ਪ੍ਰਧਾਨ ਮੰਤਰੀ ਮੋਦੀ ਨੂੰ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਭਾਜਪਾ ਨੂੰ ਵੋਟ ਨਹੀਂ ਪਾਵੇਗਾ, ਇਸ ਲਈ ਉਨ੍ਹਾਂ ਨੇ ਪੂਰੇ ਸੂਬੇ ਵਿੱਚ 4,000 ਈਡੀ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ: ਮਨੀਸ਼ ਸਿਸੋਦੀਆ
ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਸਾਹਿਬਾਨਾਂ ਤੋਂ ਸਿੱਖਿਆ ਹੈ ਕਿ ਜਦੋਂ ਦਿੱਲੀ ਤੋਂ ਤਾਨਾਸ਼ਾਹੀ ਥੋਪੀ ਜਾਵੇ ਤਾਂ ਚੁੱਪ ਨਹੀਂ ਬੈਠਣਾ: ਮਨੀਸ਼ ਸਿਸੋਦੀਆ
ਮੋਦੀ ਸਰਕਾਰ ਵਪਾਰੀਆਂ, ਆਪ ਵਰਕਰਾਂ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਈਡੀ ਦੀ ਵਰਤੋਂ ਕਰ ਰਹੀ ਹੈ: ਮਨੀਸ਼ ਸਿਸੋਦੀਆ
ਈਡੀ ਨਰਿੰਦਰ ਮੋਦੀ ਦੇ 'ਦਿਹਾੜੀਦਾਰ ਡਾਕੂ' ਬਣ ਚੁੱਕੀ ਹੈ, ਜੋ ਡਾਕੂਆਂ ਵਾਂਗ ਲੋਕਾਂ ਦੇ ਘਰਾਂ ਵਿੱਚ ਵੜ ਰਹੀ ਹੈ: ਮਨੀਸ਼ ਸਿਸੋਦੀਆ
ਅਣਗਿਣਤ ਛਾਪਿਆਂ ਦੇ ਬਾਵਜੂਦ ਈਡੀ ਨੂੰ ਭ੍ਰਿਸ਼ਟਾਚਾਰ ਦਾ ਇੱਕ ਰੁਪਿਆ ਜਾਂ ਕੋਈ ਦਸਤਾਵੇਜ਼ ਨਹੀਂ ਮਿਲਿਆ: ਮਨੀਸ਼ ਸਿਸੋਦੀਆ
ਆਪ ਸਰਕਾਰ ਅਰਵਿੰਦ ਕੇਜਰੀਵਾਲ ਦੇ 'ਕੱਟੜ ਇਮਾਨਦਾਰੀ' ਦੇ ਸਿਧਾਂਤ 'ਤੇ ਚੱਲਦੀ ਹੈ, 4 ਲੱਖ ਈਡੀ ਅਧਿਕਾਰੀ ਵੀ ਲਿਆਓਗੇ, ਤਾਂ ਵੀ ਕੁਝ ਨਹੀਂ ਮਿਲੇਗਾ: ਮਨੀਸ਼ ਸਿਸੋਦੀਆ
ਈਡੀ ਦਾ ਹਰ ਛਾਪਾ ਇਹ ਸਾਫ਼ ਕਰਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਪ੍ਰਤੀ ਨਫ਼ਰਤ ਰੱਖਦੇ ਹਨ: ਮਨੀਸ਼ ਸਿਸੋਦੀਆ
ਚੰਡੀਗੜ੍ਹ / ਨਵੀਂ ਦਿੱਲੀ 24 ਸਤੰਬਰ
ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਛਾਪਿਆਂ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਪ੍ਰਚਾਰ ਰਾਹੀਂ ਸਿਆਸੀ ਲਾਹਾ ਲੈਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਭਾਜਪਾ ਹੁਣ ਇਸ ਏਜੰਸੀ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਵਪਾਰੀਆਂ, ਆਪ ਵਰਕਰਾਂ, ਨੇਤਾਵਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਈਡੀ ਅਧਿਕਾਰੀ ਵਾਰ-ਵਾਰ "ਉੱਪਰੋਂ ਹੁਕਮ" ਹੋਣ ਦਾ ਹਵਾਲਾ ਦੇ ਰਹੇ ਹਨ।
ਆਪ ਦੇ ਪੰਜਾਬ ਇੰਚਾਰਜ ਨੇ ਕਿਹਾ ਕਿ ਛਾਪਿਆਂ ਦੇ ਬਾਵਜੂਦ ਈਡੀ ਨੂੰ ਭ੍ਰਿਸ਼ਟਾਚਾਰ ਦਾ ਨਾ ਤਾਂ ਕੋਈ ਪੈਸਾ ਮਿਲਿਆ ਹੈ ਅਤੇ ਨਾ ਹੀ ਕੋਈ ਦਸਤਾਵੇਜ਼। ਉਨ੍ਹਾਂ ਕਿਹਾ ਕਿ ਇਸ ਏਜੰਸੀ ਦੀ ਵਰਤੋਂ ਸਿਆਸੀ ਦਬਾਅ ਬਣਾਉਣ ਅਤੇ ਭਾਜਪਾ ਲਈ ਪ੍ਰਚਾਰ ਕਰਨ ਵਾਸਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਦੀ "ਕੱਟੜ ਇਮਾਨਦਾਰੀ" 'ਤੇ ਚੱਲ ਰਹੀ ਹੈ। ਜੇਕਰ ਪੰਜਾਬ ਭਰ ਵਿੱਚ 4 ਲੱਖ ਈਡੀ ਅਧਿਕਾਰੀ ਵੀ ਤਾਇਨਾਤ ਕਰ ਦਿੱਤੇ ਜਾਣ, ਤਾਂ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
ਆਪ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, "ਅੱਜ-ਕੱਲ੍ਹ ਦਿੱਲੀ ਵਿੱਚ ਬੈਠੇ ਤਾਨਾਸ਼ਾਹ ਨਰਿੰਦਰ ਮੋਦੀ ਨੇ ਪੰਜਾਬ ਵਿਰੁੱਧ ਜੰਗ ਛੇੜੀ ਹੋਈ ਹੈ। ਪੰਜਾਬ ਵਿਰੁੱਧ ਇਸ ਜੰਗ ਵਿੱਚ ਉਨ੍ਹਾਂ ਨੇ ਦਿੱਲੀ ਤੋਂ ਕੁਝ ਖਾਸ ਕਿਸਮ ਦੇ ਡਾਕੂ ਭੇਜੇ ਹਨ। ਅਧਿਕਾਰਤ ਤੌਰ 'ਤੇ ਉਨ੍ਹਾਂ ਦਾ ਨਾਂ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਪਰ ਅਸਲ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਦਿਹਾੜੀਦਾਰ ਡਾਕੂ' ਹਨ। ਨਰਿੰਦਰ ਮੋਦੀ ਨੇ ਆਪਣੇ ਦਿਹਾੜੀਦਾਰ ਡਾਕੂ ਪੰਜਾਬ ਭੇਜੇ ਹਨ। ਦਿੱਲੀ ਵਿੱਚ ਬੈਠੇ ਤਾਨਾਸ਼ਾਹ ਦਾ ਇੱਕੋ-ਇੱਕ ਮਕਸਦ ਪੰਜਾਬ ਵਿਰੁੱਧ ਇਸ ਜੰਗ ਨੂੰ ਅੱਗੇ ਵਧਾਉਣਾ ਅਤੇ ਪੰਜਾਬ ਨੂੰ ਪ੍ਰੇਸ਼ਾਨ ਕਰਦੇ ਰਹਿਣਾ ਹੈ।"
ਆਪ ਪੰਜਾਬ ਇੰਚਾਰਜ ਨੇ ਕਿਹਾ, "ਜਿਵੇਂ-ਜਿਵੇਂ ਪੰਜਾਬ ਚੋਣਾਂ ਨੇੜੇ ਆ ਰਹੀਆਂ ਹਨ, ਦਿੱਲੀ ਵਿੱਚ ਬੈਠੇ ਤਾਨਾਸ਼ਾਹ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਆਪਣੇ ਕਮਾਂਡਰ, ਆਪਣੀ ਪਾਰਟੀ ਦੇ ਪ੍ਰਧਾਨ ਨੂੰ ਯਾਤਰਾ ਕੱਢਣ ਲਈ ਪੰਜਾਬ ਭੇਜਿਆ। ਪਰ ਉਨ੍ਹਾਂ ਦੀ ਯਾਤਰਾ ਨੂੰ ਪੰਜਾਬ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ, ਉਸ ਤੋਂ ਇਹ ਸਾਫ਼ ਸੀ ਕਿ ਚਾਰ-ਪੰਜ ਵਿਧਾਨ ਸਭਾ ਹਲਕੇ ਮਿਲ ਕੇ ਵੀ 400 ਲੋਕ ਇਕੱਠੇ ਨਹੀਂ ਕਰ ਸਕੇ। ਮੈਂ ਇਹ ਵੀ ਦੇਖਿਆ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਦੇ ਇਕੱਠ ਵਿੱਚ ਦੋ-ਤਿਹਾਈ ਕੁਰਸੀਆਂ ਖਾਲੀ ਪਈਆਂ ਸਨ।"
ਉਨ੍ਹਾਂ ਅੱਗੇ ਕਿਹਾ, "ਇਸ ਮੋੜ 'ਤੇ ਨਰਿੰਦਰ ਮੋਦੀ ਸਮਝ ਗਏ ਕਿ ਵੋਟਾਂ ਰਾਹੀਂ ਪੰਜਾਬ ਜਿੱਤਣਾ ਸੰਭਵ ਨਹੀਂ ਹੈ। ਪੰਜਾਬ ਉਨ੍ਹਾਂ ਨੂੰ ਵੋਟ ਨਹੀਂ ਪਾਉਣ ਜਾ ਰਿਹਾ। ਨਰਿੰਦਰ ਮੋਦੀ ਇਹ ਸਮਝ ਗਏ। ਇਸ ਤੋਂ ਬਾਅਦ ਨਰਿੰਦਰ ਮੋਦੀ ਨੇ ਪੂਰੇ ਪੰਜਾਬ ਵਿੱਚ 4,000 ਈਡੀ ਅਧਿਕਾਰੀ ਤਾਇਨਾਤ ਕਰ ਦਿੱਤੇ। ਅਤੇ ਉਨ੍ਹਾਂ ਦਾ ਇੱਕੋ-ਇੱਕ ਕੰਮ ਇਹ ਹੈ: ਨਰਿੰਦਰ ਮੋਦੀ ਨੇ ਈਡੀ ਅਧਿਕਾਰੀਆਂ ਨੂੰ ਕਿਹਾ ਹੈ ਕਿ ਜਿੰਨਾ ਹੋ ਸਕੇ ਪੰਜਾਬ ਅਤੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਨ।"
ਮਨੀਸ਼ ਸਿਸੋਦੀਆ ਨੇ ਕਿਹਾ, "ਉਹ ਪੰਜਾਬ ਦੇ ਵਪਾਰੀਆਂ ਦੇ ਘਰਾਂ ਵਿੱਚ ਵੜ ਰਹੇ ਹਨ। ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਘਰਾਂ ਵਿੱਚ ਵੜ ਰਹੇ ਹਨ। ਉਹ ਉਨ੍ਹਾਂ ਅਧਿਕਾਰੀਆਂ ਦੇ ਘਰਾਂ ਵਿੱਚ ਵੜ ਰਹੇ ਹਨ ਜੋ ਪੰਜਾਬ ਸਰਕਾਰ ਲਈ ਵਧੀਆ ਕੰਮ ਕਰ ਰਹੇ ਹਨ। 'ਤੁਸੀਂ ਕਿਸ ਵਿਭਾਗ ਦੇ ਘੁਟਾਲੇ ਦੀ ਜਾਂਚ ਕਰ ਰਹੇ ਹੋ? ਤੁਸੀਂ ਕਿਹੜੀ ਰਿਪੋਰਟ ਦਰਜ ਕਰ ਰਹੇ ਹੋ?' ਉਹ ਕਹਿੰਦੇ ਹਨ, 'ਸਾਨੂੰ ਨਹੀਂ ਪਤਾ। ਉੱਪਰੋਂ ਹੁਕਮ ਹਨ। ਅਧਿਕਾਰੀਆਂ ਦੇ ਘਰਾਂ 'ਚ ਜਾਓ।'"
ਉਨ੍ਹਾਂ ਅੱਗੇ ਕਿਹਾ, "ਈਡੀ ਅਧਿਕਾਰੀ ਕਈ-ਕਈ ਦਿਨਾਂ ਤੱਕ ਅਧਿਕਾਰੀਆਂ ਦੇ ਘਰਾਂ ਵਿੱਚ ਬੈਠੇ ਰਹਿੰਦੇ ਹਨ। ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਘਰਾਂ ਵਿੱਚ ਵੜ ਜਾਂਦੇ ਹਨ। ਅਜੇ ਦੋ ਦਿਨ ਪਹਿਲਾਂ ਹੀ ਈਡੀ ਦੇ ਅਧਿਕਾਰੀ ਸਾਡੇ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਦੇ ਘਰ ਬੈਠੇ ਹੋਏ ਸਨ। ਉਹ ਕਈ ਦਿਨਾਂ ਤੋਂ ਉੱਥੇ ਸਨ। ਵਰਕਰ ਨੇ ਉਨ੍ਹਾਂ ਨੂੰ ਪੁੱਛਿਆ, 'ਤੁਸੀਂ ਕੀ ਲੱਭ ਰਹੇ ਹੋ? ਘੱਟੋ-ਘੱਟ ਮੈਨੂੰ ਇਹ ਤਾਂ ਦੱਸੋ।' ਉਨ੍ਹਾਂ ਕਿਹਾ, 'ਅਸੀਂ ਛਾਪਾ ਮਾਰ ਰਹੇ ਹਾਂ।' ਉਸ ਨੇ ਪੁੱਛਿਆ, 'ਤੁਸੀਂ ਕਿਸ ਲਈ ਛਾਪਾ ਮਾਰ ਰਹੇ ਹੋ? ਇਸ ਛਾਪੇਮਾਰੀ ਵਿੱਚ ਤੁਸੀਂ ਕੀ ਲੱਭ ਰਹੇ ਹੋ? ਤੁਹਾਨੂੰ ਮੇਰੇ ਘਰੋਂ ਕੋਈ ਪੈਸਾ ਨਹੀਂ ਮਿਲਿਆ। ਦੋ ਦਿਨ ਬੀਤ ਗਏ ਹਨ। ਤੁਹਾਨੂੰ ਇੱਕ ਵੀ ਦਸਤਾਵੇਜ਼ ਨਹੀਂ ਮਿਲਿਆ। ਮੈਂ ਤਾਂ ਕਿਸੇ ਅਜਿਹੇ ਵਿਭਾਗ ਨੂੰ ਵੀ ਨਹੀਂ ਸੰਭਾਲਦਾ ਜਿਸ ਨਾਲ ਇਹ ਸਬੰਧਤ ਹੋਵੇ।'"
"ਉਨ੍ਹਾਂ ਕਿਹਾ, 'ਸਾਨੂੰ ਨਹੀਂ ਪਤਾ। ਉੱਪਰੋਂ ਹੁਕਮ ਹਨ।' ਈਡੀ ਅਧਿਕਾਰੀ ਵਰਕਰਾਂ ਦੇ ਘਰਾਂ ਵਿੱਚ ਵੜ ਕੇ ਇਹ ਕਹਿ ਕੇ ਛਾਪੇਮਾਰੀ ਕਰ ਰਹੇ ਹਨ ਕਿ 'ਸਾਨੂੰ ਉੱਪਰੋਂ ਹੁਕਮ ਹਨ।' ਉਹ ਹਰ ਸਵਾਲ 'ਤੇ ਇਹ ਹੀ ਕਹਿੰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਕੁਝ ਨਹੀਂ ਪਤਾ ਅਤੇ ਵਾਰ-ਵਾਰ ਦੁਹਰਾਉਂਦੇ ਹਨ, 'ਸਾਨੂੰ ਛਾਪਾ ਮਾਰਨਾ ਪਵੇਗਾ।'"
ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ, "ਉਹ ਉੱਥੇ ਬੈਠਦੇ ਹਨ, ਖਾਂਦੇ ਹਨ, ਗੱਲਾਂ ਕਰਦੇ ਹਨ, ਅਤੇ ਰਾਤ ਨੂੰ ਗੱਦੇ ਮੰਗਵਾ ਲੈਂਦੇ ਹਨ। ਉਹ ਇਸ ਸਭ ਦੇ ਵੀਡੀਓ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਬਾਹਰ ਭੇਜਦੇ ਹਨ ਤਾਂ ਜੋ ਭਾਜਪਾ ਵਾਲੇ ਟਵੀਟ ਕਰ ਸਕਣ। ਇਹ ਸਭ ਕੁਝ ਚੱਲ ਰਿਹਾ ਹੈ। ਕਿਸੇ ਨੂੰ ਨਹੀਂ ਪਤਾ ਕਿ ਘੁਟਾਲਾ ਕੀ ਹੈ। ਉਨ੍ਹਾਂ ਨੂੰ ਕਿਤੇ ਵੀ ਇੱਕ ਰੁਪਿਆ ਨਹੀਂ ਮਿਲਿਆ। ਨਰਿੰਦਰ ਮੋਦੀ ਦੀ ਈਡੀ ਨੂੰ ਭ੍ਰਿਸ਼ਟਾਚਾਰ ਦਾ ਇੱਕ ਵੀ ਦਸਤਾਵੇਜ਼ ਨਹੀਂ ਮਿਲਿਆ। ਉਹ ਛਾਪੇਮਾਰੀ ਕਰਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ।"
ਉਨ੍ਹਾਂ ਦਾਅਵਾ ਕੀਤਾ, "ਉਹ ਵਪਾਰੀਆਂ ਦੇ ਘਰਾਂ ਵਿੱਚ ਜਾਂਦੇ ਹਨ ਅਤੇ ਉਨ੍ਹਾਂ ਤੋਂ ਪੈਸ ਮੰਗਣ ਲੱਗਦੇ ਹਨ। ਉਹ ਵਰਕਰਾਂ ਦੇ ਘਰਾਂ ਵਿੱਚ ਜਾਂਦੇ ਹਨ ਅਤੇ ਕਹਿੰਦੇ ਹਨ, 'ਓਹ, ਤੁਸੀਂ ਆਮ ਆਦਮੀ ਪਾਰਟੀ ਲਈ ਕੰਮ ਕਰ ਰਹੇ ਹੋ। ਠੀਕ ਹੈ, ਠੀਕ ਹੈ। ਕੋਈ ਗੱਲ ਨਹੀਂ, ਅਸੀਂ ਤੁਹਾਡੇ ਘਰ ਛਾਪਾ ਮਾਰਾਂਗੇ।' ਇਹ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਚੱਲ ਰਹੀ ਹੈ।"
ਮਨੀਸ਼ ਸਿਸੋਦੀਆ ਨੇ ਜ਼ੋਰ ਦੇ ਕੇ ਕਿਹਾ, "ਕੱਲ੍ਹ ਉਹ ਸਾਡੀ ਪਾਰਟੀ ਦੇ ਚੇਅਰਮੈਨ ਦੇ ਘਰ ਪਹੁੰਚ ਗਏ। ਚੇਅਰਮੈਨ ਉੱਥੇ ਨਹੀਂ ਸਨ, ਪਰ ਉਨ੍ਹਾਂ ਦੇ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ, ਇਸ ਲਈ ਉਨ੍ਹਾਂ ਨੇ ਜਿੰਦਾ ਤੋੜ ਕੇ ਘਰ ਅੰਦਰ ਪ੍ਰਵੇਸ਼ ਕੀਤਾ। ਇਸੇ ਲਈ ਮੈਂ ਕਿਹਾ ਕਿ ਇਹ ਈਡੀ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨਹੀਂ ਰਹੀ। ਇਹ ਹੁਣ ਨਰਿੰਦਰ ਮੋਦੀ ਦੇ ਦਿਹਾੜੀਦਾਰ ਡਾਕੂ ਹਨ। ਉਹ ਚੋਰਾਂ ਅਤੇ ਡਾਕੂਆਂ ਵਾਂਗ ਲੋਕਾਂ ਦੇ ਘਰਾਂ ਵਿੱਚ ਵੜ ਰਹੇ ਹਨ। ਅਤੇ ਪ੍ਰਧਾਨ ਮੰਤਰੀ ਮੋਦੀ ਦਾ ਇੱਕੋ-ਇੱਕ ਮਕਸਦ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ 'ਤੇ ਕਬਜ਼ਾ ਕਰਨਾ ਹੈ। ਜੇਕਰ ਵੋਟਾਂ ਰਾਹੀਂ ਅਜਿਹਾ ਨਹੀਂ ਕੀਤਾ ਜਾ ਸਕਦਾ, ਤਾਂ ਈ.ਡੀ. ਰਾਹੀਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਮਨੀਸ਼ ਸਿਸੋਦੀਆ ਨੇ ਕਿਹਾ, "ਪਰ ਮੈਂ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦਾ ਹਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਹ ਪੰਜਾਬ ਹੈ। ਇੱਥੇ ਅਰਵਿੰਦ ਕੇਜਰੀਵਾਲ ਦੀ 'ਕੱਟੜ ਇਮਾਨਦਾਰੀ' ਦੀ ਰਾਜਨੀਤੀ 'ਤੇ ਸਰਕਾਰ ਚਲਾਈ ਜਾ ਰਹੀ ਹੈ। ਇੱਥੇ ਪੰਜਾਬ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ। ਤੁਹਾਨੂੰ ਇੱਥੇ ਕੁਝ ਨਹੀਂ ਮਿਲੇਗਾ। ਜਿੰਨੇ ਮਰਜ਼ੀ ਛਾਪੇ ਮਾਰੋ, ਜੋ ਮਰਜ਼ੀ ਕਰੋ। ਪਰ ਤੁਹਾਨੂੰ ਇਸ ਤੋਂ ਇੱਕ ਸੁਨੇਹਾ ਜ਼ਰੂਰ ਲੈਣਾ ਚਾਹੀਦਾ ਹੈ: ਸਰਦਾਰ ਭਗਵੰਤ ਸਿੰਘ ਮਾਨ ਇੱਕ ਸੱਚੇ ਸਰਦਾਰ ਹਨ।"
ਉਨ੍ਹਾਂ ਕਿਹਾ, "ਉਹ ਗੁਰੂ ਸਾਹਿਬਾਨਾਂ ਦਾ ਸਤਿਕਾਰ ਕਰਦੇ ਹਨ, ਅਤੇ ਗੁਰੂ ਸਾਹਿਬਾਨਾਂ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਜਦੋਂ ਵੀ ਦਿੱਲੀ ਵਿੱਚ ਬੈਠਾ ਕੋਈ ਤਾਨਾਸ਼ਾਹ ਦੇਸ਼ ਵਿੱਚ ਕਿਤੇ ਵੀ ਤਾਨਾਸ਼ਾਹੀ ਠੋਸਦਾ ਹੈ, ਤਾਂ ਪੰਜਾਬ ਦੇ ਲੋਕ ਚੁੱਪ ਨਹੀਂ ਬੈਠਣਗੇ।"
ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਜੀ, ਪੰਜਾਬ ਦੇ ਲੋਕ ਚੁੱਪ ਨਹੀਂ ਬੈਠਣ ਵਾਲੇ। ਤੁਸੀਂ ਈਡੀ ਅਤੇ ਸੀਬੀਆਈ ਦੀ ਵਰਤੋਂ ਕਰਕੇ ਦਿੱਲੀ ਤੋਂ ਜਿੰਨੀ ਮਰਜ਼ੀ ਤਾਨਾਸ਼ਾਹੀ ਠੋਸ ਲਓ। ਆਮ ਆਦਮੀ ਪਾਰਟੀ ਇਮਾਨਦਾਰ ਰਾਜਨੀਤੀ ਕਰਦੀ ਹੈ। ਇਹ ਇੱਕ ਇਮਾਨਦਾਰ ਪਾਰਟੀ ਹੈ। ਇਹ ਇਮਾਨਦਾਰੀ ਨਾਲ ਸਰਕਾਰ ਚਲਾ ਰਹੀ ਹੈ।"
ਉਨ੍ਹਾਂ ਦਾਅਵਾ ਕੀਤਾ, "ਤੁਸੀਂ 4,000 ਹੀ ਨਹੀਂ, ਸਗੋਂ 4,00,000 ਈਡੀ ਅਧਿਕਾਰੀ ਲੈ ਆਓ, ਅਤੇ ਜੇ ਚਾਹੋ ਤਾਂ ਹਰ ਘਰ ਵਿੱਚ ਈਡੀ ਦੇ ਦਫ਼ਤਰ ਖੋਲ੍ਹ ਲਓ। ਪਰ ਤੁਹਾਨੂੰ ਕੁਝ ਨਹੀਂ ਮਿਲੇਗਾ, ਕਿਉਂਕਿ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨਹੀਂ ਕਰਦੀ। ਤੁਹਾਨੂੰ ਕੁਝ ਨਹੀਂ ਮਿਲਿਆ। ਹਰ ਮੌਕਾ ਇਹ ਸਾਫ਼ ਕਰਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਪ੍ਰਤੀ ਨਫ਼ਰਤ ਰੱਖਦੇ ਹਨ।"