ਰਾਵਣ ਦੇ ਪਤਨ ਤੋਂ ਲੈ ਕੇ ਅਜੋਕੇ ਸਮੇਂ ਦੀਆਂ ਬੁਰਾਈਆਂ ਤੱਕ, ਰਾਜਾ ਵੜਿੰਗ ਨੇ ਸਮਾਜਿਕ ਜਾਗਰੂਕਤਾ ਦਾ ਦਿੱਤਾ ਸੁਨੇਹਾ
ਲੁਧਿਆਣਾ, 20 ਅਕਤੂਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਇਤਿਹਾਸਕ ਦਰੇਸੀ ਮੈਦਾਨ ਵਿਖੇ ਆਯੋਜਿਤ ਦੁਸਹਿਰਾ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਵਾਇਤੀ ਝੰਡਾ ਰਸਮ ਅਦਾ ਕੀਤੀ ਅਤੇ ਸਮੂਹ ਲੋਕਾਂ ਨੂੰ ਦੁਸਹਿਰੇ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ।
ਇਸ ਮੌਕੇ ਆਪਣੇ ਸੰਖੇਪ ਸੰਬੋਧਨ ਦੌਰਾਨ, ਰਾਜਾ ਵੜਿੰਗ ਨੇ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਲੋਕ ਇਸ ਪਾਵਨ ਤਿਉਹਾਰ ਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਵਣ ਇੱਕ ਮਹਾਨ ਵਿਦਵਾਨ ਸੀ, ਪਰ ਉਸਦਾ ਹੰਕਾਰ ਹੀ ਉਸ ਦੇ ਪਤਨ ਦਾ ਕਾਰਨ ਬਣਿਆ। ਹੰਕਾਰ ਕਿਸੇ ਦਾ ਵੀ ਵਿਨਾਸ਼ ਕਰ ਸਕਦਾ ਹੈ। ਇਸ ਲਈ ਸਾਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੰਕਾਰ ਨੂੰ ਗਿਆਨ ਤੇ ਮਨੁੱਖਤਾ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਇਸ ਪਾਵਨ ਮੌਕੇ ਸਾਨੂੰ ਹਰ ਤਰ੍ਹਾਂ ਦੀਆਂ ਬੁਰਾਈਆਂ ਵਿਰੁੱਧ ਇਕਜੁੱਟ ਹੋ ਕੇ ਲੜਨ, ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਦਾ ਸੰਕਲਪ ਲੈਣਾ ਚਾਹੀਦਾ ਹੈ।
ਇਸ ਦੌਰਾਨ ਰਾਜਾ ਵੜਿੰਗ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਬਿਨਾਂ ਕਿਸੇ ਬੇਲੋੜੀ ਪਾਬੰਦੀ ਦੇ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਸਮਾਗਮ ਵਾਲੀ ਥਾਂ ਦੇ ਆਲੇ-ਦੁਆਲੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਲੋਕਾਂ ਨੂੰ ਤਿਉਹਾਰ ਮਨਾਉਣ ਦੀ ਪੂਰੀ ਆਜ਼ਾਦੀ ਮਿਲਣੀ ਚਾਹੀਦੀ ਹੈ। ਕੋਈ ਵੀਆਈਪੀ ਆ ਰਿਹਾ ਹੈ ਜਾਂ ਨਹੀਂ, ਇਸਦੇ ਆਧਾਰ ’ਤੇ ਆਮ ਲੋਕਾਂ ਦੇ ਜਸ਼ਨਾਂ ’ਤੇ ਪਾਬੰਦੀਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ। ਲੋਕਾਂ ਨੂੰ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ।
ਉੱਥੇ ਹੀ, ਰਾਜਾ ਵੜਿੰਗ ਨੇ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਸਮਾਗਮ ਦੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਮੇਟੀ ਵੱਲੋਂ ਉਨ੍ਹਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਦਿਨੇਸ਼ ਮਰਵਾਹਾ ਨੇ ਸਾਰੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ।
ਸਮਾਗਮ ਦੌਰਾਨ ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਵਿਧਾਇਕ ਸੰਜੇ ਤਲਵਾੜ, ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸੁਰਿੰਦਰ ਡਾਵਰ, ਹੈਪੀ ਲਾਲੀ ਅਤੇ ਮਨਰਾਜ ਠੁਕਰਾਲ ਵੀ ਮੌਜੂਦ ਰਹੇ।