*ਐਮ.ਟੀ.ਪੀ. ਕਿੱਟਾਂ ਦੀ ਗੈਰ-ਕਾਨੂੰਨੀ ਵਿਕਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਨਿਗਰਾਨੀ*
ਮਿਸ਼ਨ ਜੀਵਨੀ ਤਹਿਤ ਮਾਵਾਂ ਦੀ ਸਿਹਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਸੁਰੱਖਿਅਤ ਗਰਭਪਾਤ ਲਈ ਦਵਾਈਆਂ ਦੀ ਦੁਰਵਰਤੋਂ ਰੋਕਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐੱਸ. ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਲੁਧਿਆਣਾ ਦੇ ਪਛਾਣੇ ਗਏ ਹੌਟਸਪੌਟ ਖੇਤਰਾਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ।
ਪਿੰਡ ਰਛੀਨ, ਤਹਿਸੀਲ ਰਾਏਕੋਟ ਸਥਿਤ ਮੈਸਰਜ਼ ਸੇਵਕ ਮੈਡੀਕਲ ਹਾਲ ਦੀ ਜਾਂਚ ਦੌਰਾਨ ਡਰੱਗ ਇੰਸਪੈਕਟਰ ਲੁਧਿਆਣਾ-6 ਸ੍ਰੀਮਤੀ ਰੂਪਪ੍ਰੀਤ ਕੌਰ ਨੇ ਏ.ਐੱਸ.ਆਈ. ਮੁਹੰਮਦ ਬੂਟਾ ਖਾਨ, ਇੰਚਾਰਜ ਪੁਲਿਸ ਚੌਕੀ ਲੋਹਟਬੱਦੀ ਅਤੇ ਪੁਲਿਸ ਟੀਮ ਦੇ ਸਹਿਯੋਗ ਨਾਲ ਲਗਭਗ 12,000 ਰੁਪਏ ਦੀ ਕੀਮਤ ਦੀਆਂ 14 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਹ ਕਾਰਵਾਈ ਫਾਰਮ ਨੰਬਰ 16 ਤਹਿਤ ਕੀਤੀ ਗਈ, ਕਿਉਂਕਿ ਦੁਕਾਨ ਦਾ ਪ੍ਰਤੀਨਿਧੀ ਸਬੰਧਤ ਦਵਾਈਆਂ ਦਾ ਵਿਕਰੀ ਲਾਇਸੈਂਸ ਅਤੇ ਖਰੀਦ ਬਿੱਲ ਪੇਸ਼ ਨਹੀਂ ਕਰ ਸਕਿਆ। ਜਾਂਚ ਦੌਰਾਨ ਕੋਈ ਵੀ ਨਸ਼ੀਲੀਆਂ ਦਵਾਈਆਂ ਸਟਾਕ ਵਿੱਚ ਨਹੀਂ ਮਿਲੀਆਂ।
ਇਸੇ ਤਰ੍ਹਾਂ ਲੁਧਿਆਣਾ ਰੋਡ, ਨਿਊ ਆਬਾਦੀ ਅਕਾਲਗੜ੍ਹ, ਤਹਿਸੀਲ ਰਾਏਕੋਟ ਸਥਿਤ ਮੈਸਰਜ਼ ਪ੍ਰੀਤ ਫਾਰਮੇਸੀ ਦੀ ਜਾਂਚ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਐੱਸ.ਐੱਚ.ਓ. ਸੁਧਾਰ ਸ੍ਰੀ ਕੁਲਵਿੰਦਰ ਸਿੰਘ ਦੇ ਸਹਿਯੋਗ ਨਾਲ ਕੀਤੀ। ਇਸ ਦੌਰਾਨ ਦੁਕਾਨ ਵਿੱਚ ਕੋਈ ਵੀ ਨਸ਼ੀਲੀਆਂ ਦਵਾਈਆਂ ਸਟਾਕ ਵਿੱਚ ਨਹੀਂ ਪਾਈਆਂ ਗਈਆਂ।
ਇਸ ਤੋਂ ਇਲਾਵਾ ਪਿੰਡ ਘੁੰਮਣ, ਤਹਿਸੀਲ ਰਾਏਕੋਟ ਸਥਿਤ ਮੈਸਰਜ਼ ਸ੍ਰੀ ਬਾਲਾ ਜੀ ਮੈਡੀਕੋਸ ਦੀ ਵੀ ਜ਼ੋਨਲ ਲਾਇਸੈਂਸਿੰਗ ਅਥਾਰਟੀ, ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਜਾਂਚ ਕੀਤੀ ਗਈ। ਇੱਥੇ ਵੀ ਵਿਕਰੀ ਜਾਂ ਵੰਡ ਲਈ ਕੋਈ ਨਸ਼ੀਲੀਆਂ ਦਵਾਈਆਂ ਜਾਂ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ (ਐੱਮ.ਟੀ.ਪੀ.) ਕਿੱਟਾਂ ਸਟਾਕ ਵਿੱਚ ਨਹੀਂ ਮਿਲੀਆਂ। ਹਾਲਾਂਕਿ, ਜਾਂਚ ਦੌਰਾਨ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਅਤੇ ਇਸ ਦੇ ਲਾਗੂ ਨਿਯਮਾਂ ਦੀਆਂ ਕੁਝ ਆਮ ਉਲੰਘਣਾਵਾਂ ਸਾਹਮਣੇ ਆਈਆਂ।
ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਇਹ ਜਾਂਚਾਂ ਮਿਸ਼ਨ ਜੀਵਨੀ—“ਕੇਅਰ ਜੋ ਦੋ ਜਾਨਾਂ ਬਚਾਉਂਦੀ ਹੈ”—ਦਾ ਹਿੱਸਾ ਹਨ। ਇਸ ਮੁਹਿੰਮ ਦਾ ਉਦੇਸ਼ ਦਵਾਈਆਂ ਦੀ ਅਣਅਧਿਕਾਰਤ ਵਿਕਰੀ ਅਤੇ ਵੰਡ ਨੂੰ ਰੋਕਣਾ, ਐੱਮ.ਟੀ.ਪੀ. ਕਿੱਟਾਂ ਦੀ ਦੁਰਵਰਤੋਂ ਵਿਰੁੱਧ ਕਾਰਵਾਈ ਕਰਨਾ ਅਤੇ ਟਾਲਣਯੋਗ ਮਾਵਾਂ ਦੀਆਂ ਮੌਤਾਂ ਨੂੰ ਰੋਕਣ ਲਈ ਰੈਗੂਲੇਟਰੀ ਨਿਗਰਾਨੀ ਮਜ਼ਬੂਤ ਕਰਨਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਵਾਂ ਦੀ ਸਿਹਤ ਦੀ ਸੁਰੱਖਿਆ ਲਈ ਸਬੰਧਤ ਵਿਭਾਗਾਂ ਦੇ ਤਾਲਮੇਲ ਨਾਲ ਨਿਗਰਾਨੀ ਅਤੇ ਲਾਗੂਕਰਨ ਦੀ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ।