ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਕਮੇਟੀ ਮੈਂਬਰ ਅਤੇ ਸੰਸਥਾ ਹੈਲਪਿੰਗ ਹੈਪਲੈੱਸ ਦੀ ਪ੍ਰਧਾਨ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 14 ਜੁਲਾਈ ਨੂੰ ਕਨੇਡਾ ਦੇ ਸਰੀ ਸ਼ਹਿਰ ਵਿੱਚ ਭੇਦਭਰੇ ਹਾਲਤ ਵਿੱਚ ਲੜਕੇ ਦੀ ਮੌਤ ਹੋਈ ਸੀ,ਜਿਸ ਦੀ ਲਾਸ਼ ਸਵੇਰੇ ਕਮਰੇ ਵਿਚੋਂ ਮਿਲੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਮਲੇਰਕੋਟਲਾ ਵਾਸੀ ਈਸਵਰਪਾਲ ਸਿੰਘ (20 ਸਾਲ) ਵੱਜੋਂ ਹੋਈ । ਉਹਨਾਂ ਦੱਸਿਆ ਕਿ ਬੀਤੇ ਦਿਨ -ਹੈਲਪਿੰਗ ਹੈਪਲੈੱਸ- ਦੀ ਟੀਮ ਵੱਲੋਂ ਲਗਾਤਾਰ ਯਤਨਾਂ ਉਪਰੰਤ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬੀਬੀ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਵਿਦੇਸ਼ਾਂ ਵਿੱਚ ਸਾਡੇ ਬੱਚਿਆਂ ਦੀ ਹਾਲਤ ਬਦਤਰ ਹੋਈ ਪਈ ਹੈ, ਕਨੇਡਾ ਵਰਗੇ ਮੁਲਕਾਂ ਵਿੱਚ ਰੁਜ਼ਗਾਰ ਦੀ ਕਮੀ ਆਉਣ ਕਰਕੇ ਸਟੱਡੀ ਵੀਜੇ ਤੇ ਗਏ ਬੱਚਿਆਂ ਨੂੰ ਬੇਹੱਦ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਰਿਆਂ ਦਾ ਕਿਰਾਇਆ ਜ਼ਿਆਦਾ ਹੋਣ ਕਰਕੇ ਕੁਝ ਵਿਦਿਆਰਥੀ ਹਾਈਵੇ ਦੇ ਪੁਲ ਥੱਲੇ ਤੇ ਕੁਝ ਟੈਂਟ ਲਗਾ ਕੇ ਰਾਤ ਗੁਜਾਰਨ ਲਈ ਮਜਬੂਰ ਹਨ। ਉਹਨਾਂ ਦੱਸਿਆ ਕਿ ਵਿਦੇਸ਼ਾ ਵਿਚ ਭਾਰਤੀਆਂ ਦੀ ਮੌਤ ਦੇ ਮਾਮਲਿਆਂ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਭਾਰੀ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਦਿਲ ਦਾ ਦੌਰਾ ਪੈਣਾ ਹੈ। ਉਹਨਾਂ ਦੱਸਿਆ ਕਿ ਸਾਡੇ ਨੌਜਵਾਨ ਪੰਜਾਬ ਤੋਂ ਜਮੀਨ ਗਹਿਣੇ ਧਰ ਕੇ ਜਾਂ ਵੇਚਕੇ ਕਨੇਡਾ ਚਲੇ ਜਾਂਦੇ ਹਨ, ਉਥੇ ਜਾ ਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਕਾਲਜ ਦੀਆਂ ਫ਼ੀਸਾਂ, ਕਮਰੇ ਦਾ ਕਿਰਾਇਆ, ਰੋਟੀ ਦਾ ਖਰਚਾ ਅਤੇ ਪੰਜਾਬ ਬੇਠੈ ਪਰਿਵਾਰ ਦੀ ਜਿੰਮੇਵਾਰੀ, ਜਿਸ ਕਰਕੇ ਸਾਡੇ ਬੱਚੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗਦੇ ਹਨ ਅਤੇ ਕਈ ਜ਼ਿਆਦਾ ਕੰਮ ਕਰਨ ਦੀ ਲਾਲਸਾ ਕਰਕੇ ਨਸ਼ਾ ਕਰਨ ਲੱਗ ਜਾਂਦੇ ਹਨ। ਉਹਨਾਂ ਕਿਹਾ ਕਿ ਨਸ਼ੇ ਕਾਰਨ ਅਤੇ ਦਿਲ ਦਾ ਦੌਰਾ ਪੈਣ ਕਾਰਨ ਵਿਦੇਸ਼ਾਂ ਤੋਂ ਦੁਖਦਾਈ ਖਬਰਾਂ ਆ ਰਹੀਆਂ ਹਨ। ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਜੀ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਸਹਿਯੋਗ ਨਾਲ ਹੁਣ ਤੱਕ ਚਾਰ ਲਾਸ਼ਾਂ ਦਾ ਅੰਤਿਮ ਸਸਕਾਰ ਕਨੇਡਾ ਵਿੱਚ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ ਲੜਕਾ ਯੂ.ਪੀ. ਨਾਲ ਸਬੰਧਤ ਸੀ ਅਤੇ ਸਾਲ 2023 ਦੌਰਾਨ ਕਰੀਬ 10 ਮ੍ਰਿਤਕ ਦੇਹਾਂ ਭਾਰਤ ਲਿਆ ਚੁੱਕੇ ਹਨ। ਬੀਬੀ ਜੀ ਨੇ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਹੈ ਜੋ ਪਰਿਵਾਰ ਪੰਜਾਬ ਅੰਦਰ ਰਹਿ ਕੇ ਰੋਜ਼ੀ-ਰੋਟੀ ਕਮਾ ਸਕਦੇ ਹਨ, ਉਹ ਆਪਣੇ ਜਵਾਕਾਂ ਨੂੰ ਵਿਦੇਸ਼ ਨਾ ਭੇਜਣ ਅਤੇ ਖਾਸ ਕਰਕੇ ਨੌਜਵਾਨ ਲੜਕੀਆਂ ਨੂੰ ਇਕੱਲੇ ਵਿਦੇਸ਼ ਨਾ ਭੇਜਣ, ਸਾਡੀਆਂ ਧੀਆਂ ਨੂੰ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਸ਼ੌਂਕ ਨਾਲ ਬਾਹਰ ਚਲੇ ਜਾਂਦੇ ਹਨ, ਸੁਪਨੇ ਵੱਡੇ ਦੇਖਦੇ ਹਨ ਅਤੇ ਬਾਅਦ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਪਾਉਂਦੇ।ਉਨ੍ਹਾਂ ਧੀਆਂ ਅੱਗੇ ਖਾਸ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਮਗਰ ਲੱਗ ਕੇ ਉਹ ਡੁਬਈ, ਮਲੇਸ਼ੀਆ, ਇਰਾਕ, ਸਾਉਦੀ ਅਰਬ ਵਰਗੇ ਮੁਲਕਾਂ ਵਿੱਚ ਕਦੇ ਵੀ ਨਾ ਜਾਣ , ਉੱਥੇ ਉਨ੍ਹਾਂ ਨੂੰ ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)