ਸਮਰਾਲਾ ਵਿੱਚ ਬਜ਼ੁਰਗ ਮਹਿਲਾ ਤੋਂ ਪਰਸ ਖੋਹਿਆ, ਲੁੱਟ ਦੀਆਂ ਵਧਦੀਆਂ ਵਾਰਦਾਤਾਂ ਨਾਲ ਲੋਕਾਂ ਵਿੱਚ ਡਰ
Jul31,2026
| Ravinder Singh Dhillon | Samrala
ਪੁਲਿਸ ਜ਼ਿਲ੍ਹਾ ਖੰਨਾ ਅਧੀਨ ਸਮਰਾਲਾ ਵਿੱਚ ਦਿਨੋਂ-ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲੇ ਵਿੱਚ ਮੋਰਿੰਡਾ ਦੇ ਨਜ਼ਦੀਕੀ ਪਿੰਡ ਦੁੰਮੜਾ ਤੋਂ ਸਮਰਾਲਾ ਵਿਖੇ ਦਵਾਈ ਲੈਣ ਆਈ ਬਜ਼ੁਰਗ ਮਹਿਲਾ ਜਿਸ ਦਾ ਨਾਮ ਬਲਜੀਤ ਕੌਰ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਿਸ਼ਾਨਾ ਬਣਾਉਂਦਿਆਂ ਉਸ ਦਾ ਪਰਸ ਖੋਹ ਲਿਆ। ਪਰਸ ਵਿੱਚ ਨਕਦੀ ਦੇ ਨਾਲ-ਨਾਲ ਜ਼ਰੂਰੀ ਦਸਤਾਵੇਜ਼ ਵੀ ਸਨ।
ਪੀੜਤ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਮੋਰਿੰਡਾ ਤੋਂ ਬੱਸ ਰਾਹੀਂ ਸਮਰਾਲਾ ਦਵਾਈ ਲੈਣ ਆਈ ਸੀ। ਜਦੋਂ ਉਹ ਬਾਈਪਾਸ ਤੋਂ ਉਤਰ ਕੇ ਪੈਦਲ ਜਾ ਰਹੀ ਸੀ ਤਾਂ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪਰਸ ਵਿੱਚ ਕਰੀਬ 1500 ਰੁਪਏ ਨਕਦ ਅਤੇ ਕੁਝ ਜ਼ਰੂਰੀ ਕਾਗਜ਼ਾਤ ਸਨ।
ਰੋਂਦੀ ਹੋਈ ਮਹਿਲਾ ਨੇ ਦੱਸਿਆ ਕਿ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਅਤੇ ਆਪਣੀ ਬਿਮਾਰੀ ਦੀ ਦਵਾਈ ਲੈਣ ਲਈ ਸਮਰਾਲਾ ਆਈ ਸੀ। ਘਟਨਾ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿੱਚ ਮਦਦ ਲਈ ਪੁਕਾਰ ਕੀਤੀ। ਇਸ ਦੌਰਾਨ ਨਗਰ ਕੌਂਸਲ ਵਿੱਚ ਮੌਜੂਦ ਸਫਾਈ ਕਰਮਚਾਰੀ ਅਤੇ ਨੇੜਲੇ ਘਰ ਦੀ ਛੱਤ 'ਤੇ ਕੱਪੜੇ ਸੁਕਾ ਰਹੀ ਇੱਕ ਮਹਿਲਾ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਮਹਿਲਾ ਨੂੰ ਪਾਣੀ ਪਿਲਾਇਆ ਅਤੇ ਪੁਲਿਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ।
ਮਹਿਲਾ ਦਾ ਦੋਸ਼ ਹੈ ਕਿ ਕਰੀਬ ਪੌਣਾ ਘੰਟਾ ਤੱਕ ਕਿਸੇ ਪੁਲਿਸ ਕਰਮੀ ਨੇ ਫ਼ੋਨ ਨਹੀਂ ਚੁੱਕਿਆ। ਬਾਅਦ ਵਿੱਚ 112 'ਤੇ ਕਾਲ ਕਰਨ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚਿਆ, ਜਿਸ ਨੇ ਪੀੜਤਾ ਤੋਂ ਘਟਨਾ ਦੀ ਜਾਣਕਾਰੀ ਲਈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
Crime-News-Ludhiana-Police