ਸੁਪਰੀਮ ਕੋਰਟ ਦੇ ਫੈਸਲੇ ਨਾਲ ਪਰਲਜ਼ ਸਿਟੀ ਦੇ ਪਲਾਟ ਧਾਰਕਾਂ ਨੂੰ ਵੱਡੀ ਰਾਹਤ, Noc ਮਿਲਣ ਦਾ ਰਾਹ ਖੁੱਲ੍ਹਿਆ
Nov20,2026
| Gurvinder Singh Mohali | Chandigarh
ਸ਼੍ਰੇਣੀ 4 ਦੇ ਅਲਾਟੀਆਂ ਨੂੰ ਵੀ ਕਾਨੂੰਨੀ ਲੜਾਈ ਲੜਨ ਦਾ ਹੱਕ; 11 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਪਰਿਵਾਰਾਂ ਨੂੰ ਮਿਲੀ ਉਮੀਦ
ਮੋਹਾਲੀ, 20 ਨਵੰਬਰ (ਗੁਰਵਿੰਦਰ ਸਿੰਘ)
ਸੈਕਟਰ 100 ਅਤੇ 104 ਸਥਿਤ ਪਰਲਜ਼ ਸਿਟੀ ਦੇ PACL ਪਲਾਟ ਧਾਰਕਾਂ ਲਈ ਸੁਪਰੀਮ ਕੋਰਟ ਦਾ ਫੈਸਲਾ ਵੱਡੀ ਰਾਹਤ ਲੈ ਕੇ ਆਇਆ ਹੈ। ਕੇਸ ਨੰਬਰ 13301/2015 ਵਿੱਚ ਅਦਾਲਤ ਵੱਲੋਂ ਦਿੱਤੇ ਨਿਰਦੇਸ਼ਾਂ ਨਾਲ ਯੋਗ ਅਲਾਟੀਆਂ ਨੂੰ NOC ਅਤੇ ਸੇਲ ਡੀਡ ਰਜਿਸਟਰ ਕਰਵਾਉਣ ਦਾ ਰਾਹ ਖੁੱਲ੍ਹ ਗਿਆ ਹੈ।
ਫੈਸਲੇ ਅਨੁਸਾਰ, PACL ਮਾਮਲੇ ਵਿੱਚ ਗਠਿਤ ਜਸਟਿਸ (ਸੇਵਾਮੁਕਤ) ਆਰ.ਐੱਮ. ਲੋਢਾ ਕਮੇਟੀ ਵੱਲੋਂ ਰਿਕਵਰੀ ਅਫ਼ਸਰ ਨਿਯੁਕਤ ਕੀਤੇ ਜਾਣਗੇ, ਜੋ ਸ਼੍ਰੇਣੀ 1 ਅਤੇ 2 ਦੇ ਯੋਗ ਅਲਾਟੀਆਂ ਨੂੰ NOC ਜਾਰੀ ਕਰਨ ਦੀ ਪ੍ਰਕਿਰਿਆ ਅੱਗੇ ਵਧਾਉਣਗੇ। ਬੈਂਕਿੰਗ ਚੈਨਲ ਰਾਹੀਂ 100 ਫੀਸਦੀ ਭੁਗਤਾਨ ਕਰਨ ਵਾਲੇ ਅਲਾਟੀ ਸੇਲ ਸਰਟੀਫਿਕੇਟ/NOC ਲੈਣ ਦੇ ਯੋਗ ਹੋਣਗੇ, ਜਦਕਿ 50 ਫੀਸਦੀ ਤੋਂ ਵੱਧ ਰਕਮ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਬਾਕੀ ਰਕਮ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਕਰਵਾਉਣੀ ਪਵੇਗੀ।
ਇਸ ਦੇ ਨਾਲ ਹੀ ਸ਼੍ਰੇਣੀ 4 ਦੇ ਉਨ੍ਹਾਂ ਅਲਾਟੀਆਂ ਲਈ ਵੀ ਅਹਿਮ ਰਾਹਤ ਦੀ ਉਮੀਦ ਬਣੀ ਹੈ, ਜਿਨ੍ਹਾਂ ਨੇ ਨਕਦ ਜਾਂ 2 ਫਰਵਰੀ 2016 ਤੋਂ ਬਾਅਦ ਬੈਂਕਿੰਗ ਚੈਨਲ ਰਾਹੀਂ ਭੁਗਤਾਨ ਕੀਤਾ ਸੀ। ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜੇਕਰ ਉਨ੍ਹਾਂ ਦੇ ਭੁਗਤਾਨਾਂ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਾਨੂੰਨੀ ਉਪਾਅ ਅਪਣਾਉਣ ਤੋਂ ਰੋਕਿਆ ਨਹੀਂ ਜਾ ਸਕਦਾ। ਅਦਾਲਤ ਨੇ ਇਹ ਵੀ ਪੁੱਛਿਆ ਕਿ ਕੀ ਅਜਿਹੇ ਅਲਾਟੀ ਆਪਣੀ ਰਕਮ ਦੀ ਵਸੂਲੀ ਲਈ ਸਿਵਲ ਮੁਕੱਦਮਾ ਦਾਇਰ ਕਰ ਸਕਦੇ ਹਨ।
ਪਰਲਜ਼ ਸਿਟੀ ਮੋਹਾਲੀ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ (PCMRWA) ਦੇ ਜਨਰਲ ਸਕੱਤਰ ਜਸਪਾਲ ਸਿੰਘ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਲਗਭਗ 11 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਇਹ ਸੈਂਕੜੇ ਪ੍ਰਭਾਵਿਤ ਪਰਿਵਾਰਾਂ ਲਈ ਉਮੀਦ ਦੀ ਨਵੀਂ ਕਿਰਨ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੂੰ ਆਸ ਹੈ ਕਿ ਅਦਾਲਤ ਦੇ ਨਿਰਦੇਸ਼ਾਂ ਨੂੰ ਪਾਰਦਰਸ਼ੀ ਢੰਗ ਨਾਲ ਸਮੇਂ ਸਿਰ ਲਾਗੂ ਕੀਤਾ ਜਾਵੇਗਾ ਅਤੇ ਯੋਗ ਪਲਾਟ ਧਾਰਕਾਂ ਨੂੰ NOC ਮਿਲਣ ਦੇ ਨਾਲ ਉਨ੍ਹਾਂ ਦੀਆਂ ਸੇਲ ਡੀਡਾਂ ਵੀ ਰਜਿਸਟਰ ਹੋ ਸਕਣਗੀਆਂ।
-pearlscitymohali-paclinvestors-supremecourtverdict-plotholdersrelief-nocapproval