ਕਰੋੜਾਂ ਦੀ ਡਰੱਗ ਮਨੀ ਨਾਲ ਗੈਂਗਸਟਰ ਕਰ ਰਹੇ ਵਿਆਹਾਂ 'ਤੇ ਖਰਚ, ਆਮਦਨ ਕਰ ਵਿਭਾਗ ਅਤੇ ਈਡੀ ਖਾਮੋਸ਼ ਕਿਉਂ?: ਰੰਧਾਵਾ
Sep12,2026
| Jagrati Lahar Bureau | Chandigarh
ਨਿਰਮਲਾ ਸੀਤਾਰਮਣ ਨੂੰ ਚਿੱਠੀ ਲਿਖ ਕੇ ਰੰਧਾਵਾ ਨੇ ਡਰੱਗ ਮਨੀ ਦੀ ਜਾਂਚ ਦੀ ਕੀਤੀ ਮੰਗ
ਅਮਿਤ ਸ਼ਾਹ ਦੀ ਯਾਤਰਾ 'ਤੇ ਵੀ ਨਿਸ਼ਾਨਾ, ਕਿਹਾ-ਪਹਿਲਾਂ ਪਾਕਿਸਤਾਨ ਤੋਂ ਆ ਰਿਹਾ ਨਸ਼ਾ ਰੋਕੋ, ਫਿਰ ਪੰਜਾਬ ਦੀ ਗੱਲ ਕਰੋ
ਰੰਧਾਵਾ ਨੇ ਕਿਹਾ- ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬੰਦ ਕਰੋ, ‘ਪੰਜਾਬੀ ਨਸ਼ੇੜੀ ਨਹੀਂ, ਦੇਸ਼ਭਗਤ ਹਨ’
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਗੈਂਗਸਟਰਾਂ ਅਤੇ ਨਸ਼ਿਆਂ ਦੇ ਮੁੱਦੇ 'ਤੇ ਇੱਕ ਵਾਰ ਫਿਰ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਪਿੰਡਾਂ ਵਿੱਚ ਗੈਂਗਸਟਰਾਂ ਵੱਲੋਂ ਵਿਆਹਾਂ ਅਤੇ ਚੈਰਿਟੀ ਦੇ ਨਾਂ 'ਤੇ ਕਰੋੜਾਂ ਰੁਪਏ ਵੰਡੇ ਜਾਣ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਆਮਦਨ ਕਰ ਵਿਭਾਗ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਖੁੱਲ੍ਹੇਆਮ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਤਾਂ ਈਡੀ ਆਖ਼ਿਰ ਚੁੱਪ ਕਿਉਂ ਹੈ।
ਰੰਧਾਵਾ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਪਿੰਡਾਂ ਵਿੱਚ ਗੈਂਗਸਟਰਾਂ ਵੱਲੋਂ ਵਿਆਹਾਂ ਦੌਰਾਨ 21 ਹਜ਼ਾਰ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀਆਂ ਨਕਦ ਐਲਾਨੀਆਂ ਕਰਵਾਈਆਂ ਜਾ ਰਹੀਆਂ ਹਨ। ਥਾਂ-ਥਾਂ ਸਟਾਲ ਲਗਾਏ ਜਾ ਰਹੇ ਹਨ, ਗੈਂਗਸਟਰਾਂ ਦੇ ਨਾਂ ਵਾਲੇ ਬੋਰਡ ਲਗਾਏ ਜਾ ਰਹੇ ਹਨ ਅਤੇ ਕਈ ਵਿਆਹਾਂ 'ਤੇ 3-3 ਕਰੋੜ ਰੁਪਏ ਤੱਕ ਦਾ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਆਖ਼ਿਰ ਕਿੱਥੋਂ ਆ ਰਿਹਾ ਹੈ ਅਤੇ ਇਸ ਦੀ ਜਾਂਚ ਕਿਉਂ ਨਹੀਂ ਹੋ ਰਹੀ। ਉਨ੍ਹਾਂ ਦੇ ਮੁਤਾਬਕ ਇਹ ਡਰੱਗ ਮਨੀ ਹੈ, ਜਿਸ ਨੂੰ ਵਿਆਹਾਂ ਅਤੇ ਕਥਿਤ ਸਮਾਜ ਸੇਵਾ ਦੇ ਨਾਂ 'ਤੇ ਸਫੈਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੰਧਾਵਾ ਨੇ ਆਪਣੀ ਚਿੱਠੀ ਵਿੱਚ ਕੇਂਦਰੀ ਵਿੱਤ ਮੰਤਰੀ ਤੋਂ ਪੁੱਛਿਆ ਕਿ ਵਿੱਤ ਮੰਤਰਾਲੇ ਅਧੀਨ ਆਉਣ ਵਾਲਾ ਆਮਦਨ ਕਰ ਵਿਭਾਗ ਅਤੇ ਈਡੀ ਇਸ ਮਾਮਲੇ ਵਿੱਚ ਕਾਰਵਾਈ ਕਿਉਂ ਨਹੀਂ ਕਰ ਰਹੇ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਕੀ ਇਹ ਏਜੰਸੀਆਂ ਸਿਰਫ਼ ਕਾਰੋਬਾਰੀਆਂ ਨੂੰ ਡਰਾਉਣ ਅਤੇ ਨਿਸ਼ਾਨਾ ਬਣਾਉਣ ਲਈ ਹੀ ਰਹਿ ਗਈਆਂ ਹਨ।
ਇਸ ਦੌਰਾਨ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ 'ਤੇ ਪ੍ਰਸਤਾਵਿਤ ਯਾਤਰਾ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਪਹਿਲਾਂ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਪੰਜਾਬ ਪਹੁੰਚ ਰਹੇ ਨਸ਼ੇ ਨੂੰ ਰੋਕਣ ਦਾ ਜਵਾਬ ਦੇਣ। ਉਨ੍ਹਾਂ ਪੁੱਛਿਆ ਕਿ ਸਰਹੱਦ ਪਾਰ ਤੋਂ ਲਗਾਤਾਰ ਹੋ ਰਹੀ ਤਸਕਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਤੱਕ ਕਿਹੜੀ ਠੋਸ ਕਾਰਵਾਈ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਨੂੰ ਵਾਰ-ਵਾਰ ਬਦਨਾਮ ਕਰਨ ਦੀ ਕੋਸ਼ਿਸ਼ ਬੰਦ ਹੋਣੀ ਚਾਹੀਦੀ ਹੈ। "ਅਸੀਂ ਨਸ਼ੇੜੀ ਨਹੀਂ, ਸਗੋਂ ਦੇਸ਼ਭਗਤ ਹਾਂ। ਕੇਂਦਰ ਸਰਕਾਰ ਪੰਜਾਬ ਨੂੰ ਨਸ਼ੇੜੀ ਸਾਬਤ ਕਰਨ ਦੀ ਰਾਜਨੀਤੀ ਬੰਦ ਕਰੇ,"।
-sukhjindersinghrandhawa-drugmoney-edinvestigation-incometaxdepartment-punjabpolitics