ਜਾਇਦਾਦ ਦੀ ਰੰਜਿਸ਼ ਨੇ ਲਿਆ ਖ਼ੂਨੀ ਰੂਪ, ਸਾਲੇ ਨੇ ਦੋਸਤ ਨਾਲ ਮਿਲ ਕੇ ਜੀਜੇ ਨੂੰ ਵੱਢਿਆ
Aug19,2026
| Gurvinder Singh Mohali | Mohali
ਸੈਕਟਰ 87 ਦੇ ਪ੍ਰਾਪਰਟੀ ਡੀਲਰ ਦਫ਼ਤਰ ’ਚ ਚਾਕੂ ਤੇ ਰਾਡਾਂ ਨਾਲ ਹਮਲਾ
ਹਸਪਤਾਲ ’ਚ ਅਮਨਦੀਪ ਸਿੰਘ ਦੀ ਮੌਤ, ਮੁਲਜ਼ਮ ਫ਼ਰਾਰ
ਮੋਹਾਲੀ , 19 ਅਗਸਤ (ਗੁਰਵਿੰਦਰ ਸਿੰਘ) ਥਾਣਾ ਸੁਹਾਣਾ ਅਧੀਨ ਪੈਂਦੇ ਸੈਕਟਰ 87 ਵਿੱਚ ਇੱਕ ਵਿਅਕਤੀ ਵਲੋਂ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਸਕੇ ਜੀਜੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵੱਜੋਂ ਹੋਈ ਹੈ ਜੋ ਸੈਕਟਰ 87 ਵਿੱਚ ਪ੍ਰਾਪਰਟੀ ਡੀਲਰ ਦਾ ਦਫਤਰਜ ਚਲਾਉਂਦਾ ਸੀ ਅਤੇ ਉਸਦਾ ਕਤਲ ਉਸੇ ਦਫਤਰ ਵਿੱਚ ਹੋਇਆ ਹੈ।
ਮੋਹਾਲੀ ਦੇ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਅਨੁਸਾਰ ਮ੍ਰਿਤਕ ਦੇ ਸਾਲੇ ਪ੍ਰਦੀਪ ਸਿੰਘ ਨੂੰ ਇਸ ਗੱਲ ਦੀ ਰੰਜਿਸ਼ ਸੀ ਕਿ ਮ੍ਰਿਤਕ ਅਮਨਦੀਪ ਸਿੰਘ ਉਸ ਦੇ ਨਾਮ ਪ੍ਰਾਪਰਟੀ ਨਹੀਂ ਹੋਣ ਦੇ ਰਿਹਾ ਅਤੇ ਇਸੇ ਰੰਜਿਸ਼ ਦੇ ਤਹਿਤ ਇਹ ਕਤਲ ਕੀਤਾ ਗਿਆ ਹੈ।
ਇਸ ਸਬੰਧੀ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਥਾਣਾ ਸੁਹਾਣਾ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਸੈਕਟਰ 66 ਬੀ ਵਿੱਚ ਆਪਣੇ ਪਤੀ ਅਮਨਦੀਪ ਸਿੰਘ ਅਤੇ ਦੋ ਲੜਕੀਆਂ ਸਮੇਤ ਰਹਿ ਰਹੀ ਹੈ। 2019 ਵਿੱਚ ਉਸ ਦਾ ਵਿਆਹ ਅਮਨਦੀਪ ਸਿੰਘ ਨਾਲ ਹੋਇਆ ਸੀ ਅਤੇ ਅਮਨਦੀਪ ਤੋਂ ਉਸ ਕੋਲ ਦੋ ਬੱਚੇ ਹਨ। ਉਸ ਦਾ ਅਤੇ ਅਮਨਦੀਪ ਸਿੰਘ ਦੋਵਾਂ ਦਾ ਇਹ ਦੂਜਾ ਵਿਆਹ ਹੈ। ਉਸ ਦੇ ਪਹਿਲੇ ਵਿਆਹ ਦਾ ਤਲਾਕ ਹੋ ਚੁੱਕਾ ਹੈ ਅਤੇ ਅਮਨਦੀਪ ਦਾ ਵੀ ਪਹਿਲੇ ਵਿਆਹ ਦਾ ਤਲਾਕ ਹੋ ਚੁੱਕਿਆ ਹੈ ਪ੍ਰੰਤੂ ਅਮਨਦੀਪ ਤੇ ਪਹਿਲੇ ਵਿਆਹ ਤੋਂ ਪਤਨੀ ਅਤੇ ਬੱਚਿਆਂ ਨਾਲ ਹਾਲੇ ਵੀ ਮੇਲ ਜੋਲ ਹੈ ਅਤੇ ਉਹ ਕਈ ਵਾਰ ਆਪਣੇ ਬੱਚਿਆਂ ਨੂੰ ਮਿਲਣ ਲਈ ਜਾਂਦਾ ਸੀ।
ਰਮਨਦੀਪ ਕੌਰ ਮੁਤਾਬਕ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਸਾਰੀ ਜ਼ਮੀਨ ਜਾਇਦਾਦ ਉਸਦੀ ਮਾਤਾ ਸਵਰਨਜੀਤ ਕੌਰ ਦੇ ਨਾਮ ਹੋ ਗਈ ਸੀ। ਉਸਦੀ ਮਾਤਾ ਸਵਰਨਜੀਤ ਕੌਰ ਨੇ ਉਸ ਨੂੰ ਸਾਰੀ ਪ੍ਰਾਪਰਟੀ ਦੀ ਵਾਰਸ ਇਸ ਲਈ ਬਣਾਇਆ ਹੋਇਆ ਹੈ, ਕਿਉਂਕਿ ਉਸ ਦਾ ਭਰਾ ਪ੍ਰਦੀਪ ਸਿੰਘ ਮਾੜੀ ਸੰਗਤ ਵਿੱਚ ਪੈ ਗਿਆ ਸੀ ਜਿਸ ਕਰਕੇ ਉਸਦੀ ਮਾਤਾ ਸਵਰਨਜੀਤ ਕੌਰ ਨੇ ਉਸਦੇ ਭਰਾ ਪ੍ਰਦੀਪ ਸਿੰਘ ਨੂੰ ਜਮੀਨ ਜਾਇਦਾਦ ਦਾ ਵਾਰਸ ਨਹੀਂ ਬਣਾਇਆ। ਉਸ ਦੀ ਮਾਤਾ ਸਵਰਨਜੀਤ ਕੌਰ ਦੇ ਨਾਮ ਤੇ ਸੈਕਟਰ 87 ਵਿਖੇ ਦੋ ਕਨਾਲ ਜਮੀਨ ਹੈ ਜਿਸ ਵਿੱਚ ਉਸਦੇ ਪਤੀ ਅਮਨਦੀਪ ਸਿੰਘ ਨੇ ਪ੍ਰਾਪਰਟੀ ਡੀਲਰ ਦਾ ਦਫਤਰ ਅਤੇ ਫਾਰਮ ਹਾਊਸ ਬਣਾਇਆ ਹੋਇਆ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਸ ਫਾਰਮ ਹਾਊਸ ਦਾ ਨਾਮ ਓਲਡ ਫਾਰਮ ਹਾਊਸ ਰੱਖਿਆ ਹੋਇਆ ਹੈ ਜਿੱਥੇ ਉਸਦਾ ਪਤੀ ਪ੍ਰਾਪਰਟੀ ਦੀ ਖਰੀਦੋ ਫਰੋਖਤ ਦੇ ਕੰਮ ਲਈ ਮੀਟਿੰਗਾਂ ਕਰਦੇ ਹਨ। ਉਹ ਵੀ ਇਸ ਦਫਤਰ ਵਿੱਚ ਹਰ ਰੋਜ਼ ਆਉਂਦੀ ਜਾਂਦੀ ਰਹਿੰਦੀ ਹੈ। ਸ਼ਿਕਾਇਤਕਰਤਾ ਅਨੁਸਾਰ ਬੀਤੀ ਸ਼ਾਮ ਉਸ ਦਾ ਭਰਾ ਪ੍ਰਦੀਪ ਸਿੰਘ ਆਪਣੇ ਦੋਸਤ ਦੇ ਨਾਲ ਉਹਨਾਂ ਦੇ ਸੈਕਟਰ 87 ਮੁਹਾਲੀ ਵਿਚਲੇ ਦਫਤਰ ਵਿੱਚ ਆਇਆ ਅਤੇ ਉਸਦੇ ਪਤੀ ਅਮਨਦੀਪ ਸਿੰਘ ਨੂੰ ਕਹਿਣ ਲੱਗਾ ਕਿ ਤੂੰ ਮੇਰੀ ਮਾਤਾ ਦੀ ਪ੍ਰਾਪਰਟੀ ਦੀ ਵਸੀਅਤ ਮੇਰੇ ਨਾਮ ਨਹੀਂ ਹੋਣ ਦੇ ਰਿਹਾ।
ਇਸ ਰੰਜਿਸ਼ ਨੂੰ ਲੈ ਕੇ ਉਸਦੇ ਭਰਾ ਪ੍ਰਦੀਪ ਸਿੰਘ ਨੇ ਆਪਣੇ ਡੱਬ ਵਿੱਚੋਂ ਚਾਕੂ ਕੱਢਿਆ ਅਤੇ ਉਸਦੇ ਪਤੀ ਤੇ ਵਾਰ ਕਰ ਦਿੱਤਾ।
ਸ਼ਿਕਾਇਤਕਰਤਾ ਅਨੁਸਾਰ ਉਸ ਦਾ ਪਤੀ ਆਪਣੀ ਜਾਨ ਬਚਾਉਣ ਲਈ ਦਫਤਰ ਤੋਂ ਬਾਹਰ ਪਿਛਲੇ ਪਾਸੇ ਭੱਜਿਆ ਪਰੰਤੂ ਪ੍ਰਦੀਪ ਸਿੰਘ ਅਤੇ ਉਹਦਾ ਦੋਸਤ ਉਸਦੇ ਪਤੀ ਦੇ ਪਿੱਛੇ ਭੱਜੇ ਅਤੇ ਪ੍ਰਦੀਪ ਦੇ ਦੋਸਤ ਨੇ ਉਸਦੇ ਪਤੀ ਨੂੰ ਫੜ ਲਿਆ। ਇਸ ਦੌਰਾਨ ਪ੍ਰਦੀਪ ਨੇ ਉਸਦੇ ਪਤੀ ਦੀ ਗਰਦਨ ਅਤੇ ਸਰੀਰ ਤੇ ਚਾਕੂ ਦੇ ਕਈ ਵਾਰ ਕੀਤੇ। ਪ੍ਰਦੀਪ ਦੇ ਦੋਸਤ ਨੇ ਉਸਦੇ ਪਤੀ ਦੇ ਸਿਰ ਵਿੱਚ ਰਾਡ ਮਾਰੀ ਅਤੇ ਫਿਰ ਛਾਤੀ ਤੇ ਰਾਡ ਦੇ ਕਈ ਵਾਰ ਕੀਤੇ। ਉਹ ਆਪਣੇ ਭਰਾ ਨੂੰ ਹਟਾਉਣ ਲਈ ਸਾਹਮਣੇ ਆਈ ਤਾਂ ਉਸ ਦਾ ਭਰਾ ਪ੍ਰਦੀਪ ਸਿੰਘ ਅਤੇ ਉਸਦਾ ਦੋਸਤ ਉਹਨਾਂ ਦੀ ਇਨੋਵਾ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਵੱਲੋਂ ਜਾਣਕਾਰਾਂ ਦੀ ਮਦਦ ਨਾਲ ਜ਼ਖਮੀ ਅਮਨਦੀਪ ਸਿੰਘ ਨੂੰ ਸੁਹਾਣਾ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਉਸਦੇ ਪਤੀ ਅਮਨਦੀਪ ਸਿੰਘ ਦੀ ਮੌਤ ਹੋ ਗਈ।
ਸਬੰਧੀ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਕਿਹਾ ਕਿ ਪੁਲੀਸ ਨੇ ਪ੍ਰਦੀਪ ਸਿੰਘ ਵਾਸੀ ਨਾਨੂ ਮਾਜਰਾ ਅਤੇ ਉਸਦੇ ਅਣਪਛਾਤੇ ਦੋਸਤ ਦੇ ਖਿਲਾਫ ਕਤਲ ਦੀ ਧਾਰਾ 103 ਅਤੇ 3(5) ਬੀਐਨਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਕਿਹਾ ਕਿ ਅਪਰਾਧੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
-mohalicrime-sector87mohali-amandeepsinghmurder-sohanapolice-propertydispute-mohalipolice-punjabcrime-murdercase