ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਹੋ ਰਹੀਆਂ ਏਸ਼ੀਅਨ ਖੇਡਾਂ 2026 ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ 'ਤੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।
ਭਾਰਤੀ ਮਹਿਲਾ ਟੀਮ ਨੇ ਦੂਜੀ ਵਾਰ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ। ਪਹਿਲੀ ਵਾਰ 1982 ਵਿੱਚ ਨਵੀਂ ਦਿੱਲੀ ਏਸ਼ਿਆਡ ਵਿੱਚ ਜਿੱਤਿਆ ਸੀ, ਜਦੋਂ ਏਸ਼ੀਅਨ ਖੇਡਾਂ ਵਿੱਚ ਮਹਿਲਾ ਹਾਕੀ ਵਰਗ ਦੀ ਸ਼ੁਰੂਆਤ ਹੋਈ ਸੀ।
ਭਾਰਤੀ ਟੀਮ ਨੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਚੀਨ ਨੂੰ 1-0 ਨਾਲ ਹਰਾਇਆ। ਦੇਸ਼ ਲਈ ਸੋਨ ਤਗਮਾ ਪੱਕਾ ਕਰਨ ਲਈ ਲਾਲਰੇਮਸਿਆਮੀ ਨੇ 10ਵੇਂ ਮਿੰਟ ਵਿੱਚ ਨਿਰਣਾਇਕ ਗੋਲ ਕੀਤਾ।
ਆਪਣੇ ਵਧਾਈ ਸੰਦੇਸ਼ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਇਤਿਹਾਸਕ ਪ੍ਰਾਪਤੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਸੋਨ ਤਗਮਾ ਟੀਮ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਦ੍ਰਿੜ ਇਰਾਦੇ ਅਤੇ ਟੀਮ ਭਾਵਨਾ ਦਾ ਨਤੀਜਾ ਹੈ।
ਮੰਤਰੀ ਨੇ ਕਿਹਾ ਕਿ ਭਾਰਤੀ ਮਹਿਲਾ ਹਾਕੀ ਨੇ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਜਿੱਤ ਪੰਜਾਬ ਅਤੇ ਦੇਸ਼ ਭਰ ਦੀਆਂ ਲੱਖਾਂ ਨੌਜਵਾਨ ਲੜਕੀਆਂ ਨੂੰ ਖੇਡਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰੇਗੀ।
ਉਨ੍ਹਾਂ ਨੇ ਚੀਨ ਵਰਗੀ ਮਜ਼ਬੂਤ ਟੀਮ ਖਿਲਾਫ ਦਬਾਅ ਹੇਠ ਸੰਜਮ ਬਣਾਈ ਰੱਖਣ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਲਾਲਰੇਮਸਿਆਮੀ ਅਤੇ ਪੂਰੀ ਟੀਮ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਮਰਥਨ ਕਰਦੀ ਰਹੇਗੀ।
ਉਨ੍ਹਾਂ ਟੀਮ ਨੂੰ ਭਵਿੱਖ ਦੇ ਟੂਰਨਾਮੈਂਟਾਂ ਲਈ ਹੋਰ ਸਫਲਤਾ ਦੀ ਕਾਮਨਾ ਕੀਤੀ।
-asiangames2026-indianwomenshockey-hockeygold-lalchandkataruchak-teamindia
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)