ਤੰਦਰੁਸਤੀ ਅਤੇ ਨਸ਼ਾ-ਮੁਕਤ ਪੰਜਾਬ ਨੂੰ ਉਤਸ਼ਾਹਿਤ ਕਰਨ ਲਈ 'ਆਪ' ਯੂਥ ਵਿੰਗ 9 ਅਗਸਤ ਨੂੰ ਮੋਹਾਲੀ 'ਚ ਕਰਵਾਏਗਾ ਮੈਰਾਥਨ
Aug6,2026
| Jagrati Lahar Bureau | Chandigarh
ਯੂਥ ਵਿੰਗ ਦੇ ਆਗੂਆਂ ਨੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਪੰਜਾਬ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਅਤੇ ਖੇਡਾਂ ਲਈ ਕਈ ਅਭੂਤਪੂਰਵ ਪਹਿਲਕਦਮੀਆਂ ਕੀਤੀਆਂ, ਨਸ਼ਾ ਮੁਕਤ ਪੰਜਾਬ ਅਤੇ 'ਰੰਗਲਾ' ਪੰਜਾਬ ਸਾਡਾ ਮਿਸ਼ਨ: ਪਰਮਿੰਦਰ ਗੋਲਡੀ
ਇੱਕ ਮਜ਼ਬੂਤ ਪੰਜਾਬ ਸਿਰਫ਼ ਮਜ਼ਬੂਤ, ਤੰਦਰੁਸਤ ਅਤੇ ਆਤਮ-ਵਿਸ਼ਵਾਸੀ ਨੌਜਵਾਨਾਂ ਨਾਲ ਹੀ ਬਣ ਸਕਦਾ ਹੈ: ਮਨਜਿੰਦਰ ਸਿੰਘ ਲਾਲਪੁਰਾ
3,000 ਤੋਂ ਵੱਧ ਨੌਜਵਾਨ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਹਨ, 9 ਅਗਸਤ ਨੂੰ 5,000 ਤੋਂ ਵੱਧ ਭਾਗੀਦਾਰਾਂ ਦੀ ਉਮੀਦ: ਵੀਰ ਦਵਿੰਦਰ ਸਿੰਘ ਬੱਲਾਂ
ਆਮ ਆਦਮੀ ਪਾਰਟੀ ('ਆਪ') ਪੰਜਾਬ ਯੂਥ ਵਿੰਗ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਵਾਸਤੇ ਰਾਜ ਪੱਧਰੀ ਮੁਹਿੰਮ ਦਾ ਐਲਾਨ ਕੀਤਾ, ਜਿਸ ਦੀ ਸ਼ੁਰੂਆਤ 9 ਅਗਸਤ ਨੂੰ ਮੋਹਾਲੀ ਵਿਖੇ ਹੋਣ ਵਾਲੀ 5.5 ਕਿਲੋਮੀਟਰ ਦੀ ਮੈਰਾਥਨ ਨਾਲ ਹੋਵੇਗੀ। ਇਹ ਮੈਰਾਥਨ ਸ਼੍ਰੀ ਅੰਬ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਨੌਜਵਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਗੋਲਡੀ, 'ਆਪ' ਪੰਜਾਬ ਯੂਥ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਯੂਥ ਵਿੰਗ ਦੇ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਬੱਲਾਂ ਨੇ ਦੱਸਿਆ ਕਿ ਇਸ ਪਹਿਲਕਦਮੀ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ 'ਰੰਗਲਾ ਪੰਜਾਬ' ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਹੈ।
ਪਰਮਿੰਦਰ ਗੋਲਡੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾ ਨੌਜਵਾਨਾਂ ਦੀ ਭਲਾਈ ਅਤੇ ਖੇਡਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 3,100 ਤੋਂ ਵੱਧ ਖੇਡ ਮੈਦਾਨ ਵਿਕਸਤ ਕੀਤੇ ਗਏ ਹਨ, ਇੰਡੋਰ ਤੇ ਆਊਟਡੋਰ ਜਿਮ ਸਥਾਪਿਤ ਕੀਤੇ ਗਏ ਹਨ ਅਤੇ ਜਲਦੀ ਹੀ ਪਿੰਡਾਂ ਵਿੱਚ ਖੇਡ ਕਿੱਟਾਂ ਵੀ ਵੰਡੀਆਂ ਜਾਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਯੂਥ ਵਿੰਗ ਨੇ ਪੰਜਾਬ ਦੇ ਪਿੰਡਾਂ ਵਿੱਚ 21-ਮੈਂਬਰੀ ਕਲੱਬ ਵੀ ਬਣਾਏ ਹਨ, ਜੋ ਸਰਕਾਰ ਦੀਆਂ ਜਨ-ਹਿਤੈਸ਼ੀ ਨੀਤੀਆਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਬੰਧਕਾਂ ਵੱਲੋਂ ਜਾਰੀ ਆਨਲਾਈਨ ਲਿੰਕ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਮੈਰਾਥਨ ਵਿੱਚ ਭਾਗ ਲੈਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਸ ਮੁਹਿੰਮ ਦਾ ਵਿਸਥਾਰ ਹੋਰ ਜ਼ਿਲ੍ਹਿਆਂ ਵਿੱਚ ਵੀ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਸਰੀਰਕ ਤੰਦਰੁਸਤੀ ਨਾ ਕੇਵਲ ਸਰੀਰ ਨੂੰ ਮਜ਼ਬੂਤ ਕਰਦੀ ਹੈ, ਸਗੋਂ ਮਾਨਸਿਕ ਤੰਦਰੁਸਤੀ ਅਤੇ ਆਤਮ-ਵਿਸ਼ਵਾਸ ਵਿੱਚ ਵੀ ਵਾਧਾ ਕਰਦੀ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਪੰਜਾਬ ਦੀ ਸਿਰਜਣਾ ਲਈ ਨੌਜਵਾਨਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡ ਮੈਦਾਨਾਂ ਅਤੇ ਖੇਡ ਗਤੀਵਿਧੀਆਂ ਵਿੱਚ ਜ਼ਿਆਦਾ ਸਮਾਂ ਬਿਤਾਉਣ, ਜਿਸ ਨਾਲ ਉਹ ਕੁਦਰਤੀ ਤੌਰ 'ਤੇ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣਗੇ।
ਲਾਲਪੁਰਾ ਨੇ ਪਿੰਡਾਂ ਵਿੱਚ ਸਟੇਡੀਅਮ ਅਤੇ ਜਿਮ ਸਮੇਤ ਖੇਡ ਢਾਂਚੇ ਵਿੱਚ ਵੱਡਾ ਨਿਵੇਸ਼ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਅਤੇ ਮੌਕੇ ਪ੍ਰਦਾਨ ਕਰ ਰਹੀਆਂ ਹਨ।
ਯੂਥ ਵਿੰਗ ਦੇ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਬੱਲਾਂ ਨੇ ਦੱਸਿਆ ਕਿ ਇਹ ਮੈਰਾਥਨ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸਿਹਤਮੰਦ, ਨਸ਼ਾ-ਮੁਕਤ ਪੰਜਾਬ ਦਾ ਸੁਨੇਹਾ ਦੇਣ ਦੇ ਯੂਥ ਵਿੰਗ ਦੇ ਵੱਡੇ ਮਿਸ਼ਨ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਚਾਰ ਉਮਰ ਵਰਗਾਂ ਵਿੱਚ 5.5 ਕਿਲੋਮੀਟਰ ਦੀ ਦੌੜ ਹੋਵੇਗੀ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ।
ਬੱਲਾਂ ਨੇ ਖੁਲਾਸਾ ਕੀਤਾ ਕਿ ਸਮਾਗਮ ਲਈ ਲਗਭਗ 3,000 ਭਾਗੀਦਾਰ ਪਹਿਲਾਂ ਹੀ ਰਜਿਸਟਰ ਕਰ ਚੁੱਕੇ ਹਨ ਅਤੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਮੈਰਾਥਨ ਤੋਂ ਪਹਿਲਾਂ ਇਹ ਗਿਣਤੀ 5,000 ਤੋਂ ਪਾਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਪੇਸ਼ੇਵਰ ਐਥਲੀਟ ਅਤੇ ਫਿੱਟਨੈੱਸ ਪ੍ਰੇਮੀ ਦੋਵੇਂ ਹਿੱਸਾ ਲੈਣਗੇ, ਜਿਸ ਨਾਲ ਇਹ ਪਾਰਟੀ ਵੱਲੋਂ ਕਰਵਾਏ ਗਏ ਸਭ ਤੋਂ ਵੱਡੇ ਯੂਥ ਫਿੱਟਨੈੱਸ ਸਮਾਗਮਾਂ ਵਿੱਚੋਂ ਇੱਕ ਬਣ ਜਾਵੇਗਾ।
ਯੂਥ ਵਿੰਗ ਦੇ ਆਗੂਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਇਸ ਪਹਿਲਕਦਮੀ ਵਿੱਚ ਸ਼ਾਮਲ ਹੋਣ ਅਤੇ ਤੰਦਰੁਸਤੀ, ਖੇਡਾਂ ਅਤੇ ਨਸ਼ਾ-ਮੁਕਤ ਸਮਾਜ ਦੇ ਅੰਬੈਸਡਰ ਬਣਨ ਦੀ ਅਪੀਲ ਕੀਤੀ। ਉਨ੍ਹਾਂ ਦੁਹਰਾਇਆ ਕਿ ਇਹ ਮੁਹਿੰਮ ਸੂਬੇ ਭਰ ਵਿੱਚ ਜਾਰੀ ਰਹੇਗੀ ਤਾਂ ਜੋ ਹੋਰ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ।
Aap-Youth-Wing-To-Organise-Marathon-In-Mohali-On-August-9-To-Promote-Fitness-And-A-Drug-free-Punjab