ਚੰਡੀਗੜ੍ਹ ’ਚ ਫਲੈਟ ਦਿਵਾਉਣ ਦੇ ਨਾਂ ’ਤੇ 45 ਲੱਖ ਦੀ ਠੱਗੀ, ਜ਼ੀਰਕਪੁਰ ਦਾ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ
Oct13,2026
| Satish Vij | Zira
ਖੰਨਾ ਦੇ ਨਾਮਵਰ ਤਾਰਾ ਹੇਅਰ ਸੈਲੂਨ ਮਾਲਕ ਜਗਤਾਰ ਝਾਮ ਨਾਲ ਮਾਰੀ ਸੀ ਠੱਗੀ, ਅਦਾਲਤ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਚੰਡੀਗੜ੍ਹ ਵਿੱਚ ਫਲੈਟ ਦਿਵਾਉਣ ਦੇ ਨਾਂ ’ਤੇ 45 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੇ ਜ਼ੀਰਕਪੁਰ ਦੇ ਪ੍ਰਾਪਰਟੀ ਡੀਲਰ ਗੁਰਜੋਤ ਸਿੰਘ ਗੁਲਾਟੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਖੰਨਾ ਦੇ ਨਾਮਵਰ ਹੇਅਰ ਸੈਲੂਨ ਦੇ ਮਾਲਕ ਜਗਤਾਰ ਝਾਮ ਉਰਫ਼ ਤਾਰਾ ਨਾਲ ਠੱਗੀ ਮਾਰੀ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਪੁਲਿਸ ਅਨੁਸਾਰ, ਇਸ ਮਾਮਲੇ ਵਿੱਚ 10 ਦਸੰਬਰ 2025 ਨੂੰ ਖੰਨਾ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਮੁਲਜ਼ਮ ਪ੍ਰਾਪਰਟੀ ਡੀਲਰ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਅਤੇ ਭਗੌੜਾ ਚੱਲ ਰਿਹਾ ਸੀ। ਹੁਣ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੀਆਈਏ ਸਟਾਫ਼ ਦੇ ਇੰਚਾਰਜ ਆਕਾਸ਼ ਦੱਤ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਮਲੇ ਵਿੱਚ ਅਗਲੀ ਤਫ਼ਤੀਸ਼ ਜਾਰੀ ਹੈ। ਸੀਆਈਏ ਇੰਚਾਰਜ ਆਕਾਸ਼ ਦੱਤ ਅਨੁਸਾਰ, ਗੁਰਜੋਤ ਸਿੰਘ ਗੁਲਾਟੀ ਖ਼ਿਲਾਫ਼ ਪਹਿਲਾਂ ਵੀ ਮੋਹਾਲੀ ਵਿੱਚ ਕਿਡਨੈਪਿੰਗ ਦਾ ਇੱਕ ਕੇਸ ਦਰਜ ਹੈ। ਪੁਲਿਸ ਹੁਣ ਚੰਡੀਗੜ੍ਹ ਵਿੱਚ ਫਲੈਟ ਦਿਵਾਉਣ ਦੇ ਨਾਂ ’ਤੇ 45 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।
-khannanews-propertyfraud-zirakpur-punjabpolice-chandigarhpropertyscam