ਅੱਖਾਂ ਦੇ ਟਰਾਂਸਪਲਾਂਟੇਸ਼ਨ ਲਈ ਕਾਰਨੀਆ ਦੀ ਭਾਰੀ ਕਮੀ ਨੂੰ ਦੂਰ ਕਰਨ ਲਈ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਦੀ ਅਪੀਲ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ 41ਵੇਂ ਕੌਮੀ ਅੱਖਾਂ ਦਾਨ ਪੰਦਰਵਾੜੇ ਦੀ ਸ਼ੁਰੂਆਤ ਕੀਤੀ।ਸਿਹਤ ਮੰਤਰੀ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਅੱਖਾਂ ਦਾਨ ਕਰਨਾ ਇੱਕ ਨੇਕ ਕਾਰਜ ਹੈ ਕਿਉਂਕਿ ਇਹ ਕਿਸੇ ਨੇਤਰਹੀਣ ਵਿਅਕਤੀ ਨੂੰ ਨਜ਼ਰ ਦਾ ਤੋਹਫ਼ਾ ਦੇ ਸਕਦਾ ਹੈ।"41ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ। ਸਿਹਤ ਵਿਭਾਗ ਇਸ ਪੰਦਰਵਾੜੇ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਸੂਚਨਾ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਚਲਾਏਗਾ।ਡਾ. ਬਲਬੀਰ ਸਿੰਘ, ਜੋ ਖ਼ੁਦ ਇੱਕ ਅੱਖਾਂ ਦੇ ਸਰਜਨ ਹਨ, ਨੇ ਜਾਣਕਾਰੀ ਦਿੱਤੀ ਕਿ ਕਾਰਨੀਆ ਦੇ ਨੁਕਸਾਨ ਕਾਰਨ ਅੰਨ੍ਹਾਪਣ ਹੁੰਦਾ ਹੈ, ਜਿਸ ਨੂੰ ਕਾਰਨੀਅਲ ਅੰਨ੍ਹਾਪਣ ਕਿਹਾ ਜਾਂਦਾ ਹੈ। ਕਾਰਨੀਆ ਪੁਤਲੀ ਦੇ ਸਾਹਮਣੇ ਵਾਲੀ ਇੱਕ ਪਾਰਦਰਸ਼ੀ ਪਰਤ ਹੁੰਦੀ ਹੈ। ਉਨ੍ਹਾਂ ਕਿਹਾ, "ਇਹ ਕਾਰਨੀਆ ਹੀ ਹੈ ਜੋ ਦਾਨੀ ਦੀਆਂ ਅੱਖਾਂ ਵਿੱਚੋਂ ਲਿਆ ਜਾਂਦਾ ਹੈ ਅਤੇ ਕਾਰਨੀਅਲ ਅੰਨ੍ਹੇਪਣ ਵਾਲੇ ਵਿਅਕਤੀ 'ਤੇ ਟਰਾਂਸਪਲਾਂਟ ਕੀਤਾ ਜਾਂਦਾ ਹੈ, ਜਿਸ ਨਾਲ ਉਹ ਵਿਅਕਤੀ ਦੁਨੀਆ ਨੂੰ ਦੇਖਣ ਦੇ ਯੋਗ ਹੋ ਜਾਂਦਾ ਹੈ," ਉਨ੍ਹਾਂ ਅੱਗੇ ਦੱਸਿਆ ਕਿ ਇਸ ਸਰਜੀਕਲ ਪ੍ਰਕਿਰਿਆ ਨੂੰ ਕੇਰਾਟੋਪਲਾਸਟੀ ਕਿਹਾ ਜਾਂਦਾ ਹੈ।ਅੱਖਾਂ ਦਾਨ ਦੀ ਮਹੱਤਤਾ ਨੂੰ ਦਰਸਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਾਡੀਆਂ ਅੱਖਾਂ ਬਹੁਤ ਮਹੱਤਵਪੂਰਨ ਸੰਵੇਦੀ ਅੰਗ ਹਨ, ਕਿਉਂਕਿ ਸਾਡੇ ਸਾਰੇ ਸੰਵੇਦੀ ਪ੍ਰਭਾਵ 80% ਤੱਕ ਸਾਡੀ ਨਜ਼ਰ ਰਾਹੀਂ ਮਹਿਸੂਸ ਹੁੰਦੇ ਹੈ। ਨਜ਼ਰ ਦੇ ਤੋਹਫ਼ੇ ਤੋਂ ਬਿਨਾਂ ਆਮ ਜੀਵਨ ਬਤੀਤ ਕਰਨਾ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਾਰਨੀਅਲ ਅੰਨ੍ਹਾਪਣ ਮੁੱਖ ਤੌਰ 'ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਹੈ ਜਿਨ੍ਹਾਂ ਦਾ ਅੱਗੇ ਲੰਮਾ ਜੀਵਨ ਹੁੰਦਾ ਹੈ ਅਤੇ ਇੱਕ ਵਿਅਕਤੀ ਵੱਲੋਂ ਅੱਖਾਂ ਦਾਨ ਕਰਨ ਨਾਲ ਦੋ ਕਾਰਨੀਅਲ ਨੇਤਰਹੀਣ ਵਿਅਕਤੀਆਂ ਨੂੰ ਨਜ਼ਰ ਮਿਲ ਸਕਦੀ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲਗਭਗ 11 ਲੱਖ ਲੋਕ ਕਾਰਨੀਅਲ ਅੰਨ੍ਹੇਪਣ ਤੋਂ ਪੀੜਤ ਹਨ ਅਤੇ ਹਰ ਸਾਲ 25,000 ਨਵੇਂ ਮਾਮਲੇ ਜੁੜ ਰਹੇ ਹਨ। ਭਾਰਤ ਵਿੱਚ 1 ਲੱਖ ਤੋਂ ਵੱਧ ਕਾਰਨੀਅਲ ਟਰਾਂਸਪਲਾਂਟ ਦੀ ਲੋੜ ਹੈ ਪਰ ਭਾਰਤ ਵਿੱਚ ਹਰ ਸਾਲ ਸਿਰਫ਼ 25,000 ਕਾਰਨੀਅਲ ਟਰਾਂਸਪਲਾਂਟ ਹੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ, "ਅਸੀਂ ਅੱਖਾਂ ਦੇ ਦਾਨ ਅਤੇ ਕਾਰਨੀਅਲ ਨੇਤਰਹੀਣਾਂ ਦੀ ਗਿਣਤੀ ਵਿਚਕਾਰ ਇੱਕ ਵੱਡਾ ਪਾੜਾ ਦੇਖ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲੈ ਕੇ ਇਸ ਪਾੜੇ ਨੂੰ ਭਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਰਾਜ ਅਤੇ ਦੇਸ਼ ਨੂੰ ਕਾਰਨੀਅਲ ਅੰਨ੍ਹੇਪਣ ਤੋਂ ਮੁਕਤ ਬਣਾਉਣਾ ਚਾਹੀਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸਾਡੇ ਕੋਲ ਟਰਾਂਸਪਲਾਂਟ ਕਰਨ ਲਈ ਸਿਖਲਾਈ ਪ੍ਰਾਪਤ, ਉੱਚ ਯੋਗਤਾ ਪ੍ਰਾਪਤ ਸਰਜਨ ਅਤੇ ਹਸਪਤਾਲ ਦੀਆਂ ਸਹੂਲਤਾਂ ਮੌਜੂਦ ਹਨ ਪਰ ਸਰਜਰੀ ਕਰਨ ਲਈ ਸਾਡੇ ਕੋਲ ਲੋੜੀਂਦੇ ਅੱਖਾਂ ਦੇ ਟਿਸ਼ੂ ਨਹੀਂ ਹਨ।ਪੰਜਾਬ ਵਿੱਚ ਕੁੱਲ 13 ਰਜਿਸਟਰਡ ਆਈ ਬੈਂਕ ਅਤੇ 20 ਰਜਿਸਟਰਡ ਕਾਰਨੀਅਲ ਟਰਾਂਸਪਲਾਂਟੇਸ਼ਨ ਸੈਂਟਰ ਹਨ। ਸਾਲ 2025-26 ਦੌਰਾਨ ਪੰਜਾਬ ਵਿੱਚ ਕੁੱਲ 1041 ਕੇਰਾਟੋਪਲਾਸਟੀ ਕੀਤੀਆਂ ਗਈਆਂ, ਜਦੋਂ ਕਿ ਜੁਲਾਈ 2026 ਤੱਕ ਅਜਿਹੀਆਂ 351 ਸਰਜਰੀਆਂ ਸਫ਼ਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ।ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸੂਬੇ ਭਰ ਵਿੱਚ ਵੱਖ-ਵੱਖ ਆਈ.ਈ.ਸੀ. ਗਤੀਵਿਧੀਆਂ ਚਲਾਈਆਂ ਜਾਣਗੀਆਂ ਅਤੇ ਇਸ ਸਬੰਧੀ ਸਮੂਹ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਵਿਸਥਾਰਪੂਰਵਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਅੱਖਾਂ ਦਾਨ ਕਰਨ ਸਬੰਧੀ ਵੱਖ-ਵੱਖ ਭਰਮ-ਭੁਲੇਖਿਆਂ ਅਤੇ ਅੰਧਵਿਸ਼ਵਾਸਾਂ ਨੂੰ ਦੂਰ ਕੀਤਾ ਜਾਵੇਗਾ। ਵਿਭਾਗ ਵੱਲੋਂ ਲੋਕਾਂ ਨੂੰ ਇਹ ਸਮਝਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਕਿ ਕੌਣ ਅੱਖਾਂ ਦਾਨ ਕਰ ਸਕਦਾ ਹੈ, ਦਾਨ ਕੀਤੀਆਂ ਅੱਖਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਅਤੇ ਮੌਤ ਤੋਂ ਬਾਅਦ ਅੱਖਾਂ ਦਾਨ ਕਰਨ ਦਾ ਪ੍ਰਣ ਲੈਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈੱਸ ਐਂਡ ਵਿਜ਼ੂਅਲ ਇੰਪੇਅਰਮੈਂਟ (ਐਨਪੀਸੀਬੀਵੀਆਈ) ਦੀ ਸਟੇਟ ਪ੍ਰੋਗਰਾਮ ਅਫ਼ਸਰ ਡਾ. ਨੀਤੀ ਸਿੰਗਲਾ ਨੇ ਦੱਸਿਆ ਕਿ ਵੈੱਬਸਾਈਟ https://notto.abdm.gov.in/ 'ਤੇ ਜਾ ਕੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਜਾ ਸਕਦਾ ਹੈ। ਪ੍ਰਣ ਲੈਣ ਤੋਂ ਬਾਅਦ ਇਸੇ ਵੈੱਬਸਾਈਟ ਤੋਂ ਪਲੈੱਜ ਸਰਟੀਫਿਕੇਟ ਡਾਊਨਲੋਡ ਕੀਤਾ ਜਾ ਸਕਦਾ ਹੈ।
ਅੱਖਾਂ ਦਾਨ ਕਰਨ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ, ਤੱਥ ਅਤੇ ਭਰਮ
* ਆਈ ਬੈਂਕ ਕੀ ਹੁੰਦਾ ਹੈ? - ਇਹ ਦਾਨੀ ਅਤੇ ਪ੍ਰਾਪਤਕਰਤਾ/ਆਈ ਸਰਜਨ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ। ਇਹ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਇੱਕ ਅਜਿਹੀ ਸੰਸਥਾ ਹੈ ਜੋ ਕਾਰਨੀਅਲ ਟਰਾਂਸਪਲਾਂਟੇਸ਼ਨ ਦੀ ਲੋੜ ਵਾਲੇ ਲੋਕਾਂ ਲਈ ਮਨੁੱਖੀ ਅੱਖਾਂ ਪ੍ਰਾਪਤ (ਕੁਲੈਕਟ) ਅਤੇ ਪ੍ਰਦਾਨ ਕਰਦੀ ਹੈ।
* ਕੌਣ ਅੱਖਾਂ ਦਾਨ ਕਰ ਸਕਦਾ ਹੈ? - ਉਮਰ, ਲਿੰਗ ਅਤੇ ਬਲੱਡ ਗਰੁੱਪ ਦੀ ਪਰਵਾਹ ਕੀਤੇ ਬਿਨਾਂ ਕੋਈ ਵੀ ਅੱਖਾਂ ਦਾਨ ਕਰ ਸਕਦਾ ਹੈ।
* ਕੀ ਟਰਾਂਸਪਲਾਂਟ ਲਈ ਪੂਰੀ ਅੱਖ ਵਰਤੀ ਜਾਂਦੀ ਹੈ? - ਨਹੀਂ, ਸਿਰਫ਼ ਪੁਤਲੀ ਦੇ ਸਾਹਮਣੇ ਵਾਲੀ ਪਤਲੀ ਪਾਰਦਰਸ਼ੀ ਪਰਤ ਜਿਸ ਨੂੰ ਕਾਰਨੀਆ ਕਿਹਾ ਜਾਂਦਾ ਹੈ, ਹੀ ਟਰਾਂਸਪਲਾਂਟ ਲਈ ਵਰਤੀ ਜਾਂਦੀ ਹੈ। ਕਾਰਨੀਆ ਬਿਨਾਂ ਕਿਸੇ ਖ਼ੂਨ ਦੀਆਂ ਨਾੜੀਆਂ ਵਾਲਾ ਇੱਕ ਪਾਰਦਰਸ਼ੀ ਟਿਸ਼ੂ ਹੁੰਦਾ ਹੈ। ਸਾਫ਼ ਕਾਰਨੀਆ ਵਿਅਕਤੀ ਨੂੰ ਚੰਗੀ ਨਜ਼ਰ ਪ੍ਰਦਾਨ ਕਰਦਾ ਹੈ।
* ਕਾਰਨੀਅਲ ਟਰਾਂਸਪਲਾਂਟੇਸ਼ਨ ਤੋਂ ਕੀ ਭਾਵ ਹੈ? - ਇਹ ਇੱਕ ਸਰਜੀਕਲ ਪ੍ਰਕਿਰਿਆ ਹੈ ਜਿੱਥੇ ਗੁਆਚੀ ਹੋਈ ਨਜ਼ਰ ਵਾਪਸ ਲਿਆਉਣ ਲਈ ਮਰੀਜ਼ ਦੇ ਖ਼ਰਾਬ ਹੋ ਚੁੱਕੇ ਕਾਰਨੀਆ ਨੂੰ ਦਾਨੀ ਦੇ ਸਿਹਤਮੰਦ ਕਾਰਨੀਆ ਨਾਲ ਬਦਲ ਦਿੱਤਾ ਜਾਂਦਾ ਹੈ।
* ਮੌਤ ਤੋਂ ਬਾਅਦ ਕਾਰਨੀਆ/ਅੱਖ ਨੂੰ ਕਿੰਨੀ ਜਲਦੀ ਕੱਢਿਆ ਜਾਣਾ ਚਾਹੀਦਾ ਹੈ? - ਮੌਤ ਦੇ 6 ਘੰਟਿਆਂ ਦੇ ਅੰਦਰ।
* ਕੀ ਸ਼ੂਗਰ ਅਤੇ ਹਾਈਪਰਟੈਨਸ਼ਨ ਦਾ ਮਰੀਜ਼ ਅੱਖਾਂ ਦਾਨ ਕਰ ਸਕਦਾ ਹੈ? – ਹਾਂ।
* ਕੌਣ ਅੱਖਾਂ ਦਾਨ ਨਹੀਂ ਕਰ ਸਕਦਾ? - ਉਹਨਾਂ ਦਾਨੀਆਂ ਤੋਂ ਅੱਖਾਂ ਨਹੀਂ ਲਈਆਂ ਜਾਂਦੀਆਂ ਜੋ ਹੇਠ ਲਿਖੀਆਂ ਬਿਮਾਰੀਆਂ ਨਾਲ ਪੀੜਤ ਹਨ ਜਾਂ ਜਿਨ੍ਹਾਂ ਦੀ ਮੌਤ ਹੇਠ ਲਿਖੇ ਕਾਰਨਾਂ ਕਰਕੇ ਹੋਈ ਹੋਵੇ: ਏਡਜ਼ (ਐਚਆਈਵੀ)/ਹੈਪੇਟਾਈਟਸ ਬੀ ਜਾਂ ਸੀ, ਸੈਪਸਿਸ, ਲਿਊਕੇਮੀਆ, ਰੇਬੀਜ਼, ਮੈਨਿਨਜਾਈਟਿਸ, ਐਨਸੈਪਲਾਇਟਿਸ, ਟੈਟਨਸ ਅਤੇ ਹੋਰ ਵਾਇਰਲ ਬਿਮਾਰੀਆਂ।
* ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਕੀ ਕਰਨਾ ਚਾਹੀਦਾ ਹੈ? - ਮੌਤ ਤੋਂ ਤੁਰੰਤ ਬਾਅਦ ਨਜ਼ਦੀਕੀ ਆਈ ਬੈਂਕ ਜਾਂ ਆਈ ਕੁਲੈਕਸ਼ਨ ਸੈਂਟਰ ਨੂੰ ਸੂਚਿਤ ਕਰੋ।
* ਅੱਖਾਂ ਦਾਨ ਕਰਨਾ ਸਿਰਫ਼ ਮੌਤ ਤੋਂ ਬਾਅਦ ਹੀ ਸੰਭਵ ਹੈ।
* ਕਾਰਨੀਆ ਨੂੰ 6 ਘੰਟਿਆਂ ਦੇ ਅੰਦਰ ਕੱਢਣਾ ਜ਼ਰੂਰੀ ਹੁੰਦਾ ਹੈ।
* ਭਾਵੇਂ ਕਿਸੇ ਵਿਅਕਤੀ ਨੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੋਵੇ, ਫਿਰ ਵੀ ਦਾਨ ਦੀ ਪ੍ਰਕਿਰਿਆ ਲਈ ਪਰਿਵਾਰ ਦੀ ਸਹਿਮਤੀ ਲਾਜ਼ਮੀ ਹੁੰਦੀ ਹੈ।
* ਅੱਖਾਂ ਕੱਢਣ ਦੀ ਪ੍ਰਕਿਰਿਆ ਇੱਕ ਮਾਮੂਲੀ ਸਰਜਰੀ ਹੈ ਜੋ ਦਾਨੀ ਦੇ ਚਿਹਰੇ ਨੂੰ ਖ਼ਰਾਬ ਨਹੀਂ ਕਰਦੀ।
* ਅੱਖਾਂ ਦਾ ਦਾਨ ਇੱਕ ਮੁਫ਼ਤ ਸੇਵਾ ਹੈ, ਦਾਨੀ ਦੇ ਪਰਿਵਾਰ ਤੋਂ ਕੋਈ ਖ਼ਰਚਾ ਨਹੀਂ ਲਿਆ ਜਾਂਦਾ।
* ਇਹ ਯਕੀਨੀ ਬਣਾਓ ਕਿ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੀ ਅੱਖਾਂ ਦਾਨ ਕਰਨ ਦੀ ਇੱਛਾ ਤੋਂ ਚੰਗੀ ਤਰ੍ਹਾਂ ਜਾਣੂ ਹੋਣ।
* ਮੌਤ ਹੋਣ 'ਤੇ ਪਰਿਵਾਰ ਨੂੰ ਤੁਰੰਤ ਨਜ਼ਦੀਕੀ ਆਈ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ।
* ਆਈ ਬੈਂਕ ਦੀ ਟੀਮ ਮ੍ਰਿਤਕ ਦੇ ਸਥਾਨ 'ਤੇ ਜਾ ਕੇ ਅੱਖਾਂ ਕੁਲੈਕਟ ਕਰੇਗੀ।