ਜੇ ਡੈਮ ਨਾ ਹੁੰਦੇ, ਤਾਂ ਜੂਨ ਮਹੀਨੇ ਵਿੱਚ ਹੀ ਪੰਜਾਬ ਵਿੱਚ ਆ ਜਾਂਦਾ ਹੜ੍ਹ : ਮਨੋਜ ਤ੍ਰਿਪਾਠੀ ਬੀ ਬੀ ਐਮ ਬੀ ਦੇ ਚੇਅਰਮੈਨ ਵਲੋਂ ਡੈਮਾਂ ਵਿੱਚ 1988 ਦੇ ਭਿਆਨਕ ਹੜ੍ਹਾਂ ਤੋਂ ਵੀ ਵੱਧ ਪਾਣੀ ਆਉਣ ਦਾ ਦਾਅਵਾ
Sep5,2025
| Gurvinder Singh Mohali | Chandigarh
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਡੈਮਾਂ ਵਿੱਚ 1988 ਦੇ ਭਿਆਨਕ ਹੜ੍ਹਾਂ ਤੋਂ ਵੀ ਵੱਧ ਪਾਣੀ ਆਇਆ ਅਤੇ ਬਿਆਸ ਦਰਿਆ ਵਿੱਚ ਪਾਣੀ ਦੀ ਆਮਦ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬੀ ਬੀ ਐਮ ਬੀ ਦੇ ਚੇਅਰਮੈਨ ਨੇ ਦਾਅਵਾ ਕੀਤਾ ਕਿ ਜੇ ਇਹ ਡੈਮ ਨਾ ਹੁੰਦੇ, ਤਾਂ ਪੰਜਾਬ ਵਿੱਚ ਜੂਨ ਮਹੀਨੇ ਵਿੱਚ ਹੀ ਹੜ੍ਹ ਆ ਚੁੱਕਾ ਹੁੰਦਾ। ਉਨ੍ਹਾਂ ਦੱਸਿਆ ਕਿ ਡੈਮਾਂ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ 6 ਅਗਸਤ ਤੋਂ ਹੀ ਜਾਰੀ ਹੈ ਤਾਂ ਜੋ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ।
ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਦੱਸਿਆ ਕਿ ਇਸ ਮਾਨਸੂਨ ਸੀਜ਼ਨ ਵਿੱਚ ਡੈਮਾਂ ਵਿੱਚ 11.7 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ, ਜੋ ਇੱਕ ਇਤਿਹਾਸਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 1988 ਤੋਂ ਵੱਧ ਪਾਣੀ ਆਇਆ ਹੈ ਜਿਹੜਾ 2023 ਤੋਂ 20 ਫੀਸਦੀ ਵੱਧ ਹੈ। ਉਹਨਾਂ ਦਾਅਵਾ ਕੀਤਾ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ 65,000 ਕਿਊਸਿਕ ਨੂੰ ਪਾਰ ਕਰ ਗਿਆ, ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
ਉਹਨਾਂ ਮੰਨਿਆ ਕਿ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਬਹੁਤ ਜ਼ਿਆਦਾ ਹੈ, ਜਿਸ ਨਾਲ ਡੈਮ ਤੇ ਭਾਰੀ ਦਬਾਅ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਭਾਖੜਾ ਡੈਮ ਵਿੱਚ ਇਸ ਸੀਜ਼ਨ ਵਿੱਚ 16.78 ਬਿਲੀਅਨ ਕਿਊਸਿਕ ਦਾ ਸਿਖਰਲਾ ਪਾਣੀ ਦਾ ਪੱਧਰ ਰਿਕਾਰਡ ਕੀਤਾ ਗਿਆ ਹੈ, ਜੋ ਕਿ 1988 ਅਤੇ 2023 ਵਿੱਚ ਦੇਖੇ ਗਏ ਉੱਚ ਪੱਧਰ ਦੇ ਬਰਾਬਰ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਭਾਖੜਾ ਵਿੱਚ ਪਾਣੀ ਦਾ ਪ੍ਰਵਾਹ ਥੋੜ੍ਹਾ ਘੱਟ ਗਿਆ ਹੈ, ਜਿਸ ਨਾਲ ਦਬਾਅ ਘੱਟ ਕਰਨ ਵਿੱਚ ਮਦਦ ਮਿਲੀ ਹੈ, ਪਰ ਪੌਂਗ ਵਿੱਚ ਇੱਕ ਲੱਖ ਕਿਊਸਿਕ ਤੋਂ ਵੱਧ ਦਾ ਪ੍ਰਵਾਹ ਜਾਰੀ ਹੈ।
ਚੇਅਰਮੈਨ ਨੇ ਕਿਹਾ ਕਿ ਅੱਜ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,678.6 ਫੁੱਟ ਸੀ, ਜੋ ਕਿ ਨਿਰਧਾਰਤ ਖ਼ਤਰੇ ਦੇ ਪੱਧਰ ਤੋਂ ਲਗਭਗ 1.4 ਫੁੱਟ ਹੇਠਾਂ ਹੈ। ਹਾਲਾਂਕਿ, ਪੋਂਗ ਡੈਮ ਦਾ ਪੱਧਰ 1,394.7 ਫੁੱਟ ਦਰਜ ਕੀਤਾ ਗਿਆ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਖੜਾ ਦਾ ਜਲ ਪੱਧਰ 1680 ਫੁੱਟ ਤੋਂ ਉੱਪਰ ਨਹੀਂ ਜਾਣ ਦਿੱਤਾ ਜਾ ਸਕਦਾ, ਜੋ ਕਿ ਉਸਦੀ ਵੱਧ ਤੋਂ ਵੱਧ ਸਮਰੱਥਾ ਹੈ। ਤ੍ਰਿਪਾਠੀ ਨੇ ਕਿਹਾ ਕਿ ਮੌਸਮ ਦੀ ਭਵਿੱਖਬਾਣੀ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਘੱਟ ਬਾਰਿਸ਼ ਹੋਣ ਦਾ ਸੰਕੇਤ ਦਿੰਦੀ ਹੈ, ਜਿਸ ਨਾਲ ਸਥਿਤੀ
ਨੂੰ ਕਾਬੂ ਵਿੱਚ ਲਿਆਉਣ ਵਿੱਚ ਮਦਦ ਮਿਲ ਸਕਦੀ ਹੈ।
Powered by Froala Editor
Punjab-Flood-2025-Bbmb-Chairman-Manoj-Tripathi-Press-Meet-