ਮੁਅੱਤਲ ਡੀ. ਆਈ .ਜੀ. ਭੁੱਲਰ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਅਧਿਕਾਰੀਆਂ ਲਈ ਵਿਚੋਲੇ ਵਜੋਂ ਕੰਮ ਕਰਦਾ ਸੀ ਕ੍ਰਿਸ਼ਨੂ ਸ਼ਾਰਦਾ : ਈ ਡੀ
Nov21,2026
| Gurvinder Singh Mohali | Sas Nagar/ Chandigarh
ਚੰਡੀਗੜ੍ਹ ਦੀ ਪੀ. ਐਮ. ਐਲ. ਏ. ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਖ਼ੁਲਾਸਾ
ਬੈਂਕ ਖ਼ਾਤਿਆਂ ਵਿੱਚ ਆਏ ਕੁੱਲ 1.00 ਕਰੋੜ ਰੁਪਏ ਤੋਂ ਵੱਧ
ਚੰਡੀਗੜ੍ਹ, 21 ਨਵੰਬਰ (ਗੁਰਵਿੰਦਰ ਸਿੰਘ) ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲੀਸ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦਾ ਕਥਿਤ ਸਹਿਯੋਗੀ ਕ੍ਰਿਸ਼ਨੂ ਸ਼ਾਰਦਾ ਨੇ ਪੁਲੀਸ, ਸਿਵਲ ਪ੍ਰਸ਼ਾਸਨ, ਮਾਲ ਵਿਭਾਗ ਅਤੇ ਹੋਰ ਸਰਕਾਰੀ ਮਹਿਕਮਿਆਂ ਵਿੱਚ ਸੰਪਰਕਾਂ ਦਾ ਇੱਕ ਵੱਡਾ ਨੈਟਵਰਕ ਬਣਾਇਆ ਹੋਇਆ ਸੀ, ਜਿਸ ਦੀ ਵਰਤੋਂ ਉਹ ਪੈਸੇ ਲੈ ਕੇ ਤਬਾਦਲਿਆਂ, ਤਾਇਨਾਤੀਆਂ, ਨੰਬਰਦਾਰੀ, ਜ਼ਮੀਨ ਨਾਲ ਸਬੰਧਤ ਮਾਮਲਿਆਂ ਅਤੇ ਹੋਰ ਸਰਕਾਰੀ ਕੰਮ ਕਰਵਾਉਣ ਲਈ ਕਰਦਾ ਸੀ ਅਤੇ ਉਹ ਸਿਰਫ਼ ਭੁੱਲਰ ਲਈ ਹੀ ਨਹੀਂ, ਬਲਕਿ ਪੰਜਾਬ ਦੇ ਕਈ ਹੋਰ ਸਿਵਲ ਅਧਿਕਾਰੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਵੀ ਵਿਚੋਲੇ (ਦਲਾਲ) ਵਜੋਂ ਕੰਮ ਕਰ ਰਿਹਾ ਸੀ।
ਈ. ਡੀ. ਵਲੋਂ ਚੰਡੀਗੜ੍ਹ ਸਥਿਤ ਵਿਸ਼ੇਸ਼ ਪੀ.ਐਮ.ਐਲ.ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਅਦਾਲਤ ਵਿੱਚ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ ਦਾਖ਼ਲ ਕੀਤੀ ਇਸਤਗਾਸਾ ਸ਼ਿਕਾਇਤ (ਚਾਰਜਸ਼ੀਟ) ਵਿੱਚ ਇਹ ਦੋਸ਼ ਲਾਏ ਹਨ। ਜਾਂਚ ਏਜੰਸੀ ਨੇ ਦੱਸਿਆ ਕਿ ਪੀ. ਐਮ. ਐਲ. ਏ.-2002 ਤਹਿਤ ਕੀਤੀ ਗਈ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਸ਼ਾਰਦਾ ਸਰਕਾਰੀ ਫ਼ਾਇਦੇ ਲੈਣ ਦੇ ਚਾਹਵਾਨ ਵਿਅਕਤੀਆਂ ਅਤੇ ਇਨ੍ਹਾਂ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਲੋਕ ਸੇਵਕਾਂ ਵਿਚਕਾਰ ਇੱਕ ਕੜੀ ਵਜੋਂ ਕੰਮ ਕਰਦਾ ਸੀ। ਚਾਰਜਸ਼ੀਟ ਅਨੁਸਾਰ 2013 ਤੋਂ 2025 ਦੇ ਅਰਸੇ ਦੌਰਾਨ ਕ੍ਰਿਸ਼ਨੂ ਸ਼ਾਰਦਾ ਅਤੇ ਉਸ ਦੀ ਪਤਨੀ ਦੇ ਅੱਠ ਬੈਂਕ ਤੇ ਡਾਕਖਾਨਾ ਖ਼ਾਤਿਆਂ ਵਿੱਚ ਕੁੱਲ 1,00,62,178 ਰੁਪਏ ਜਮ੍ਹਾਂ ਹੋਏ।
ਈ ਡੀ ਅਨੁਸਾਰ ਇਨ੍ਹਾਂ ਖ਼ਾਤਿਆਂ ਦੇ ਸਾਲ-ਦਰ-ਸਾਲ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ 2023 ਤੋਂ ਪਹਿਲਾਂ ਇਨ੍ਹਾਂ ਖ਼ਾਤਿਆਂ ਵਿੱਚ ਸਿਰਫ਼ 14,30,130.35 ਰੁਪਏ ਹੀ ਜਮ੍ਹਾਂ ਹੋਏ ਸਨ, ਪਰ 2023 ਤੋਂ ਬਾਅਦ ਇਨ੍ਹਾਂ ਵਿੱਚ ਵੱਡਾ ਉਛਾਲ ਆਇਆ ਅਤੇ ਕੁੱਲ 86,32,048 ਰੁਪਏ (ਜਿਨ੍ਹਾਂ ਵਿੱਚ 58,85,500 ਰੁਪਏ ਨਕਦ ਜਮ੍ਹਾਂ ਰਾਸ਼ੀ ਵੀ ਸ਼ਾਮਲ ਹੈ) ਜਮ੍ਹਾਂ ਕਰਵਾਏ ਗਏ।
-harcharansinghbhullar-krishnusharda-enforcementdirectorate-punjabpolice-moneylaundering