ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਚਲਾਉਣ ਵਾਲੇ ਨੌਜਵਾਨ ਪੁਲਿਸ ਅੜਿੱਕੇ
Nov1,2026
| Reetwal | Bareta
ਬਰੇਟਾ ( ਰੀਤਵਾਲ )
ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਦੇ ਕੇ ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਕਲੀ ਨੋਟ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰੇਟਾ ਕੈਂਚੀਆਂ ਦੇ ਕਈ ਦੁਕਾਨਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਨੌਜਵਾਨ ਛੋਟੀ-ਮੋਟੀ ਖ਼ਰੀਦਦਾਰੀ ਕਰਕੇ ਪੰਜ ਸੌ ਰੁਪਏ ਦਾ ਨੋਟ ਦਿੰਦੇ ਸਨ ਅਤੇ ਬਾਕੀ ਪੈਸੇ ਵਾਪਸ ਲੈ ਕੇ ਚਲਾ ਜਾਂਦੇ ਹਨ। ਬਾਅਦ ਵਿੱਚ ਜਦੋਂ ਦੁਕਾਨਦਾਰਾਂ ਨੇ ਨੋਟਾਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਨਿਕਲੇ। ਇਸ ਤੋਂ ਬਾਅਦ ਦੁਕਾਨਦਾਰਾਂ ਵਿੱਚ ਰੋਸ ਅਤੇ ਚਿੰਤਾ ਪਾਈ ਜਾ ਰਹੀ ਸੀ।
ਸ਼ਿਕਾਇਤਾਂ ਮਿਲਣ ਮਗਰੋਂ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ। ਸੀਸੀਟੀਵੀ ਫੁਟੇਜ ਅਤੇ ਮੁਖਬਰਾਂ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਅਤੇ ਉਨਾ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਸੰਦੀਪ ਕੁਮਾਰ ਵਾਸੀ ਬਰੇਟਾ ਅਤੇ ਮਾਲੀ ਸਿੰਘ ਵਾਸੀ ਅਕਬਰਪੁਰ ਖੁਡਾਲ ਕੋਲੋਂ ਪੰਜ ਸੌ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 189 ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਨਕਲੀ ਨੋਟ ਕਿੱਥੋਂ ਆਏ, ਕੀ ਇਸ ਗਿਰੋਹ ਵਿੱਚ ਹੋਰ ਲੋਕ ਵੀ ਸ਼ਾਮਲ ਹਨ ਅਤੇ ਹੁਣ ਤੱਕ ਕਿੰਨੇ ਦੁਕਾਨਦਾਰਾਂ ਨਾਲ ਠੱਗੀ ਹੋਈ ਹੈ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋ ਸਕਦੇ ਹਨ।
ਪੁਲਿਸ ਨੇ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ਾਸਕਰ ਪੰਜ ਸੌ ਅਤੇ ਵੱਡੇ ਮੁੱਲ ਦੇ ਨੋਟ ਲੈਣ ਸਮੇਂ ਚੌਕਸ ਰਹਿਣ ਅਤੇ ਨੋਟ ਦੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਜਿਵੇਂ ਵਾਟਰਮਾਰਕ, ਸੁਰੱਖਿਆ ਧਾਗਾ ਅਤੇ ਛਪਾਈ ਦੀ ਜਾਂਚ ਜ਼ਰੂਰ ਕਰਨ। ਕਿਸੇ ਵੀ ਸ਼ੱਕੀ ਵਿਅਕਤੀ ਜਾਂ ਨਕਲੀ ਨੋਟ ਸੰਬੰਧੀ ਤੁਰੰਤ ਪੁਲਿਸ ਥਾਣੇ ਨੂੰ ਸੂਚਨਾ ਦਿੱਤੀ ਜਾਵੇ।
-fakecurrency-counterfeitnotes-baretanews-punjabpolice-crimenews