਮਾਣ ਨੂੰ ਆਪਣਾ ਭਵਿੱਖ ਬਣਾਏਗੀ।
ਇਸ ਮੌਕੇ ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਪ੍ਰਭਾਰੀ ਅਤੇ ਸੰਸਦ ਮੈਂਬਰ ਤਰੁਣ ਚੁਗ ਨੇ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੀ ਬਾਣੀ, ਸੇਵਾ, ਤਿਆਗ, ਸ਼ੌਰਯ, ਮਿਹਨਤ ਅਤੇ ਦੇਸ਼ਭਗਤੀ ਦੀ ਧਰਤੀ ਹੈ। ਨਸ਼ਾ ਪੰਜਾਬ ਦੀ ਪਛਾਣ, ਸੰਸਕ੍ਰਿਤੀ ਜਾਂ ਪਰੰਪਰਾ ਨਹੀਂ। ਨਸ਼ਾ ਪੰਜਾਬ ਉੱਤੇ ਹਮਲਾ ਹੈ ਅਤੇ ਇਸ ਦੇ ਖ਼ਿਲਾਫ਼ ਪੰਜਾਬ ਨੂੰ ਇਕੱਠਾ ਹੋਣਾ ਪਵੇਗਾ।
ਤਰੁਣ ਚੁਗ ਨੇ ਕਿਹਾ ਕਿ ਲੋਹਗੜ੍ਹ ਸਾਹਿਬ ਵਿਖੇ ਪੀਲੀ ਪੱਗ ਪਹਿਨ ਕੇ ਨੌਜਵਾਨਾਂ ਵੱਲੋਂ ਲਿਆ ਨਸ਼ਾ ਵਿਰੋਧੀ ਪ੍ਰਣ ਨਵੇਂ ਪੰਜਾਬ ਦੀ ਤਸਵੀਰ ਹੈ। ਜਿਸ ਹੱਥ ਵਿੱਚ ਕਬੱਡੀ ਦੀ ਟਰਾਫੀ ਹੋਣੀ ਚਾਹੀਦੀ ਹੈ, ਉਸ ਹੱਥ ਵਿੱਚ ਨਸ਼ੇ ਦੀ ਸਰਿੰਜ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਪੰਜ ਮੁੱਖ ਸੰਕਲਪ ਹਨ — ਨਸ਼ਾ ਤਸਕਰਾਂ ਦੇ ਨੈੱਟਵਰਕ ਉੱਤੇ ਸਖ਼ਤ ਕਾਰਵਾਈ, ਨਸ਼ੇ ਦੀ ਪੂਰੀ ਸਪਲਾਈ ਚੇਨ ਤੋੜਨਾ, ਡਰੱਗ ਮਨੀ ਅਤੇ ਇਸ ਨਾਲ ਬਣੀ ਜਾਇਦਾਦ ਉੱਤੇ ਕਾਰਵਾਈ, ਨਸ਼ੇ ਦੀ ਲਪੇਟ ਵਿੱਚ ਆਏ ਨੌਜਵਾਨਾਂ ਦਾ ਇਲਾਜ ਤੇ ਪੁਨਰਵਾਸ ਅਤੇ ਮਾਪਿਆਂ, ਅਧਿਆਪਕਾਂ, ਧਾਰਮਿਕ ਸੰਸਥਾਵਾਂ, ਡਾਕਟਰਾਂ, ਖਿਡਾਰੀਆਂ ਤੇ ਸਮਾਜਿਕ ਸੰਗਠਨਾਂ ਦੀ ਭਾਗੀਦਾਰੀ।
ਉਨ੍ਹਾਂ ਕਿਹਾ ਕਿ ਜਿਸ ਮਿੱਟੀ ਨੇ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਪੈਦਾ ਕੀਤੇ ਹਨ, ਉਸ ਮਿੱਟੀ ਦਾ ਭਵਿੱਖ ਨਸ਼ਾ ਮਾਫੀਆ ਤੈਅ ਨਹੀਂ ਕਰ ਸਕਦਾ। ਸੁਲਤਾਨਪੁਰ ਲੋਧੀ ਦੀ ਮੰਜੀਤ ਕੌਰ ਵੱਲੋਂ ਨਸ਼ੇ ਕਾਰਨ ਆਪਣੇ ਪੰਜ ਪੁੱਤਰ ਗੁਆਉਣ ਦੀ ਘਟਨਾ ਇਸ ਸੰਕਟ ਦੀ ਗੰਭੀਰਤਾ ਦਰਸਾਉਂਦੀ ਹੈ।
ਚੁਗ ਨੇ ਕਿਹਾ ਕਿ NCRB ਦੀ 2024 ਰਿਪੋਰਟ ਵਿੱਚ ਪੰਜਾਬ ਵਿੱਚ ਡਰੱਗ ਓਵਰਡੋਜ਼ ਕਾਰਨ ਦਰਜ 106 ਮੌਤਾਂ ਸਿਰਫ਼ ਅੰਕੜਾ ਨਹੀਂ, 106 ਪਰਿਵਾਰਾਂ ਦਾ ਦਰਦ ਹਨ। ਹੁਣ ਅੰਕੜੇ ਗਿਣਨ ਨਹੀਂ, ਬਦਲਣੇ ਹਨ।
ਭਗਵੰਤ ਮਾਨ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਦੇ ਮੁੱਦੇ ਉੱਤੇ ਤਾਰੀਖਾਂ, ਐਲਾਨ ਅਤੇ ਨਾਅਰੇ ਬਹੁਤ ਹੋ ਗਏ ਹਨ। ਪੰਜਾਬ ਦੀਆਂ ਮਾਵਾਂ ਅੱਜ ਵੀ ਪੁੱਛ ਰਹੀਆਂ ਹਨ ਕਿ ਉਨ੍ਹਾਂ ਦੇ ਬੱਚੇ ਕਦੋਂ ਬਚਣਗੇ। ਸਰਕਾਰਾਂ ਭਾਸ਼ਣਾਂ ਅਤੇ ਪੋਸਟਰਾਂ ਨਾਲ ਨਹੀਂ, ਨਤੀਜਿਆਂ ਨਾਲ ਚੱਲਦੀਆਂ ਹਨ। ਪੰਜਾਬ ਨੂੰ ਹੁਣ ਕਾਰਵਾਈ ਚਾਹੀਦੀ ਹੈ।
ਕਾਨੂੰਨ-ਵਿਵਸਥਾ ਬਾਰੇ ਚੁਗ ਨੇ ਕਿਹਾ ਕਿ ਗੈਂਗਸਟਰ ਨੈੱਟਵਰਕ, ਫਿਰੌਤੀ ਅਤੇ ਅਪਰਾਧਿਕ ਤੱਤਾਂ ਵੱਲੋਂ ਪੈਦਾ ਕੀਤਾ ਡਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪੁਲਿਸ ਥਾਣਿਆਂ ਉੱਤੇ ਹਮਲੇ, ਧਾਰਮਿਕ ਸਥਾਨਾਂ ਉੱਤੇ ਗੋਲੀਬਾਰੀ ਅਤੇ ਗ੍ਰੇਨੇਡ ਹਮਲੇ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਅੱਤਵਾਦ ਅਤੇ ਨਕਸਲਵਾਦ ਵਰਗੀਆਂ ਚੁਣੌਤੀਆਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕੀਤਾ ਹੈ। ਹੁਣ ਉਸੇ ਸੰਕਲਪ ਨਾਲ ਨਸ਼ਾ ਮੁਕਤ ਪੰਜਾਬ ਲਈ ਮੁਹਿੰਮ ਚਲਾਈ ਜਾਵੇਗੀ।
ਚਾਰ ਦਿਸ਼ਾਵਾਂ, ਇੱਕ ਆਵਾਜ਼ — ਨਸ਼ਾ ਮੁਕਤ ਪੰਜਾਬ।
ਚੁਗ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਯਾਤਰਾ ਨੂੰ ਜਨਅੰਦੋਲਨ ਬਣਾਇਆ ਜਾਵੇ ਅਤੇ ਪੰਜਾਬ ਦੀ ਪਛਾਣ, ਜਵਾਨੀ ਤੇ ਪਰਿਵਾਰਾਂ ਨੂੰ ਬਚਾਉਣ ਲਈ ਹਰ ਨਾਗਰਿਕ ਇਸ ਮੁਹਿੰਮ ਦਾ ਹਿੱਸਾ ਬਣੇ।
ਬਹੁਤ ਹੋਈ ਤਾਰੀਖ ਉੱਤੇ ਤਾਰੀਖ, ਹੁਣ ਚਾਹੀਦੀ ਹੈ ਕਾਰਵਾਈ। ਬਹੁਤ ਹੋਏ ਨਾਅਰੇ, ਹੁਣ ਚਾਹੀਦੇ ਹਨ ਨਤੀਜੇ। ਨਸ਼ਾ ਪੰਜਾਬ ਦੀ ਪਛਾਣ ਨਹੀਂ — ਨਸ਼ਾ ਪੰਜਾਬ ਉੱਤੇ ਹਮਲਾ ਹੈ।