ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (PSACEWA) ਵੱਲੋਂ ਵਿਭਾਗ ਅਤੇ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਅਤੇ ਲਗਾਤਾਰ ਟਾਲਮਟੋਲ ਵਾਲੇ ਰਵੱਈਏ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਗਿਆ ਹੈ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ, ਜਨਰਲ ਸਕੱਤਰ ਗੁਰਜੰਟ ਸਿੰਘ ਅਤੇ ਮੁੱਖ ਸਲਾਹਕਾਰ ਮਹਿੰਦਰ ਪਾਲ ਸਿੰਘ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਦੇ ਅੜੀਅਲ ਵਤੀਰੇ ਕਾਰਨ ਸਮੂਹ ਏਡਜ਼ ਕੰਟਰੋਲ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਿਤੀ 27 ਅਕਤੂਬਰ 2026 ਨੂੰ ਹੋਣ ਵਾਲੀ ਪੈਰਾ-ਮੈਡੀਕਲ ਕਮੇਟੀ ਦੀ ਮਾਨਯੋਗ ਸਿਹਤ ਮੰਤਰੀ ਪੰਜਾਬ ਨਾਲ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਠੋਸ ਅਤੇ ਸਾਰਥਕ ਹੱਲ ਨਾ ਨਿਕਲਿਆ, ਤਾਂ ਸਮੂਹ ਮੁਲਾਜ਼ਮ ਤਿੱਖਾ ਸੰਘਰਸ਼ ਵਿੱਢਣਗੇ।
ਸੰਘਰਸ਼ ਦੀ ਰੂਪ-ਰੇਖਾ ਹੇਠ ਲਿਖੇ ਅਨੁਸਾਰ ਉਲੀਕੀ ਗਈ ਹੈ:
• 1 ਨਵੰਬਰ 2026 ਤੋਂ ਮੁਕੰਮਲ ਬਾਈਕਾਟ: ਪੰਜਾਬ ਭਰ ਦੇ ਸਾਰੇ ਏਡਜ਼ ਕੰਟਰੋਲ ਕਰਮਚਾਰੀ ਹਰ ਤਰ੍ਹਾਂ ਦੀਆਂ ਮਹੀਨਾਵਾਰ ਰਿਪੋਰਟਾਂ (Monthly Reports) ਭੇਜਣਾ ਮੁਕੰਮਲ ਤੌਰ ’ਤੇ ਬੰਦ ਕਰ ਦੇਣਗੇ ਅਤੇ ਵਿਭਾਗੀ ਮੀਟਿੰਗਾਂ/ਟ੍ਰੇਨਿੰਗਾਂ ਦਾ ਬਾਈਕਾਟ ਕੀਤਾ ਜਾਵੇਗਾ।
• 3 ਨਵੰਬਰ 2026 ਨੂੰ ਪੂਰੇ ਪੰਜਾਬ ਵਿੱਚ ਕੰਮ ਠੱਪ: ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਕਰਮਚਾਰੀ ਇਕੱਠੇ ਸਮੂਹਿਕ ਛੁੱਟੀ (Mass Casual Leave) ਲੈ ਕੇ ਸਿਹਤ ਸੇਵਾਵਾਂ ਤੇ ਐੱਚ.ਆਈ.ਵੀ. ਟੈਸਟਿੰਗ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਦੇਣਗੇ।
• ਚੰਡੀਗੜ੍ਹ ਹੈੱਡ ਆਫ਼ਿਸ ਵਿਖੇ ਮਹਾ-ਧਰਨਾ: 3 ਨਵੰਬਰ ਨੂੰ ਪੂਰੇ ਸੂਬੇ ਦੇ ਹਜ਼ਾਰਾਂ ਮੁਲਾਜ਼ਮ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ (ਪ੍ਰਯਾਸ ਬਿਲਡਿੰਗ, ਸੈਕਟਰ-38 ਬੀ, ਚੰਡੀਗੜ੍ਹ) ਵਿਖੇ ਪਹੁੰਚ ਕੇ ਵਿਸ਼ਾਲ ਰੋਸ ਮੁਜ਼ਾਹਰਾ ਅਤੇ ਸੂਬਾ ਪੱਧਰੀ ਰੈਲੀ ਕਰਨਗੇ।
ਮੁੱਖ ਮੰਗਾਂ ਜਿਨ੍ਹਾਂ ਨੂੰ ਲੈ ਕੇ ਕਰਮਚਾਰੀਆਂ ਵਿੱਚ ਗੁੱਸਾ ਹੈ:
1. 20% ਤਨਖ਼ਾਹ ਵਾਧਾ (Salary Hike): ਵਿੱਤ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਲੰਮੇ ਸਮੇਂ ਤੋਂ ਲਟਕ ਰਹੀ 20% ਤਨਖ਼ਾਹ ਵਾਧੇ ਦੀ ਫ਼ਾਈਲ ਨੂੰ ਤੁਰੰਤ ਲਾਗੂ ਕੀਤਾ ਜਾਵੇ।
2. ਜੁਆਇੰਟ ਡਾਇਰੈਕਟਰ ਦੀ ਤੁਰੰਤ ਬਦਲੀ: ਮੁਲਾਜ਼ਮਾਂ ਨਾਲ ਬਦਸਲੂਕੀ, ਗਾਲੀ-ਗਲੋਚ ਅਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਵਾਲੀ ਜੁਆਇੰਟ ਡਾਇਰੈਕਟਰ (BSD) ਡਾ. ਸੁਖਵਿੰਦਰ ਕੌਰ ਨੂੰ ਤੁਰੰਤ ਸੁਸਾਇਟੀ (PSACS) ਵਿੱਚੋਂ ਹਟਾ ਕੇ ਉਨ੍ਹਾਂ ਦੇ ਮੂਲ ਵਿਭਾਗ (Parent Department) ਵਿੱਚ ਵਾਪਸ ਭੇਜਿਆ ਜਾਵੇ।
3. ਮੁਲਾਜ਼ਮ ਵਿਰੋਧੀ ਵਤੀਰਾ ਬੰਦ ਕਰਨਾ: ਤਨਖ਼ਾਹਾਂ ਦੀ ਵਿਸੰਗਤੀ (Salary Anomaly) ਨੂੰ ਦੂਰ ਕਰਨਾ, ਸਿਹਤ ਬੀਮਾ (Health Insurance) ਲਾਗੂ ਕਰਨਾ ਅਤੇ ਲੰਮੇ ਸਮੇਂ ਤੋਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ (Regularize) ਕਰਨਾ।
ਐਸੋਸੀਏਸ਼ਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਕਰਮਚਾਰੀ ਦਿਨ-ਰਾਤ ਮਿਹਨਤ ਕਰਕੇ ਨਸ਼ਿਆਂ ਅਤੇ ਐੱਚ.ਆਈ.ਵੀ. ਵਿਰੁੱਧ ਜੰਗ ਲੜ ਰਹੇ ਹਨ, ਪਰ ਵਿਭਾਗ ਦੇ ਕੁਝ ਅਧਿਕਾਰੀ ਜਾਣਬੁੱਝ ਕੇ ਮੁਲਾਜ਼ਮਾਂ ਦੇ ਭਵਿੱਖ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ। ਜੇਕਰ 27 ਅਕਤੂਬਰ ਦੀ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ 3 ਨਵੰਬਰ ਤੋਂ ਪੰਜਾਬ ਭਰ ਵਿੱਚ ਐਡਜ਼ ਕੰਟਰੋਲ ਪ੍ਰੋਗਰਾਮ, ਓ.ਐਸ.ਟੀ. ਸੈਂਟਰ ਅਤੇ ਟੈਸਟਿੰਗ ਸੇਵਾਵਾਂ ਦੇ ਮੁਕੰਮਲ ਠੱਪ ਹੋਣ ਦੀ ਸਿੱਧੀ ਜ਼ਿੰਮੇਵਾਰੀ ਸਿਹਤ ਵਿਭਾਗ, ਸੁਸਾਇਟੀ ਦੇ ਲਾਪਰਵਾਹ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ।