ਮਿਊਂਸਪਲ ਕਾਰਪੋਰੇਸ਼ਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਲੰਬੇ ਸਮੇਂ ਤੋਂ ਪ੍ਰਾਪਰਟੀ ਟੈਕਸ ਦੇ ਬਕਾਏਦਾਰ ਵਪਾਰਕ ਅਤੇ ਉਦਯੋਗਿਕ ਇਕਾਈਆਂ ਖ਼ਿਲਾਫ਼ ਚਲਾਈ ਗਈ ਵਿਆਪਕ ਵਸੂਲੀ ਮੁਹਿੰਮ ਸਫ਼ਲ ਰਹੀ ਹੈ, ਜਿਸ ਦੇ ਨਤੀਜੇ ਵਜੋਂ ਲਗਭਗ 22 ਲੱਖ ਰੁਪਏ ਦੀ ਵਸੂਲੀ ਕੀਤੀ ਗਈ ਹੈ। ਇਹ ਮੁਹਿੰਮ ਬੁੱਧਵਾਰ ਨੂੰ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਪਹਿਲਾਂ ਘੋਸ਼ਿਤ ਸ਼ਡਿਊਲ ਅਨੁਸਾਰ ਚਲਾਈ ਗਈ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਕਮਿਸ਼ਨਰ ਸ੍ਰੀ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਸਖ਼ਤ ਰਵੱਈਆ ਅਪਣਾਉਣ ਅਤੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 138-ਸੀ ਅਧੀਨ ਸੀਲਿੰਗ ਨੋਟਿਸ ਪਹਿਲਾਂ ਹੀ ਜਾਰੀ ਕਰਨ ਕਾਰਨ, ਪਛਾਣ ਕੀਤੇ ਗਏ ਬਹੁਤ ਸਾਰੇ ਬਕਾਇਆਦਾਰ ਆਪਣਾ ਲੰਬੇ ਸਮੇਂ ਤੋਂ ਬਕਾਇਆ ਪ੍ਰਾਪਰਟੀ ਟੈਕਸ ਅਦਾ ਕਰਨ ਲਈ ਅੱਗੇ ਆ ਗਏ। ਇਸ ਕਾਰਨ ਹੁਣ ਤੱਕ ਕੋਈ ਵੀ ਸੰਪਤੀ ਸੀਲ ਨਹੀਂ ਕੀਤੀ ਗਈ, ਕਿਉਂਕਿ ਬਹੁਤ ਸਾਰੇ ਮਾਲਕਾਂ ਅਤੇ ਕਬਜ਼ੇਦਾਰਾਂ ਵੱਲੋਂ ਅੰਤਿਮ ਕਾਰਵਾਈ ਤੋਂ ਪਹਿਲਾਂ ਹੀ ਜੁਰਮਾਨੇ ਅਤੇ ਬਿਆਜ ਸਮੇਤ ਬਕਾਇਆ ਰਕਮ ਜਮ੍ਹਾਂ ਕਰਵਾ ਦਿੱਤੀ ਗਈ ਹੈ।
ਜੁਆਇੰਟ ਕਮਿਸ਼ਨਰ ਸ੍ਰੀ ਜਸਜੀਤ ਸਿੰਘ ਨੇ ਦੱਸਿਆ ਕਿ ਜਿਹੜੇ ਬਕਾਇਆਦਾਰ ਹਾਲੇ ਵੀ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਆਪਣਾ ਪ੍ਰਾਪਰਟੀ ਟੈਕਸ ਬਕਾਇਆ ਜਮ੍ਹਾਂ ਨਹੀਂ ਕਰਵਾ ਰਹੇ, ਉਨ੍ਹਾਂ ਨੂੰ ਹੁਣ ਨਵੇਂ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਮਿਊਂਸਪਲ ਕਾਰਪੋਰੇਸ਼ਨ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਅਜਿਹੇ ਬਕਾਇਆਦਾਰ ਨਿਰਧਾਰਿਤ ਸਮੇਂ ਅੰਦਰ ਆਪਣੀ ਬਕਾਇਆ ਰਕਮ ਅਦਾ ਨਹੀਂ ਕਰਦੇ, ਤਾਂ ਧਾਰਾ 138-ਸੀ ਅਧੀਨ ਸੰਪਤੀਆਂ ਦੀ ਸੀਲਿੰਗ ਸਮੇਤ ਕਾਨੂੰਨ ਅਧੀਨ ਉਪਲਬਧ ਹੋਰ ਸਖ਼ਤ ਕਾਰਵਾਈ, ਬਿਨਾਂ ਅਗਾਊਂ ਸੂਚਨਾ ਦੇ ਅਮਲ ਵਿੱਚ ਲਿਆਂਦੀ ਜਾਵੇਗੀ।
ਮਿਊਂਸਪਲ ਕਾਰਪੋਰੇਸ਼ਨ ਨੇ ਸਾਰੇ ਸੰਪਤੀ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਕਿਸਮ ਦੀ ਅਸੁਵਿਧਾ ਜਾਂ ਦੰਡਾਤਮਕ ਕਾਰਵਾਈ ਤੋਂ ਬਚਣ ਲਈ ਆਪਣੇ ਪ੍ਰਾਪਰਟੀ ਟੈਕਸ ਨਾਲ ਸੰਬੰਧਿਤ ਬਕਾਇਆ ਦੀ ਜਾਂਚ ਕਰਕੇ ਤੁਰੰਤ ਅਦਾ ਕਰਨ। ਟੈਕਸਦਾਤਾ ਆਪਣੀ ਬਕਾਇਆ ਰਕਮ ਦੀ ਜਾਣਕਾਰੀ, ਗਿਣਤੀ ਜਾਂ ਭੁਗਤਾਨ ਸਬੰਧੀ ਮਦਦ ਲਈ ਦਫ਼ਤਰੀ ਸਮੇਂ ਦੌਰਾਨ ਪ੍ਰਾਪਰਟੀ ਟੈਕਸ ਬ੍ਰਾਂਚ, ਮਿਊਂਸਪਲ ਕਾਰਪੋਰੇਸ਼ਨ, ਐਸ.ਏ.ਐਸ. ਨਗਰ ਨਾਲ ਸੰਪਰਕ ਕਰ ਸਕਦੇ ਹਨ।