ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਚੰਡੀਗੜ੍ਹ, ਮੋਹਾਲੀ ਤੇ ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Jul13,2026
| Gurvinder Singh Mohali | Mohali
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਅਤੇ ਪੰਜਾਬ ਦੌਰੇ ਤੋਂ ਠੀਕ ਪਹਿਲਾਂ ਸਥਾਨਕ ਸਕੂਲਾਂ ਨੂੰ ਇੱਕ ਧਮਕੀ ਭਰੀ ਈ-ਮੇਲ ਭੇਜੀ ਗਈ ਹੈ, ਜਿਸ ਵਿੱਚ 17 ਜੁਲਾਈ ਨੂੰ ਚੰਡੀਗੜ੍ਹ ਅਤੇ ਜਲੰਧਰ ਵਿੱਚ ਵੱਖ-ਵੱਖ ਥਾਵਾਂ ’ਤੇ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਧਮਕੀ ਭਰੀ ਮੇਲ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪੁਲੀਸ ਹਾਈ ਅਲਰਟ ’ਤੇ ਹਨ। ਮੋਹਾਲੀ ਅਤੇ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਭੇਜੀ ਗਈ ਇਸ ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ 17 ਜੁਲਾਈ ਨੂੰ ਸਥਾਨਕ ਸਕੂਲਾਂ, ਮੁਹਾਲੀ ਮੇਅਰ ਦੇ ਦਫ਼ਤਰ ਅਤੇ ਜਲੰਧਰ-ਚੰਡੀਗੜ੍ਹ ਰੇਲਵੇ ਸਟੇਸ਼ਨਾਂ ’ਤੇ ਆਈ.ਈ.ਡੀ. (IED) ਧਮਾਕੇ ਕੀਤੇ ਜਾਣਗੇ। ਮੇਲ ਭੇਜਣ ਵਾਲੇ ਨੇ ਧਮਕੀ ਦਿੱਤੀ ਹੈ ਕਿ 17 ਜੁਲਾਈ ਨੂੰ ਦੁਪਹਿਰ 1:11 ਵਜੇ ਸਕੂਲਾਂ ਵਿੱਚ ਅਤੇ ਦੁਪਹਿਰ 3:11 ਵਜੇ ਮੁਹਾਲੀ ਮੇਅਰ ਦੇ ਦਫ਼ਤਰ ਨੂੰ ਬੰਬ ਨਾਲ ਉਡਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਐਲਾਨਾਂ ਲਈ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਦੌਰੇ ’ਤੇ ਆ ਰਹੇ ਹਨ।
ਕਥਿਤ ਤੌਰ ‘ਤੇ ‘ਖ਼ਾਲਿਸਤਾਨ ਨੈਸ਼ਨਲ ਆਰਮੀ’ (ਇੰਜੀ. ਗੁਰਨਾਖ ਸਿੰਘ, ਰੁਕਨ ਸ਼ਾਹਵਾਲਾ, ਡਾ. ਗੁਰਨਿਰਵਾਰ ਸਿੰਘ ਅਤੇ ਖ਼ਾਨ ਰਾਜਾਦਾ) ਵੱਲੋਂ ਭੇਜੀ ਗਈ ਇਸ ਮੇਲ ਵਿੱਚ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਸਿੱਧੀ ਚਿਤਾਵਨੀ ਦਿੱਤੀ ਗਈ ਹੈ। ਮੇਲ ਵਿੱਚ ਲਿਖਿਆ ਗਿਆ ਹੈ, “ਰਵਨੀਤ ਬਿੱਟੂ ਜੋ ਦਿਲਜੀਤ ਦੋਸਾਂਝ ਖ਼ਿਲਾਫ਼ ਬੋਲ ਰਿਹਾ ਹੈ... ਹੁਣ ਸਮਾਂ ਆ ਗਿਆ ਹੈ, ਤੇਰੇ ਦਾਦੇ ਬੇਅੰਤੇ (ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ) ਨਾਲ ਮਿਲਾਉਣ ਦਾ।”
ਇਸ ਈ-ਮੇਲ ਰਾਹੀਂ ਪੰਜਾਬ ਦੇ ਆਮ ਲੋਕਾਂ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿੱਚ ਸ਼ਾਮਲ ਨਾ ਹੋਣ ਦੀ ਤਾਕੀਦ ਕੀਤੀ ਗਈ ਹੈ। ਮੇਲ ਵਿੱਚ ਦਾਅਵਾ ਕੀਤਾ ਗਿਆ ਹੈ, “ਖ਼ਾਲਿਸਤਾਨ ਵਾਲੇ ਬੱਚਿਆਂ ਦੇ ਖ਼ਿਲਾਫ਼ ਨਹੀਂ, ਹੁਣ ਜਲੰਧਰ-ਚੰਡੀਗੜ੍ਹ ਵਿੱਚ ਕਿਸਾਨਾਂ ਦਾ; ਸਿੱਖਾਂ ਦਾ; ਸ਼ਹੀਦ ਖਾਲੜਾ ਸਤਲੁਜ ਦਾ; ਸ਼ਹੀਦ ਨਿੱਜਰ ਦਾ... ਦੁਸ਼ਮਣ ਮੋਦੀ ਆਏਗਾ। ਕੋਈ ਵੀ ਪਰਿਵਾਰ, ਮੋਦੀ ਰੈਲੀਆਂ ਵਿੱਚ ਨਾ ਜਾਣਾ... ਨਹੀਂ ਮਾਰੇ ਜਾਓਗੇ ਬੰਬ ਧਮਾਕਿਆਂ ਵਿੱਚ।” ਇਸ ਦੇ ਨਾਲ ਹੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਉਹ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਨਾਲ ਖੜ੍ਹੇ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਈ-ਮੇਲ
kengakira@gmail.com ਆਈਡੀ ਤੋਂ ਭੇਜੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਚੰਡੀਗੜ੍ਹ ਅਤੇ ਮੁਹਾਲੀ ਦੇ ਸਕੂਲਾਂ ਨੂੰ ਕਈ ਵਾਰ ਅਜਿਹੀਆਂ ਧਮਕੀ ਭਰੀਆਂ ਮੇਲਾਂ ਮਿਲ ਚੁੱਕੀਆਂ ਹਨ।
Bomb-Threat-Punjab-School-Fake-Call