ਦੋਰਾਹਾ 'ਚ ਘੁੰਮ ਰਿਹਾ ਫ਼ਰਜ਼ੀ ਆਈਪੀਐਸ ਢਾਬੇ ਤੇ ਵਰਕਰਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Oct24,2026
| Ravinder Singh Dhillon | Khanna
ਖੰਨਾ (ਰਵਿੰਦਰ ਢਿੱਲੋ)
ਪੁਲਿਸ ਜ਼ਿਲ੍ਹਾ ਖੰਨਾ ਅਧੀਨ ਆਉਂਦੇ ਕਸਬਾ ਦੋਰਾਹਾ ਵਿਖੇ ਖ਼ੁਦ ਨੂੰ ਸੀਨੀਅਰ ਪੁਲਿਸ ਅਧਿਕਾਰੀ ਦੱਸ ਕੇ ਆਮ ਲੋਕਾਂ ਅਤੇ ਦੁਕਾਨਦਾਰਾਂ 'ਤੇ ਰੋਹਬ ਪਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ੱਕੀ ਵਿਅਕਤੀ ਵੱਲੋਂ ਪੁਲਿਸ ਦੀ ਵਰਦੀ ਪਹਿਨ ਕੇ, ਮੋਢਿਆਂ 'ਤੇ ਐਸ.ਐਸ.ਪੀ. ਦੇ ਸਟਾਰ ਅਤੇ ਨਾਲ ਹੀ ਆਈ.ਪੀ.ਐਸ. ਲਿਖਿਆ ਹੋਇਆ ਬੈਜ ਲਗਾ ਕੇ ਸਥਾਨਕ ਢਾਬਿਆਂ ਅਤੇ ਦੁਕਾਨਾਂ 'ਤੇ ਦਹਿਸ਼ਤ ਫੈਲਾਈ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਵਿਅਕਤੀ ਦੋਰਾਹਾ ਖੇਤਰ ਵਿੱਚ ਵੱਖ-ਵੱਖ ਢਾਬਿਆਂ ਅਤੇ ਦੁਕਾਨਾਂ 'ਤੇ ਪਹੁੰਚਿਆ ਅਤੇ ਖ਼ੁਦ ਨੂੰ ਵੱਡਾ ਪੁਲਿਸ ਅਫ਼ਸਰ ਜ਼ਾਹਰ ਕਰਦਿਆਂ ਦੁਕਾਨਦਾਰਾਂ ਨੂੰ ਦਬਕੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਲੋਕਾਂ ਨੇ ਉਸ ਦੀਆਂ ਗੱਲਾਂ ਅਤੇ ਹਰਕਤਾਂ 'ਤੇ ਸ਼ੱਕ ਜ਼ਾਹਰ ਕੀਤਾ ਤਾਂ ਉਹ ਹੱਥੋਪਾਈ ਅਤੇ ਕੁੱਟਮਾਰ 'ਤੇ ਉਤਾਰੂ ਹੋ ਗਿਆ। ਇਸ ਦੌਰਾਨ ਮੌਕੇ 'ਤੇ ਹਾਜ਼ਰ ਲੋਕਾਂ ਨੇ ਉਸ ਦੀ ਸਮੁੱਚੀ ਕਾਰਵਾਈ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜੋ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ
ਵੀਡੀਓ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਪੁਲਿਸ ਜ਼ਿਲ੍ਹਾ ਖੰਨਾ ਦੀ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਵਾਇਰਲ ਵੀਡੀਓ ਦੇ ਆਧਾਰ 'ਤੇ ਉਕਤ ਸ਼ੱਕੀ ਵਿਅਕਤੀ ਦੀ ਸ਼ਨਾਖ਼ਤ ਕਰਨ ਦੀ ਕੋਸ਼ਿਸ਼ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਅਤੇ ਪੁਲਿਸ ਦੇ ਨਾਂ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਾਂਚ ਮੁਕੰਮਲ ਹੁੰਦੇ ਹੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ
-dorahanews-fakeipsofficer-khannapolice-punjabnews-viralvideo