· ਵਰਚੂਅਲ ਮੀਟਿੰਗ ਕਰਕੇ ਵੱਖ ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਕਿਸਾਨਾਂ ਦੀ ਫ਼ਸਲ ਦੀ ਸੁਰੱਖਿਆ ਯਕੀਨੀ ਬਣਾਈ ਲਈ ਦਿੱਤੇ ਨਿਰਦੇਸ
· ਹੁਣ ਤੱਕ 1440 ਮੀਟ੍ਰਿਕ ਟਨ ਝੋਨਾ ਮੰਡੀਆਂ ’ਚ ਆਮਦ , ਜਿਸ ਵਿੱਚ ਕਰੀਬ 1387 ਮੀਟ੍ਰਿਕ ਟਨ
ਝੋਨੇ ਦੀ ਹੋਈ ਖ਼ਰੀਦ ,01 ਕਰੋੜ 71 ਲੱਖ ਰੁਪਏ ਦੀ ਅਦਾਇਗੀ-ਡਿਪਟੀ ਕਮਿਸ਼ਨਰ
· ਝੋਨੇ ਦੇ ਢੇਰਾਂ ਨੂੰ ਢੱਕਣ ਲਈ ਸਮੁੱਚੇ ਖ਼ਰੀਦ ਕੇਂਦਰਾਂ 'ਚ ਤਰਪਾਲਾਂ ਉਪਲਬਧ -ਜਸਪਾਲ ਸਿੰਘ
ਖ਼ਰਾਬ ਮੌਸਮ ਵਿੱਚ ਵੀ ਮਾਲੇਰਕੋਟਲਾ ਪ੍ਰਸ਼ਾਸਨ ਦਾ ਕਿਸਾਨਾਂ ਪ੍ਰਤੀ ਫ਼ਰਜ਼ਮੰਦ ਰੁਖ ਅਖਤਿਆਰ ਕਰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਵਲੋਂ ਖਰੀਦ ਪ੍ਰੀਕ੍ਰਿਆਂ ਵਿੱਚ ਲੱਗੀਆਂ ਵੱਖ ਵੱਖ ਖਰੀਦ ਏਜੰਸੀਆਂ ਨਾਲ ਵਰਚੂਅਲ ਮੀਟਿੰਗ ਕਰਕੇ ਕੀਤੇ ਗਏ ਖਰੀਦ ਪ੍ਰਬੰਧਾ ਅਤੇ ਪ੍ਰੀਕ੍ਰਿਆਂ ਦਾ ਜਾਇਜਾ ਲਿਆ ਤਾਂ ਜੋ ਬੇਮੌਸਮੀ ਬਰਸਾਤ ਨਾਲ ਮੰਡੀਆਂ ਵਿੱਚ ਪਈ ਜਿਨਸ ਨੂੰ ਗਿੱਲੀ ਅਤੇ ਖ਼ਰਾਬ ਹੋਣ ਤੋਂ ਮੁਸਤੈਦੀ ਨਾਲ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਖ਼ਰੀਦ ਸੀਜ਼ਨ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ਸਮੁੱਚੇ ਖ਼ਰੀਦ ਕਾਰਜਾਂ ਦੌਰਾਨ ਕਿਸਾਨਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਫ਼ਸਲ ਨੂੰ ਢਕਣ ਲਈ ਤਰਪਾਲਾਂ ਤੋਂ ਇਲਾਵਾ, ਜੇਕਰ ਕਿਤੇ ਪਾਣੀ ਜਮ੍ਹਾ ਹੁੰਦਾ ਹੈ ਤਾਂ ਉਸ ਦੀ ਨਿਕਾਸੀ ਦਾ ਢੁੱਕਵਾਂ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਰਿਸ਼ ਕਾਰਨ ਕਿਸਾਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਦੇ ਲਈ ਲੋੜੀਂਦੇ ਬੰਦੋਬਸਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਨੇ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੂੰ ਅਵਗਤ ਕਰਵਾਇਆ ਕਿ ਖ਼ਰਾਬ ਮੌਸਮ ਦੇ ਚਲਦਿਆਂ ਜ਼ਿਲ੍ਹੇ ਦੀਆਂ ਸਮੂਹ ਅਨਾਜ ਮੰਡੀਆਂ ਵਿੱਚ ਲੋੜੀਂਦੀ ਮਾਤਰਾ ਵਿੱਚ ਤਰਪਾਲਾਂ ਉਪਲਬਧ ਕਰਵਾਈਆਂ ਗਈਆਂ ਅਤੇ ਮੰਡੀ ਬੋਰਡ ਤੇ ਏਜੰਸੀਆਂ ਦੇ ਸਟਾਫ਼ ਵੱਲੋਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਲਈ ਝੋਨੇ ਦੇ ਸਾਰੇ ਢੇਰਾਂ ਅਤੇ ਫ਼ਸਲ ਦੀਆਂ ਖ਼ਰੀਦੀਆਂ ਹੋਈਆਂ ਬੋਰੀਆਂ ਨੂੰ ਢਕਿਆ ਜਾ ਸਕੇ ਅਤੇ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਮੁੱਚੇ ਸਟਾਫ਼ ਦੀਆਂ ਡਿਊਟੀਆਂ ਪਹਿਲਾ ਹੀ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 05 ਅਕਤੂਬਰ 2025 ਤੱਕ 1440 ਮੀਟ੍ਰਿਕ ਟਨ ਕਣਕ ਮੰਡੀਆਂ ’ਚ ਆਮਦ ਹੋਈ ਹੈ ਜਿਸ ਵਿੱਚੋਂ ਵੱਖ ਵੱਖ ਖ਼ਰੀਦ ਏਜੰਸੀਆਂ ਵੱਲੋਂ 1387 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਪਨਗ੍ਰੇਨ ਵੱਲੋਂ 510 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 215 ਮੀਟ੍ਰਿਕ ਟਨ, ਪਨਸਪ ਵੱਲੋਂ 280 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 326 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 56 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ । ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਹਦਾਇਤਾਂ ਅਨੁਸਾਰ ਲਿਫ਼ਟਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਹੁਣ ਤੱਕ 391.64 ਮੀਟ੍ਰਿਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ ਉੱਥੇ ਕਰੀਬ 1 ਕਰੋੜ 71 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਉਚਿੱਤ ਮਾਤਰਾ ਵਿੱਚ ਬਾਰਦਾਨਾ ਉਪਲਬਧ ਹੈ ।