ਲੋਕ ਸਭਾ ਇੰਚਾਰਜ ਮੱਕੜ, ਚੇਅਰਮੈਨ ਰਾਜੀ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ’ਚ ‘ਆਪ’ ਵਲੰਟੀਅਰ ਰਹੇ ਮੌਜੂਦ- ਇੱਕਸੁਰ ’ਚ ਕਿਹਾ! ਬੀ ਜੇ ਪੀ ਪੰਜਾਬੀਆਂ ਨੂੰ ਡਰਾ-ਧਮਕਾ ਕੇ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਦੀ
ਲੁਧਿਆਣਾ, 07 ਅਕਤੂਬਰ 2026 :
ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ ਐੱਸ ਡੀ (ਆਫਿਸਰ ਆਨ ਸਪੈਸ਼ਲ ਡਿਊਟੀ) ਅਤੇ ਹੋਰਨਾਂ ਨਜ਼ਦੀਕੀਆਂ ਦੇ ਘਰਾਂ 'ਤੇ ਹੋਈ ਸੀ ਬੀ ਆਈ ਦੀ ਰੇਡ ਵਿਰੁੱਧ ਸਥਾਨਕ ਅਰੋੜਾ ਪੈਲੇਸ ਦਾਣਾ ਮੰਡੀ ਨੇੜੇ ਸਥਿਤ ਭਾਰਤੀ ਜਨਤਾ ਪਾਰਟੀ (ਬੀ ਜੇ ਪੀ) ਦੇ ਦਫ਼ਤਰ ਅੱਗੇ ਤਿੱਖਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ।
ਵਿਰੋਧ ਪ੍ਰਦਰਸ਼ਨ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਜਤਿੰਦਰ ਸਿੰਘ ਖੰਗੂੜਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਹਾਕਮ ਸਿੰਘ ਠੇਕੇਦਾਰ, ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਹੇਮਰਾਜ ਰਾਜੀ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ‘ਆਪ’ ਵਲੰਟੀਅਰ ਵੀ ਮੌਜੂਦ ਸਨ।
ਮੌਕੇ ’ਤੇ ਮੌਜੂਦ ‘ਆਪ’ ਲੀਡਰਸ਼ਿਪ ਨੇ ਇੱਕਸੁਰ ਵਿੱਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬੀਆਂ ਨੂੰ ਡਰਾ ਕੇ ਅਤੇ ਦਬਾ ਕੇ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਜਿੱਤਣਾਂ ਚਾਹੁੰਦੀ ਹੈ ਜੋਕਿ ਬਿਲਕੁੱਲ ਵੀ ਸੰਭਵ ਨਹੀਂ ਹੈ।
ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਭਾਜਪਾ ਇਕ ਗੱਲ ਭੁੱਲ ਰਹੀ ਹੈ ਕਿ ਪੰਜਾਬੀ ਕਦੇ ਵੀ ਧੌਂਸ ਨਾਲ ਚੜ੍ਹ ਕੇ ਆਏ ਬੰਦੇ ਦੀ ਈਂਨ ਨਹੀਂ ਮੰਨਦੇ ਫੇਰ ਉਹ ਭਾਵੇਂ ਕਿੰਨਾ ਵੀ ਤਾਕਤਵਰ ਕਿਉ ਨਾ ਹੋਵੇ। ਉਨ੍ਹਾਂ ਇਤਿਹਾਸ ਦੇ ਪੰਨੇ ਫਰੋਲਦਿਆਂ ਕਿਹਾ ਕਿ ਦੁਨੀਆਂ ਜਿੱਤਣ ਵਾਲੇ ਸਿਕੰਦਰ ਨੂੰ ਪੋਰਸ ਨੇ ਹੀ ਰੋਕਿਆ ਸੀ ਜੋ ਕਿ ਪੰਜਾਬੀ ਸੀ ਅਤੇ ਭਾਜਪਾ ਦਾ ਰੱਥ ਵੀ ਹੁਣ ਪੰਜਾਬੀ ਹੀ ਰੋਕਣਗੇ ।
ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਇਹ ਭਰਮ ਪਾਲ਼ੀ ਬੈਠੀ ਹੈ ਕਿ ਸ਼ਾਇਦ ਪੰਜਾਬੀ ਭੁੱਲ ਗਏ ਹਨ ਕਿ ਸਾਡੇ 750 ਦੇ ਕਰੀਬ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਬੀ ਜੇ ਪੀ ਦੀਆਂ ਕੌਜੀਆਂ ਚਾਲਾਂ ਨੂੰ ਭਲੀ-ਭਾਂਤ ਸਮਝਦੇ ਹਨ ਜਿਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ ’ਤੇ ਕਬਜ਼ੇ ਦੀ ਕੋਸ਼ਿਸ਼, ਬੀ ਬੀ ਐਮ ਬੀ ਨੂੰ ਹਥਿਆਉਣ ਦੀ ਸਾਜਿਸ਼, ਕਦੇ ਚੰਡੀਗੜ੍ਹ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨਾ ਸ਼ਾਮਲ ਹਨ।
ਇਸ ਦੇ ਉਲਟ ਪੰਜਾਬੀ ਆਪਣੇ ਹੱਕਾਂ ਦੀ ਰਾਖੀ ਕਰਨੀ ਜਾਣਦੇ ਹਨ ਅਤੇ ਪੰਜਾਬ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਨਾਲ ਕਰੜੇ ਹੱਥੀਂ ਨਜਿੱਠਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਇਮਾਨਦਾਰ ਸਰਕਾਰ ਨੂੰ ਬਦਨਾਮ ਕਰਨ ਲਈ ਉਨ੍ਹਾਂ ਦੀ ਟੀਮ ‘ਤੇ ਸੀ ਬੀ ਆਈ ਦੀਆਂ ਰੇਡਾਂ ਮਰਵਾਈਆਂ ਜਾ ਰਹੀਆਂ ਹਨ ਪਰ ਘੰਟਿਆਂ ਤੱਕ ਹਰ ਕੋਸ਼ਿਸ਼ ਕਰਕੇ ਉਨਾਂ ਨੂੰ ਕੁਝ ਵੀ ਨਹੀਂ ਮਿਲਿਆ।
ਮਾਨ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮਾਂ ਤੋਂ ਬੁਖਲਾਹਟ ਵਿਚ ਆਈ ਭਾਜਪਾ ਨੂੰ ਪੰਜਾਬ ਦੇ ਲੋਕ ਅਜਿਹਾ ਸਬਕ ਸਿਖਾਉਣਗੇ ਕਿ ਇਹ ਕਦੇ ਮੁੜ ਕੇ ਕਿਸੇ ਰਾਜ ਵਿੱਚ ਸੀ ਬੀ ਆਈ ਦਾ ਡਰਾਵਾ ਦੇਣ ਜੋਗੇ ਨਹੀਂ ਰਹਿਣਗੇ।