ਗ੍ਰੀਨ ਬੈਲਟ ’ਤੇ ਬੁਲਡੋਜ਼ਰ ਚਲਾ ਕੇ 35 ਬੂਟੇ ਜ਼ਮੀਨਦੋਜ਼, ਟੈਂਟ ਤੇ ਪਾਈਪਾਂ ਵੀ ਚੋਰੀ!
Nov4,2026
| Gurvinder Singh Mohali | Mohali
ਵਸਨੀਕਾਂ ਨੂੰ ਦਬਾਉਣ ਲਈ ਕੀਤੀ ਗਈ ਕਾਰਵਾਈ ਦੇ ਦੋਸ਼; ਜਬਰੀ ਸਬਜ਼ੀ ਮੰਡੀ ਲਗਾਉਣ ਦੀ ਕੋਸ਼ਿਸ਼ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ
ਮੋਹਾਲੀ, 4 ਨਵੰਬਰ (ਗੁਰਵਿੰਦਰ ਸਿੰਘ): ਮੋਹਾਲੀ ਦੇ ਫੇਜ਼-5 ਅਤੇ ਸ਼ਾਹੀ ਮਾਜਰਾ ਵਿਚਕਾਰ ਸਥਿਤ ਗ੍ਰੀਨ ਬੈਲਟ ਵਿੱਚ ਬੀਤੀ ਰਾਤ ਕਥਿਤ ਤੌਰ ’ਤੇ ਜੇ.ਸੀ.ਬੀ. ਮਸ਼ੀਨ ਚਲਾ ਕੇ ਵਸਨੀਕਾਂ ਵੱਲੋਂ ਲਗਾਏ ਗਏ ਕਰੀਬ 35 ਬੂਟਿਆਂ ਨੂੰ ਜੜ੍ਹੋਂ ਪੁੱਟ ਕੇ ਜ਼ਮੀਨਦੋਜ਼ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਤੜਕਸਾਰ ਕੁਝ ਅਣਪਛਾਤੇ ਵਿਅਕਤੀ ਇੱਥੇ ਲੱਗਿਆ ਟੈਂਟ ਅਤੇ ਪਾਈਪਾਂ ਵੀ ਕਥਿਤ ਤੌਰ ’ਤੇ ਚੋਰੀ ਕਰਕੇ ਜੀਪਨੁਮਾ ਗੱਡੀ ਵਿੱਚ ਲੱਦ ਕੇ ਲੈ ਗਏ। ਇਸ ਘਟਨਾ ਨੇ ਇਲਾਕੇ ਦੇ ਵਸਨੀਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ।
ਵਾਰਡ ਨੰਬਰ-9 ਦੀ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ, ਸਮਾਜ ਸੇਵੀ ਐਨ.ਐਸ. ਕਲਸੀ ਅਤੇ ਸਥਾਨਕ ਵਸਨੀਕਾਂ ਸੁਖਵਿੰਦਰ ਸਿੰਘ ਵਿਰਦੀ, ਰਵਿੰਦਰ ਸਿੰਘ ਰਾਜੂ ਸਮੇਤ ਹੋਰਨਾਂ ਨੇ ਇਸ ਕਾਰਵਾਈ ਪਿੱਛੇ ਵਸਨੀਕਾਂ ਨੂੰ ਦਬਾਉਣ ਦੀ ਕਥਿਤ ਸਾਜ਼ਿਸ਼ ਹੋਣ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਵਸਨੀਕ ਪਿਛਲੇ ਸਮੇਂ ਤੋਂ ਇੱਥੇ ਟੈਂਟ ਲਗਾ ਕੇ ਧਰਨਾ ਦੇ ਰਹੇ ਹਨ ਅਤੇ ਗ੍ਰੀਨ ਬੈਲਟ ਵਿੱਚ ਹਫ਼ਤਾਵਾਰੀ ਸਬਜ਼ੀ ਮੰਡੀ ਲਗਾਉਣ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ ਬੂਟਿਆਂ ਨੂੰ ਨਸ਼ਟ ਕਰਨਾ ਅਤੇ ਫਿਰ ਧਰਨੇ ਵਾਲੀ ਥਾਂ ਤੋਂ ਟੈਂਟ ਤੇ ਪਾਈਪਾਂ ਗਾਇਬ ਕਰਨਾ ਕੋਈ ਆਮ ਘਟਨਾ ਨਹੀਂ, ਸਗੋਂ ਵਸਨੀਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਗ੍ਰੀਨ ਬੈਲਟ ਵਿੱਚ ਮੰਡੀ ਲਗਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤਾਂ ਫਿਰ ਇਲਾਕੇ ਦੇ ਵਸਨੀਕਾਂ ਵੱਲੋਂ ਲਗਾਏ ਗਏ ਬੂਟਿਆਂ ਨੂੰ ਤਬਾਹ ਕਰਨ ਅਤੇ ਧਰਨੇ ਦਾ ਸਾਮਾਨ ਚੁੱਕਣ ਦੀ ਲੋੜ ਕਿਉਂ ਪਈ?
ਵਸਨੀਕਾਂ ਨੇ ਸਪੱਸ਼ਟ ਕੀਤਾ ਕਿ ਉਹ ਗ੍ਰੀਨ ਬੈਲਟ ਦੀ ਜਗ੍ਹਾ ਨੂੰ ਕਿਸੇ ਵੀ ਕੀਮਤ ’ਤੇ ਮੰਡੀ ਵਿੱਚ ਤਬਦੀਲ ਨਹੀਂ ਹੋਣ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਕਥਿਤ ਧੱਕੇਸ਼ਾਹੀ ਵਾਲੀਆਂ ਕਾਰਵਾਈਆਂ ਨਾਲ ਉਨ੍ਹਾਂ ਦਾ ਸੰਘਰਸ਼ ਦਬਣ ਵਾਲਾ ਨਹੀਂ, ਸਗੋਂ ਹੋਰ ਤੇਜ਼ ਹੋਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਬੂਟੇ ਨਸ਼ਟ ਕਰਨ ਅਤੇ ਟੈਂਟ ਤੇ ਪਾਈਪਾਂ ਲਿਜਾਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
Green-Belt-Sas-Nagar-