ਮੈਡੀਕਲ ਸਟੋਰ ਮਾਲਕ ਵੱਲੋਂ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ
Oct13,2026
| Jagrati Lahar Bureau | Chandigarh
ਫੇਸਬੁੱਕ ਤੇ ਲਾਈਵ ਹੋ ਕੇ ਕਰ ਰਿਹਾ ਸੀ ਨਸ਼ੇ ਵੇਚਣ ਦਾ ਵਿਰੋਧ, ਦੁਕਾਨਦਾਰ ਨੇ ਨੇੜਿਉਂ ਮਾਰੀਆਂ ਗੋਲੀਆਂ
ਚੰਡੀਗੜ੍ਹ 13 ਅਕਤੂਬਰ
ਗੁਰਵਿੰਦਰ ਸਿੰਘ
ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕਰ ਦਿੱਤਾ ਗਿਆ ਹੈ। ਝੋਟਾ ਨੂੰ ਇੱਕ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਘਟਨਾ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਦੁਕਾਨਦਾਰ ਵਲੋਂ ਨਸ਼ੇ ਵੇਚਣ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਸੀ। ਝੋਟਾ ਵਲੋਂ ਲਗਭਗ 5 ਮਿੰਟ ਦੀ ਲਾਈਵ ਵੀਡੀਓ ਬਣਾਈ ਗਈ ਸੀ, ਜਿਸ ਦੌਰਾਨ ਉਹ ਮੈਡੀਕਲ ਸਟੋਰ ਦੇ ਮਾਲਕ ਨਾਲ ਇੱਕ ਬਜੁਰਗ ਨੂੰ ਨਸ਼ੇ ਵੇਚਣ ਦੀ ਕਾਰਵਾਈ ਦਾ ਵਿਰੋਧ ਕਰ ਰਿਹਾ ਸੀ।
ਬਹਿਸਬਾਜੀ ਦੌਰਾਨ ਗੁੱਸੇ ਵਿੱਚ ਆਏ ਦੁਕਾਨਦਾਰ ਵਲੋਂ ਝੋਟਾ ਅਤੇ ਉਸਦੇ ਸਾਥੀਆਂ ਤੇ ਤਾਬੜਤੋੜ ਗੋਲੀਆਂ ਦਾਗ ਦਿੱਤੀਆਂ ਗਈਆਂ। ਇਹ ਗੋਲੀਆਂ ਇੰਨੇ ਨੇੜਿਉਂ ਮਾਰੀਆਂ ਗਈਆਂ ਕਿ ਉਹ ਝੋਟਾ ਦੇ ਸਰੀਰ ਦੇ ਆਰ-ਪਾਰ ਹੋ ਗਈਆਂ। ਇਸ ਦੌਰਾਨ ਝੋਟੇ ਦੇ ਹੋਰਨਾਂ ਸਾਥੀਆਂ ਦੇ ਵੀ ਜਖਮੀ ਹੋਣ ਦੀ ਖਬਰ ਹੈ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ਤੇ ਪਹੁੰਚੀ ਪਰੰਤੂ ਉਦੋਂ ਤਕ ਦੁਕਾਨ ਦਾ ਮਾਲਕ ਦੁਕਾਨ ਬੰਦ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ।
ਪ੍ਰਾਪਤ ਵੇਰਵਿਆਂ ਅਨੁਸਾਰ ਪਰਵਿੰਦਰ ਸਿੰਘ ਝੋਟਾ ਤੋਂ ਇਲਾਵਾ ਉਸ ਨਾਲ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਬਲਜੀਤ ਸਿੰਘ (65), ਕੁਲਵਿੰਦਰ ਸਿੰਘ (42), ਹੈਪੀ ਸਿੰਘ (24) ਅਤੇ ਗੋਬਿੰਦ ਸਿੰਘ (30) ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੇ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।
ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਿੱਥੇ ਉਸ ਦੇ ਸਮਰਥਕਾਂ ਵੱਲੋਂ ਮਾਨਸਾ ਦੇ 12 ਹੱਟਾਂ ਚੌਂਕ ਵਿਖੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮਾਨਸਾ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਝੋਟਾ ਦੇ ਕਤਲ ਤੋਂ ਬਾਅਦ ਸ਼ਹਿਰ ਵਿੱਚ ਮਾਹੌਲ ਤਣਾਅਪੂਰਨ ਹੈ। ਇਸ ਦੌਰਾਨ ਸਾਰੇ ਸਕੂਲਾਂ ਵਿੱਚ ਵੀ ਛੁੱਟੀ ਕਰ ਦਿੱਤੀ ਗਈ।
ਉੱਧਰ ਪਰਿਵਾਰ ਨੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਤੱਕ ਝੋਟਾ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਦੌਰਾਨ, ਪੁਲੀਸ ਨੇ ਫਰਾਰ ਮੁਲਜ਼ਮ (ਮੈਡੀਕਲ ਸਟੋਰ ਸੰਚਾਲਕ ਅਸ਼ਵਨੀ ਕੁਮਾਰ) ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਹੈ ਕਿ 24 ਘੰਟਿਆਂ ਦੇ ਅੰਦਰ ਹੀ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਵੇਗਾ।
ਜਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਮਾਨਸਾ ਵਿੱਚ ਲੰਬੇ ਸਮੇਂ ਤੋਂ ਨਸ਼ਿਆਂ ਵਿਰੋਧੀ ਮੁਹਿੰਮ ਚਲਾ ਰਿਹਾ ਸੀ ਜਿਸ ਦੌਰਾਨ ਉਹ ਅਤੇ ਉਸਦੇ ਸਾਥੀ ਨਾ ਕੇਵਲ ਨਸ਼ਾ ਵੇਚਣ ਤੋਂ ਰੋਕਦੇ ਸਨ ਬਲਕਿ ਨਸ਼ਾ ਵੇਚਣ ਵਾਲਿਆਂ ਨੂੰ ਵੀ ਫੜਦੇ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਦਾ ਝਗੜਾ ਵੀ ਹੋ ਚੁੱਕਾ ਸੀ ਅਤੇ ਉਨ੍ਹਾਂ ਦੇ ਕਹਿਣ ਤੇ ਕਈ ਪੰਚਾਇਤਾਂ ਨੇ ਨਸ਼ੇ ਦੇ ਖ਼ਿਲਾਫ਼ ਮਤੇ ਤੱਕ ਪਾਸ ਕੀਤੇ ਸਨ।
ਪਰਵਿੰਦਰ ਸਿੰਘ ਝੋਟਾ ਨੂੰ ਸੋਸ਼ਲ ਮੀਡੀਆ ਤੇ 'ਝੋਟਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮਾਨਸਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੁਝ ਮੈਡੀਕਲ ਸਟੋਰਾਂ ਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਦੋਸ਼ ਲਗਾਉਂਦਿਆਂ ਮੁਹਿੰਮ ਚਲਾਈ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦਵਾਈਆਂ ਦੀ ਵਿਕਰੀ ਕਾਰਨ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਹੈ। ਮਾਨਸਾ ਦੇ ਇੱਕ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਨੂੰ ਜੁੱਤੀਆਂ ਦੀ ਮਾਲਾ ਪਾ ਕੇ ਸ਼ਹਿਰ ਵਿੱਚ ਘੁਮਾ ਕੇ ਥਾਣੇ ਬੰਦ ਕਰਵਾਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਆਂ ਉਸੇ ਦੁਕਾਨਦਾਰ ਵੱਲੋਂ ਚਲਾਈਆਂ ਗਈਆਂ ਹਨ।
-parvindersinghjhota-mansamurdercase-punjabnews-drugmenace-punjabpolice