*ਐਸ.ਡੀ.ਐਮ ਸਵਾਤੀ ਟਿਵਾਣਾ ਨੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ*
ਖੰਨਾ, (ਲੁਧਿਆਣਾ), 10 ਅਗਸਤ:
ਗੋਆ ਦੀ ਅਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਜੀ ਦੇ ਸ਼ਹੀਦੀ ਦਿਹਾੜੇ 'ਤੇ ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਪਿੰਡ ਈਸੜੂ (ਖੰਨਾ) ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ।
ਇਹ ਪ੍ਰਗਟਾਵਾ ਉਪ ਮੰਡਲ ਮਜਿਸਟਰੇਟ (ਐਸ.ਡੀ.ਐਮ) ਖੰਨਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਸੋਮਵਾਰ ਨੂੰ ਤਹਿਸੀਲ ਦਫਤਰ ਖੰਨਾ ਦੇ ਮੀਟਿੰਗ ਹਾਲ ਵਿਖੇ ਇਸ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਉਪ ਮੰਡਲ ਮੈਜਿਸਟਰੇਟ ਖੰਨਾ ਨੇ ਇਸ ਰਾਜ ਪੱਧਰੀ ਸਮਾਗਮ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਰਾਜ ਪੱਧਰੀ ਸਮਾਗਮ ਨੂੰ ਸਫਲ ਬਣਾਉਣ ਲਈ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ।
ਸ੍ਰੀਮਤੀ ਸਵਾਤੀ ਟਿਵਾਣਾ ਨੇ ਕਿਹਾ ਕਿ ਰਾਜ ਪੱਧਰੀ ਸਮਾਗਮ ਦੇ ਆਯੋਜਨ ਲਈ ਪਿੰਡ ਈਸੜੂ ਵਿਖੇ ਸ਼ਮੂਲੀਅਤ ਕਰਨ ਵਾਲੀ ਸੰਗਤ ਦੇ ਬੈਠਣ ਦਾ ਪ੍ਰਬੰਧ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੇ ਆਦਮਕੱਦ ਬੁੱਤ ਅਤੇ ਸਮਾਰਕ ਦੀ ਦਿੱਖ ਸਵਾਰਨ ਅਤੇ ਸ਼ਮਿਆਨਾ ਆਦਿ ਲਗਾਉਣ ਲਈ ਵੀ ਡਿਊਟੀਆਂ ਲਗਾਈਆਂ ਗਈਆਂ ਹਨ।
ਉਹਨਾਂ ਇਹ ਵੀ ਦੱਸਿਆ ਕਿ ਇਸ ਰਾਜ ਪੱਧਰੀ ਸਮਾਗਮ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਖੰਨਾ ਪੁਲਸ ਵੱਲੋਂ ਕੀਤੇ ਜਾਣਗੇ। ਇਸ ਮੌਕੇ ਪਾਰਕਿੰਗ ਅਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪੁਲਿਸ ਵਿਭਾਗ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਰਵਿਘਨ ਬਿਜਲੀ ਦੀ ਸਪਲਾਈ ਚਾਲੂ ਰੱਖਣ ਲਈ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।