ਪਟਿਆਲਾ, 28 ਅਪ੍ਰੈਲ: ਸੁਸ਼ੀਲ ਕੁਮਾਰ ਸਿੰਧੀ
ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰ ਤੋਂ ਚੱਲ ਰਹੇ ਇੱਕ ਆਤੰਕੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਨਾਲ ਹੀ ਸੰਭੂ-ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਨੂੰ ਵੀ ਸੁਲਝਾ ਲਿਆ ਗਿਆ ਹੈ।
ਐਸਐਸਪੀ ਪਟਿਆਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 28 ਅਪ੍ਰੈਲ 2026 ਨੂੰ ਪੁਲਿਸ ਟੀਮਾਂ ਨੇ ਇਸ ਆਤੰਕੀ ਮੋਡਿਊਲ ਨੂੰ ਬੇਨਕਾਬ ਕੀਤਾ, ਜੋ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ (ISI) ਦੇ ਸਹਿਯੋਗ ਨਾਲ ਚੱਲ ਰਿਹਾ ਸੀ। ਇਸ ਕਾਰਵਾਈ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਗੁਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਬੱਗਾ, ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਸ਼ਾਮਲ ਹਨ।
ਪੁਲਿਸ ਮੁਤਾਬਕ ਗ੍ਰਿਫਤਾਰ ਦੋਸ਼ੀਆਂ ਕੋਲੋਂ ਬੰਬ, ਪਿਸਤੌਲ, ਜਿੰਦਾ ਕਾਰਤੂਸ, ਆਈਈਡੀ ਤਿਆਰ ਕਰਨ ਵਾਲਾ ਸਮਾਨ, ਲੈਪਟਾਪ ਅਤੇ ਹੋਰ ਤਕਨੀਕੀ ਸਾਮਾਨ ਬਰਾਮਦ ਕੀਤਾ ਗਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਗਰੁੱਪ ਖਾਲਿਸਤਾਨੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਅਤੇ ਵਿਦੇਸ਼ ਵਿੱਚ ਬੈਠੇ ਹੈਂਡਲਰਾਂ ਨਾਲ ਸੰਪਰਕ ਵਿੱਚ ਸੀ।
ਪੁਲਿਸ ਨੇ ਖੁਲਾਸਾ ਕੀਤਾ ਕਿ 27 ਅਪ੍ਰੈਲ 2026 ਨੂੰ ਸੰਭੂ-ਅੰਬਾਲਾ ਰੇਲਵੇ ਟ੍ਰੈਕ ‘ਤੇ ਹੋਏ ਬੰਬ ਧਮਾਕੇ ਵਿੱਚ ਵੀ ਇਹੀ ਗਰੁੱਪ ਸ਼ਾਮਲ ਸੀ, ਜਿਸ ਨਾਲ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਿਆ ਸੀ। ਇਸ ਸਬੰਧੀ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਆਰਮਜ਼ ਐਕਟ, ਐਕਸਪਲੋਸਿਵਜ਼ ਐਕਟ ਅਤੇ ਯੂਏਪੀਏ ਸ਼ਾਮਲ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਸਿਰ ਕੀਤੀ ਗਈ ਇਸ ਕਾਰਵਾਈ ਨਾਲ ਪੰਜਾਬ ਵਿੱਚ ਹੋਣ ਵਾਲੀਆਂ ਸੰਭਾਵਿਤ ਵੱਡੀਆਂ ਘਟਨਾਵਾਂ ਨੂੰ ਟਾਲਿਆ ਗਿਆ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਵ ਹੋਇਆ ਹੈ।