ਖੰਨਾ ਦੀ ਬੁੱਕ ਮਾਰਕੀਟ ’ਚ ਚੌਂਕੀਦਾਰ ’ਤੇ ਪੰਜ ਵਿਅਕਤੀਆਂ ਦਾ ਹਮਲਾ, ਤੇਜ਼ਧਾਰ ਦਾਹ ਨਾਲ ਅੰਗੂਠਾ ਵੱਢਿਆ
Nov11,2026
| Ravinder Singh Dhillon | Khanna
ਇੱਕ ਮੁਲਜ਼ਮ ਕਾਬੂ, ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਬਾਕੀ ਚਾਰ ਦੀ ਪਛਾਣ, ਭਾਲ ਜਾਰੀ
ਖੰਨਾ ਦੀ ਬੁੱਕ ਮਾਰਕੀਟ ਵਿੱਚ ਰਾਤ ਸਮੇਂ ਦੁਕਾਨਾਂ ਦੀ ਰਾਖੀ ਕਰ ਰਹੇ ਚੌਂਕੀਦਾਰ ’ਤੇ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਤੇਜ਼ਧਾਰ ਦਾਹ ਨਾਲ ਚੌਂਕੀਦਾਰ ਦਾ ਇੱਕ ਹੱਥ ਦਾ ਅੰਗੂਠਾ ਵੱਢ ਦਿੱਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਚੌਂਕੀਦਾਰ ਨੂੰ ਕੁਝ ਲੋਕਾਂ ਵੱਲੋਂ ਸਿਵਲ ਹਸਪਤਾਲ ਖੰਨਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਤੁਰੰਤ ਇਲਾਜ ਸ਼ੁਰੂ ਕੀਤਾ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ-
2 ਖੰਨਾ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਬਾਕੀ ਕਥਿਤ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਚੌਂਕੀਦਾਰ ਵੱਲੋਂ ਘਰ ਜਾਣ ਲਈ ਕਹਿਣ ’ਤੇ ਹੋਇਆ ਹਮਲਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਚੌਂਕੀਦਾਰ ਰਸਪਾਲ ਸਿੰਘ ਵਾਸੀ ਰੋਣੋ ਖੁਰਦ ਰਾਤ ਸਮੇਂ ਬੁੱਕ ਮਾਰਕੀਟ ਵਿੱਚ ਦੁਕਾਨਾਂ ਦੀ ਰਾਖੀ ਕਰ ਰਿਹਾ ਸੀ। ਇਸ ਦੌਰਾਨ ਪੰਜ ਵਿਅਕਤੀ ਇੱਕ ਥਾਂ ਬੈਠੇ ਸਨ, ਜਿਨ੍ਹਾਂ ਨੂੰ ਚੌਂਕੀਦਾਰ ਵੱਲੋਂ ਆਪਣੇ-ਆਪਣੇ ਘਰ ਜਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਹ ਉੱਥੋਂ ਚਲੇ ਗਏ, ਪਰ ਕੁਝ ਸਮੇਂ ਬਾਅਦ ਆਟੋ ਵਿੱਚ ਸਵਾਰ ਹੋ ਕੇ ਦੁਬਾਰਾ ਵਾਪਸ ਆ ਗਏ ਅਤੇ ਚੌਂਕੀਦਾਰ ’ਤੇ ਤੇਜ਼ਧਾਰ ਦਾਹ ਨਾਲ ਹਮਲਾ ਕਰ ਦਿੱਤਾ।
ਹਮਲੇ ਵਿੱਚ ਰਸਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਦਾ ਸਿਵਲ ਹਸਪਤਾਲ ਖੰਨਾ ਵਿਖੇ ਇਲਾਜ ਚੱਲ ਰਿਹਾ ਹੈ।
ਸੀਸੀਟੀਵੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ
ਡੀਐਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਪੰਜ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਇਸ ਮਾਮਲੇ ਵਿੱਚ ਆਕਾਸ਼ ਪੁੱਤਰ ਨਸੀਬ ਚੰਦ ਵਾਸੀ ਖੰਨਾ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਬਾਕੀ ਕਥਿਤ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਗ੍ਰਿਫ਼ਤਾਰ ਮੁਲਜ਼ਮ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਐਸਐਚਓ ਹਰਵਿੰਦਰ ਸਿੰਘ, ਥਾਣੇਦਾਰ ਜਰਨੈਲ ਸਿੰਘ, ਯਾਦਵਿੰਦਰ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।
-khannanews-khannacrime-punjabpolice-bookmarketkhanna-crimenewspunjab