ਸੇਵਾ ਅਤੇ ਸਾਧਨਾ ਸਨਾਤਨ ਦਾ ਮੂਲ, ਇਹ ਧਰਮ ਨਹੀਂ ਚੇਤਨਾ ਦਾ ਅਧਾਰ – ਨਾਇਬ ਸੈਣੀ
Sep16,2026
| Jagrati Lahar Bureau | Chandigarh
➖ ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਸਨਾਤਨ ਧਰਮ ਨਾਲ ਸਬੰਧਿਤ 77 ਸੰਤਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ
ਚੰਡੀਗੜ੍ਹ, 16 ਸਤੰਬਰ:
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸੇਵਾ ਅਤੇ ਸਾਧਨਾ ਸਨਾਤਨ ਧਰਮ ਦੇ ਮੂਲ ਆਧਾਰ ਹਨ ਅਤੇ ਸਾਡੇ ਸ਼ਾਸਤਰਾਂ ਨੇ ਸੇਵਾ, ਪ੍ਰਕਿਰਤੀ ਦੀ ਰੱਖਿਆ ਅਤੇ ਸਮਾਜ ਨੂੰ ਜੋੜਨ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਨਾਤਨ ਧਰਮ ਮਨੁੱਖ ਨੂੰ ਜੀਵਨ ਜਿਊਣ ਦੀ ਕਲਾ ਅਤੇ ਮਨੁੱਖਤਾ ਦੀ ਸੇਵਾ ਦੀ ਪ੍ਰੇਰਣਾ ਦਿੰਦਾ ਹੈ। ਸਾਡੇ ਧਾਰਮਿਕ ਅਸਥਾਨ ਸਿਰਫ਼ ਧਾਰਮਿਕ ਨਹੀਂ ਸਮਾਜਿਕ ਚੇਤਨਾ ਦੇ ਅਧਾਰ ਵੀ ਹਨ।
ਸੈਣੀ ਚੰਡੀਗੜ੍ਹ ਵਿੱਚ ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਨਾਤਨ ਧਰਮ ਨਾਲ ਸਬੰਧਿਤ 77 ਭਾਈਚਾਰਿਆਂ ਦੇ ਸੰਤਾਂ, ਧਾਰਮਿਕ ਆਗੂਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਪੰਜਾਬ ਦੇ 51 ਸ਼ਹਿਰਾਂ ਤੋਂ ਸਨਾਤਨ ਧਰਮ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਸਮਾਗਮ ਵਿੱਚ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਮੰਥਰੀ ਨਿਵਾਸਲੂ, ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਸੰਤ ਗੁਰੂ ਕਿਰਪਾ ਜੀ, ਰਣਜੀਤ ਆਨੰਦ, ਕਾਲੀ ਮਾਤਾ ਮੰਦਰ ਪਟਿਆਲਾ ਦੇ ਮਹੰਤ ਸੰਤ ਰਾਜੇਂਦਰ ਕੌਸ਼ਕ, ਦੁਰਗਿਆਣਾ ਮੰਦਰ ਤੀਰਥ ਦੇ ਰਾਕੇਸ਼ ਸ਼ਰਮਾ, ਦੁਰਗਾ ਮੰਦਰ ਜਲੰਧਰ ਕਮੇਟੀ ਦੇ ਵਰਿੰਦਰ ਮਿੱਤਲ, ਦੇਵੀ ਦਿਆਲ, ਰਾਮ ਗੋਪਾਲ ਸਮੇਤ ਵਿਸ਼ਵ ਸਨਾਤਨ ਧਰਮ ਸਭਾ ਦੇ ਅਹੁਦੇਦਾਰ, ਕਾਰਕੁਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
➖ 17 ਸਤੰਬਰ ਨਵੇਂ ਸੰਕਲਪ ਦਾ ਸਮਾਂ
ਇਸ ਮੌਕੇ ਸੰਬੋਧਨ ਦੌਰਾਨ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 17 ਸਤੰਬਰ ਨੂੰ ਜਨਮ ਦਿਨ ਮੌਕੇ ਸਾਨੂੰ ਨਵਾਂ ਸੰਕਲਪ ਲੈਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਨਸ਼ਿਆਂ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਸਮਾਜ ਨੂੰ ਨਸ਼ਿਆਂ ਤੋਂ ਬਚਾਉਣਾ ਵੱਡੀ ਲੋੜ ਹੈ। ਨਸ਼ਾ-ਗ੍ਰਸਤ ਵਿਅਕਤੀਆਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਂਦਿਆਂ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਹਨ।
➖ ਭਾਰਤੀ ਭਗਤੀ ਲਹਿਰ ਦੀ ਮਹੱਤਤਾ
ਉਨ੍ਹਾਂ ਕਿਹਾ ਕਿ ਭਾਰਤ ਦੀਆਂ ਅਧਿਆਤਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਦੀ ਵਿਸ਼ਵ ਪੱਧਰ ’ਤੇ ਆਪਣੀ ਮਹੱਤਤਾ ਹੈ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਫਲਸਫੇ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ‘ਬੇਗਮਪੁਰਾ’ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਗੁਰੂਆਂ ਅਤੇ ਸੰਤਾਂ ਦੀ ਬਾਣੀ ਦਾ ਮੂਲ ਉਦੇਸ਼ ਮਨੁੱਖ ਨੂੰ ਮਨੁੱਖ ਨਾਲ ਜੋੜਨਾ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਦ ਭਗਵਦ ਗੀਤਾ ਦਾ ਸੰਦੇਸ਼ ਵੀ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਦਾ ਸਰੋਤ ਹੈ।
ਨਾਇਬ ਸਿੰਘ ਸੈਣੀ ਨੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਉਪਰੰਤ ਸੰਬੋਧਨ ਵਿੱਚ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਸਮਾਜ ਸੇਵਾ, ਧਾਰਮਿਕ ਅਤੇ ਹੋਰਨਾਂ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਨਮਾਨਿਤ ਸ਼ਖ਼ਸੀਅਤਾਂ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਵੱਲੋਂ ਹਮੇਸ਼ਾਂ ਮਿਲਦੇ ਪਿਆਰ ਅਤੇ ਆਸ਼ੀਰਵਾਦ ਲਈ ਵੀ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਵਿਸ਼ਵ ਸਨਾਤਨ ਧਰਮ ਸਭਾ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਨੇ ਸਭਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਦੇ ਸਮਾਜਿਕ ਅਤੇ ਧਾਰਮਿਕ ਯੋਗਦਾਨ ਬਾਰੇ ਚਾਨਣਾ ਪਾਇਆ।
-nayabsinghsaini-sanatandharma-vishwasanatandharmasabha-haryananews-chandigarhnews