ਦੇਸ਼ ਵਿੱਚ ਸਭ ਤੋਂ ਵੱਧ 31.94% ਐਸ.ਸੀ. ਆਬਾਦੀ ਵਾਲੇ ਪੰਜਾਬ ’ਚ 5,710 ਖਾਤਿਆਂ ਨੂੰ ਮਿਲ ਚੁੱਕੇ ਹਨ ਕਰਜ਼ੇ: ਅਸ਼ਵਨੀ ਸ਼ਰਮਾ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਵੱਲੋਂ 'ਸਟੈਂਡ-ਅੱਪ ਇੰਡੀਆ' ਯੋਜਨਾ ਨੂੰ 31 ਮਾਰਚ 2031 ਤੱਕ ਪੰਜ ਸਾਲ ਹੋਰ ਵਧਾਉਣ ਦੇ ਫ਼ੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ₹4,111 ਕਰੋੜ ਦੇ ਕ੍ਰੈਡਿਟ ਗਾਰੰਟੀ ਕਾਰਪਸ ਨਾਲ ਲਏ ਗਏ ਇਸ ਫ਼ੈਸਲੇ ਦਾ ਸਭ ਤੋਂ ਵੱਡਾ ਲਾਭ ਪੰਜਾਬ ਨੂੰ ਹੋਵੇਗਾ, ਕਿਉਂਕਿ 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ 31.94 ਫ਼ੀਸਦੀ (ਲਗਭਗ 32%) ਅਨੁਸੂਚਿਤ ਜਾਤੀ (ਐਸ.ਸੀ.) ਆਬਾਦੀ ਹੈ, ਜੋ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਹੈ।
₹10 ਲੱਖ ਤੋਂ ₹1 ਕਰੋੜ ਤੱਕ ਆਸਾਨ ਕਰਜ਼ੇ
ਜਾਰੀ ਬਿਆਨ ਮੁਤਾਬਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਪ੍ਰੈਲ 2016 ਵਿੱਚ ਸ਼ੁਰੂ ਹੋਈ ਇਹ ਯੋਜਨਾ ਅਗਲੇ ਪੰਜ ਸਾਲਾਂ ਵਿੱਚ ਦੇਸ਼ ਭਰ ਦੇ 2.5 ਲੱਖ ਹੋਰ ਐਸ.ਸੀ., ਐਸ.ਟੀ. ਅਤੇ ਮਹਿਲਾ ਉੱਦਮੀਆਂ ਨੂੰ ਆਤਮ-ਨਿਰਭਰ ਬਣਾਏਗੀ। ਇਸ ਤਹਿਤ ਨਿਰਮਾਣ, ਸੇਵਾਵਾਂ, ਵਪਾਰ ਅਤੇ ਖੇਤੀ-ਸਹਾਇਕ ਖੇਤਰਾਂ ਵਿੱਚ ਨਵੇਂ ਕਾਰੋਬਾਰ ਲਈ ਪ੍ਰੋਜੈਕਟ ਲਾਗਤ ਦੇ 85 ਫ਼ੀਸਦੀ ਤੱਕ ₹10 ਲੱਖ ਤੋਂ ₹1 ਕਰੋੜ ਦਾ ਕਰਜ਼ਾ ਮਿਲਦਾ ਹੈ। ਕੇਂਦਰ ਵੱਲੋਂ 85 ਫ਼ੀਸਦੀ ਕ੍ਰੈਡਿਟ ਗਾਰੰਟੀ (ਸਿਰਫ਼ 0.50% ਫ਼ੀਸ ’ਤੇ) ਦੇਣ ਨਾਲ ਬੈਂਕਾਂ ਦਾ ਜੋਖ਼ਮ ਘਟਿਆ ਹੈ ਅਤੇ ਦਲਿਤ ਤੇ ਮਹਿਲਾ ਉੱਦਮੀਆਂ ਲਈ ਬਿਨਾਂ ਭਾਰੀ ਗਾਰੰਟੀ ਦੇ ਕਾਰੋਬਾਰ ਖੋਲ੍ਹਣ ਦਾ ਰਾਹ ਪੱਧਰਾ ਹੋਇਆ ਹੈ।
ਪੰਜਾਬ ਵਿੱਚ 5,710 ਖਾਤੇ ਮਨਜ਼ੂਰ, ਮਹਿਲਾਵਾਂ ਤੇ ਦਲਿਤ ਬਣੇ ਰੁਜ਼ਗਾਰਦਾਤਾ
ਅਸ਼ਵਨੀ ਸ਼ਰਮਾ ਨੇ ਸੰਸਦ ਵਿੱਚ ਪੇਸ਼ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਇਸ ਸਕੀਮ ਨੇ ਜ਼ਮੀਨੀ ਪੱਧਰ ’ਤੇ ਵੱਡੀ ਤਬਦੀਲੀ ਲਿਆਂਦੀ ਹੈ। ਅਪ੍ਰੈਲ 2020 ਤੋਂ ਮਾਰਚ 2025 ਦਰਮਿਆਨ ਸੂਬੇ ਵਿੱਚ ਕੁੱਲ 5,710 ਕਰਜ਼ਾ ਖਾਤੇ ਮਨਜ਼ੂਰ ਹੋਏ, ਜਦਕਿ 1,418 ਐਸ.ਸੀ./ਐਸ.ਟੀ. ਉੱਦਮੀਆਂ ਨੂੰ ਸਿੱਧੇ ਕਰਜ਼ੇ ਮਿਲੇ (617 ਲਾਭਪਾਤਰੀ ਇਕੱਲੇ 2024-25 ਵਿੱਚ ਜੁੜੇ)।
ਦੇਸ਼ ਭਰ ਵਿੱਚ 2.75 ਲੱਖ ਤੋਂ ਵੱਧ ਖਾਤਿਆਂ ਰਾਹੀਂ ₹62,790 ਕਰੋੜ ਤੋਂ ਵੱਧ ਦੇ ਕਰਜ਼ੇ ਮਨਜ਼ੂਰ ਹੋਏ ਹਨ, ਜਿਨ੍ਹਾਂ ਵਿੱਚ 80 ਫ਼ੀਸਦੀ ਤੋਂ ਵੱਧ ਹਿੱਸੇਦਾਰੀ ਮਹਿਲਾਵਾਂ ਦੀ ਹੈ। ਸ਼ਰਮਾ ਨੇ ਪੰਜਾਬ ਦੇ ਨੌਜਵਾਨਾਂ, ਦਲਿਤ ਭਾਈਚਾਰੇ ਅਤੇ ਮਹਿਲਾਵਾਂ ਨੂੰ ਰੁਜ਼ਗਾਰਦਾਤਾ ਬਣਨ ਲਈ ਇਸ ਸਕੀਮ ਦਾ ਲਾਹਾ ਲੈਣ ਦੀ ਅਪੀਲ ਕਰਦਿਆਂ, ਬੈਂਕਾਂ ਤੋਂ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਕੈਂਪ ਲਗਾ ਕੇ ਬਿਨਾਂ ਰੁਕਾਵਟ ਕਰਜ਼ੇ ਦੇਣ ਦੀ ਮੰਗ ਕੀਤੀ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)