ਗੁਲਸ਼ਨ ਕੁਮਾਰ ਦੇ ਪਰਿਵਾਰ ਨੂੰ 31 ਸਾਲ ਬਾਅਦ ਮਿਲਿਆ ਇਨਸਾਫ਼ ਦੋਹਾਂ ਪੁਲੀਸ ਮੁਲਾਜ਼ਮਾਂ ਨੂੰ ਹੋਈ ਸਜ਼ਾ ਮੋਹਾਲੀ, 7 ਜੂਨ (ਗੁਰਵਿੰਦਰ ਸਿੰਘ) ਮੋਹਾਲੀ ਦੀ ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਵਲੋਂ 1993 ਦੇ ਝੂਠੇ ਪੁਲੀਸ ਮੁਕਾਬਲੇ ਵਿਚ ਗੁਲਸ਼ਨ ਕੁਮਾਰ ਦੀ ਮੌਤ ਅਤੇ ਉਸ ਦੀ ਲਾਸ਼ ਨੂੰ ਲਾਵਾਰਸ ਦਸ ਕੇ ਸੰਸਕਾਰ ਕਰਨ ਦੇ ਦੋਸ਼ ਵਿੱਚ ਦੋ ਪੁਲੀਸ ਅਧਿਕਾਰੀਆਂ ਨੂੰ ਸਜਾ ਸੁਣਾਈ ਹੈ। ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਲੋਂ ਸਾਬਕਾ ਡੀ. ਆਈ. ਜੀ ਦਿਲਬਾਗ ਸਿੰਘ ਨੂੰ 7 ਸਾਲ ਦੀ ਸਜ਼ਾ ਅਤੇ 50 ਹਜ਼ਾਰ ਜੁਰਮਾਨਾ ਅਤੇ ਸਾਬਕਾ ਡੀ ਐਸ ਪੀ ਗੁਰਬਚਨ ਸਿੰਘ ਨੂੰ ਉਮਰਕੈਦ ਦੇ ਨਾਲ 2 ਲੱਖ ਰੁਪਏ ਜੁਰਮਾਨਾ ਲਗਾਇਆ ਹੈ। ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਵਲੋਂ ਡੀ.ਆਈ.ਜੀ ਦਿਲਬਾਗ ਸਿੰਘ ਨੂੰ ਕਤਲ ਦੀ ਧਾਰਾ 302, 364, 218 ਅਤੇ ਸਾਬਕਾ ਡੀ.ਐਸ.ਪੀ ਗੁਰਬਚਨ ਸਿੰਘ ਨੂੰ ਧਾਰਾ 364 ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੇਸ ਸੀ. ਬੀ. ਆਈ ਨੇ ਚਮਨ ਲਾਲ ਦੀ ਸ਼ਿਕਾਇਤ ਤੇ ਦਰਜ ਕੀਤਾ ਸੀ। ਸ਼ਿਕਾਇਤ ਕਰਦਾ ਅਨੁਸਾਰ 22-06-1993 ਨੂੰ ਉਸ ਸਮੇਂ ਦੇ ਡੀ.ਐਸ.ਪੀ ਦਿਲਬਾਗ ਸਿੰਘ ਅਤੇ ਐਸ.ਐਚ.ਓ ਸਿਟੀ ਤਰਨਤਾਰਨ ਗੁਰਬਚਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵਲੋਂ ਉਸਨੂੰ ਅਤੇ ਉਸਦੇ ਪੁੱਤਰਾਂ ਪਰਵੀਨ ਕੁਮਾਰ, ਬੌਬੀ ਕੁਮਾਰ ਅਤੇ ਗੁਲਸ਼ਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਵਲੋਂ ਕੁੱਝ ਦਿਨਾਂ ਬਾਅਦ ਗੁਲਸ਼ਨ ਕੁਮਾਰ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ। ਚਮਨ ਲਾਲ ਨੇ ਦੋਸ਼ ਲਗਾਇਆ ਸੀ ਕਿ ਗੁਲਸ਼ਨ ਕੁਮਾਰ (ਜੋ ਕਿ ਸਬਜ਼ੀ ਵਿਕਰੇਤਾ ਸੀ) ਪੁਲੀਸ ਥਾਣਾ ਸਿਟੀ ਤਰਨਤਾਰਨ ਵਿਖੇ ਕਾਨੂੰਨੀ ਹਿਰਾਸਤ ਵਿਚ ਰਿਹਾ ਅਤੇ ਫਿਰ 22.7.1993 ਨੂੰ ਉਸ ਨੂੰ ਤਿੰਨ ਹੋਰ ਵਿਅਕਤੀਆਂ ਨਾਲ ਇਕ ਝੂਠੇ ਪੁਲੀਸ ਮੁਕਾਬਲੇ ਵਿਚ ਮਾਰ ਦਿਤਾ ਗਿਆ ਅਤੇ ਉਸ ਦੀ ਲਾਸ਼ ਨੂੰ ਉਨ੍ਹਾਂ ਦੇ ਹਵਾਲੇ ਨਹੀਂ ਕੀਤਾ ਗਿਆ ਅਤੇ ਪੁਲੀਸ ਵਲੋਂ ਲਾਸ਼ ਨੂੰ ਲਾਵਾਰਸ ਕਹਿ ਕੇ ਉਸਦਾ ਸਸਕਾਰ ਕਰ ਦਿਤਾ ਗਿਆ। ਪੰਜਾਬ ਪੁਲੀਸ ਵਲੋਂ ਲਾਵਾਰਸ ਲਾਸ਼ਾਂ ਦੇ ਵੱਡੇ ਪੱਧਰ ਤੇ ਸਸਕਾਰ ਕਰਨ ਬਾਰੇ ਸੁਪਰੀਮ ਕੋਰਟ ਦੇ 15.11.1995 ਦੇ ਹੁਕਮਾਂ ਦੀ ਪਾਲਣਾ ਕਰਦਿਆਂ, 28.2.1997 ਨੂੰ ਸੀ. ਬੀ. ਆਈ ਨੇ ਡੀ.ਐਸ.ਪੀ ਦਿਲਬਾਗ ਸਿੰਘ ਅਤੇ ਹੋਰਾਂ ਵਿਰੁਧ ਅਗ਼ਵਾ, ਗ਼ੈਰ-ਕਾਨੂੰਨੀ ਹਿਰਾਸਤ ਮਾਮਲੇ ਸਬੰਧੀ ਕੇਸ ਦਰਜ ਕੀਤਾ ਸੀ। ਗੁਲਸ਼ਨ ਕੁਮਾਰ ਨੂੰ ਝੂਠੇ ਪੁਲੀਸ ਮੁਕਾਬਲੇ ਵਿਚ ਮਾਰੇ ਜਾਣ ਸੰਬੰਧੀ 7.5.1999 ਨੂੰ ਤਫ਼ਤੀਸ਼ ਮੁਕੰਮਲ ਕਰ ਕੇ ਜ਼ਿਲ੍ਹਾ ਤਰਨਤਾਰਨ ਦੇ ਪੁਲੀਸ ਅਧਿਕਾਰੀਆਂ ਡੀ. ਐਸ. ਪੀ ਦਿਲਬਾਗ ਸਿੰਘ, ਇੰਸਪੈਕਟਰ ਗੁਰਬਚਨ ਸਿੰਘ, ਏ. ਐਸ. ਆਈ ਅਰਜੁਨ ਸਿੰਘ, ਏ. ਐਸ. ਆਈ ਦਵਿੰਦਰ ਸਿੰਘ ਅਤੇ ਏ. ਐਸ. ਆਈ ਬਲਬੀਰ ਸਿੰਘ ਵਿਰੁਧ ਚਾਰਜਸ਼ੀਟ ਪੇਸ਼ ਕੀਤੀ ਗਈ ਪਰ ਮੁਕੱਦਮੇ ਦੌਰਾਨ ਮੁਲਜ਼ਮ ਅਰਜੁਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਵਿਰੁਧ ਕਾਰਵਾਈ ਖ਼ਤਮ ਕਰ ਦਿਤੀ ਗਈ ਸੀ।
Gulshan-Kumar-Case-Got-Justice-Punjab-Police-Dig-Dsp
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)